Punjabi Version

  |   Golden Temple Hukamnama

Ang: 613

ਜਿਹੜੇ ਪੁਰਸ਼ ਤੇਰੀ ਪਨਾਹ ਨੂੰ ਘੁੱਟ ਕੇ ਫੜੀ ਰੱਖਦੇ ਹਨ, ਹੇ ਸੁਆਮੀ ਮਾਲਕ! ਉਹ ਤੇਰੀ ਸ਼ਰਣਾਗਤ ਅੰਦਰ ਖੁਸ਼ ਹਨ। ਜੋ ਬੰਦੇ ਸਿਰਜਣਹਾਰ ਸੁਆਮੀ ਨੂੰ ਭੁਲਾਉਂਦੇ ਹਨ, ਉਹ ਦੁੱਖੀ ਆਦਮੀਆਂ ਵਿੱਚ ਗਿਣੇ ਜਾਂਦੇ ਹਨ। ਜੋ ਗੁਰਾਂ ਉਤੇ ਭਰੋਸਾ ਧਾਰ ਕੇ, ਸਾਈਂ ਨਾਲ ਸਨੇਹ ਲਾਉਂਦੇ ਹਨ, ਉਹ ਪਰਮ ਪ੍ਰਸੰਨਤਾ ਦੇ ਸੁਆਦ ਨੂੰ ਮਾਣਦਾ ਹੈ। ਜੋ ਸੁਆਮੀ ਨੂੰ ਵਿਸਾਰ ਕੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਉਹ ਭਿਆਨਕ ਦੋਜ਼ਕ ਅੰਦਰ ਪੈਂਦਾ ਹੈ। ਜਿਸ ਤਰ੍ਹਾਂ ਸੁਆਮੀ ਕਿਸੇ ਬੰਦੇ ਨੂੰ ਜੋੜਦਾ ਹੈ, ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਉਸ ਦੀ ਜੀਵਨ ਰਹੁ-ਰੀਤੀ ਬਣ ਜਾਂਦੀ ਹੈ। ਨਾਨਕ ਨੇ ਸਾਧੂਆਂ ਦੀ ਪਨਾਹ ਪਕੜੀ ਹੈ ਅਤੇ ਉਸ ਦਾ ਦਿਲ ਪ੍ਰਭੂ ਦੇ ਚਰਨਾਂ ਅੰਦਰ ਲੀਨ ਹੋਇਆ ਹੋਇਆ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਾਬਾ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ, ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਹੋਇਆ ਹੈ, ਏਸ ਤਰ੍ਹਾਂ ਹੀ ਬ੍ਰਹਮਬੇਤਾ (ਗਿਆਨਵਾਨ) ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ। ਇਹੋ ਕੁੱਛ ਹੀ ਪ੍ਰਭੂ ਦੇ ਗੋਲੇ ਨੂੰ ਫਬਦਾ ਹੈ। ਸਾਈਂ ਨੂੰ ਨੇੜੇ ਵੇਖ ਕੇ ਉਹ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ ਅਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਨਾਲ ਅਨੰਦ-ਪ੍ਰਸੰਨ ਹੁੰਦਾ ਹੈ। ਠਹਿਰਾਉ। ਇਕ ਨਸ਼ਈ, ਨਸ਼ੀਲੀਆਂ ਵਾਸਤੂਆਂ ਨਾਲ ਜੁੜਿਆ ਹੋਇਆ ਹੈ ਅਤੇ ਜ਼ਿਮੀਦਾਰ ਨੂੰ ਜ਼ਮੀਨ ਨਾਲ ਪ੍ਰੇਮ ਹੈ। ਦੁੱਧ ਨਾਲ ਬਾਲਕ ਜੁੜਿਆ ਹੋਇਆ ਹੈ। ਏਸੇ ਤਰ੍ਹਾਂ ਹੀ ਹੈ ਸਾਧੂ, ਪ੍ਰਭੂ ਦਾ ਆਸ਼ਕ। ਇਲਮ ਅੰਦਰ ਵਿਦਵਾਨ ਸਮਾਇਆ ਹੋਇਆ ਹੈ ਅਤੇ ਅੱਖੀਆਂ ਵੇਖ ਕੇ ਖੁਸ਼ ਹੁੰਦੀਆਂ ਹਨ। ਜਿਸ ਤਰ੍ਹਾਂ ਜੀਭ੍ਹ ਸੁਆਦਾਂ ਵਿੱਚ ਲੁਭਾਇਮਾਨ ਹੈ, ਉਸੇ ਤਰ੍ਹਾਂ ਹੀ ਰੱਬ ਦਾ ਬੰਦਾ ਰੱਬ ਦੀ ਮਹਿਮਾ ਗਾਇਨ ਕਰਨ ਵਿੱਚ ਤੀਬਰ ਰੁਚੀ ਰੱਖਦਾ ਹੈ। ਜੇਹੋ ਜੇਹੀ ਖੁਦਿਆ (ਖਾਹਿਸ਼) ਹੈ, ਉਹੋ ਜੇਹੀ ਹੀ ਉਹ ਪੂਰੀ ਕਰਨ ਵਾਲਾ ਹੈ। ਉਹ ਸਾਰਿਆਂ ਦਿਲਾਂ ਦਾ ਮਾਲਕ ਹੈ। ਨਾਨਕ ਨੂੰ ਸਾਹਿਬ ਦੇ ਦੀਦਾਰ ਦੀ ਤ੍ਰੇਹ (ਖਿੱਚ) ਹੈ, ਅਤੇ ਦਿਲਾਂ ਦੀਆਂ ਜਾਨਣਹਾਰ ਮਾਲਕ ਉਸ ਨੂੰ ਮਿਲ ਪਿਆ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਅਸੀਂ ਮਲੀਣ ਹਾਂ, ਤੂੰ ਹੇ ਸਿਰਜਣਹਾਰ ਪਵਿੱਤਰ ਹੈ! ਅਸੀਂ ਨੇਕੀ ਵਿਹੂਣ ਹਾਂ ਤੇ ਤੂੰ ਉਨ੍ਹਾਂ ਦਾ ਦਾਤਾਰ ਹੈ। ਅਸੀਂ ਬੇਸਮਝ ਹਾਂ ਅਤੇ ਤੂੰ ਅਕਲਮੰਦ ਤੇ ਦਾਨਾ ਹੈ, ਤੂੰ ਸਾਰਿਆਂ ਹੁਨਰਾਂ ਦਾ ਜਾਨਣ ਵਾਲਾ ਹੈ। ਹੇ ਮਾਇਆ ਦੇ ਪਤੀ ਪ੍ਰਭੂ! ਐਹੋ ਜੇਹੇ ਹਾਂ ਅਸੀਂ ਤੇ ਐਹੋ ਜੇਹਾ ਹੈ ਤੂੰ। ਅਸੀਂ ਅਪਰਾਧੀ ਹਾਂ ਤੇ ਤੂੰ ਅਪਰਾਧ ਨਾਸ ਕਰਨ ਵਾਲਾ, ਸੁੰਦਰ ਹੈ ਤੇਰਾ ਨਿਵਾਸ ਅਸਥਾਨ, ਹੇ ਸੁਆਮੀ। ਠਹਿਰਾਉ। ਤੂੰ ਸਮੂਹ ਨੂੰ ਰਚਦਾ ਹੈ ਅਤੇ ਰਚ ਕੇ ਉਨ੍ਹਾਂ ਨੂੰ ਵਰੋਸਾਉਂਦਾ ਹੈ। ਤੂੰ ਹੀ ਆਤਮਾ, ਦੇਹ ਅਤੇ ਜਿੰਦ-ਜਾਨ ਬਖਸ਼ਦਾ ਹੈ। ਅਸੀਂ ਗੁਣ ਵਿਹੂਣ ਹਾਂ, ਸਾਡੇ ਵਿੱਚ ਕੋਈ ਨੇਕ ਨਹੀਂ। ਸਾਨੂੰ ਨੇਕੀਆਂ ਦੀ ਦਾਤ ਬਖਸ਼, ਹੇ ਮਿਹਰਬਾਨ ਮਾਲਕ! ਤੂੰ ਸਾਡੇ ਲਈ ਚੰਗਾ ਕਰਦਾ ਹੈ, ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ। ਹਮੇਸ਼ਾ, ਹਮੇਸ਼ਾਂ ਤੂੰ ਕ੍ਰਿਪਾਲੂ ਹੈ। ਤੂੰ ਹੇ ਸਿਰਜਣਹਾਰ ਸੁਆਮੀ! ਸੁੱਖ ਆਰਾਮ ਬਖਸ਼ਣਹਾਰ ਹੈ। ਤੂੰ ਸਾਡਾ, ਆਪਣੇ ਬੱਚਿਆਂ ਦਾ ਪਾਰ ਉਤਾਰਾ ਕਰ। ਤੂੰ ਹੇ ਸਦੀਵ ਸ਼ਹਿਨਸ਼ਾਹ, ਸਾਡਾ ਖਜਾਨਾ ਹੈ। ਸਾਰੇ ਜੀਵ ਜੰਤ ਜੀਵ ਤੇਰੇ ਪਾਸੋਂ ਖੈਰ ਮੰਗਦੇ ਹਨ। ਗੁਰੂ ਜੀ ਆਖਦੇ ਹਨ, "ਇਹੋ ਜਿਹੀ ਉਪਰੋਕਤ ਦੱਸੀ ਹੋਈ ਸਾਡੀ ਦਸ਼ਾ ਹੈ, ਹੇ ਵਾਹਿਗੁਰੂ ਆਪਣੀ ਅਪਾਰ ਕ੍ਰਿਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ"। ਸੋਰਠਿ ਪੰਜਵੀਂ ਪਾਤਿਸ਼ਾਹੀ। ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ। ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ। ਹੇ ਸੁਆਮੀ! ਤੂੰ ਮੇਰੇ ਸੀਮ ਉਪਰਲਾ ਮਾਲਕ ਹੈ। ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ। (ਪ੍ਰਭੂ ਦੀਆਂ) ਬਣਾਈਆਂ ਹੋਈਆਂ ਚੀਜ਼ਾਂ ਨੂੰ ਤਾਂ ਬੰਦਾ ਪਹਾੜ ਮਾਨੰਦ ਜਾਣਦਾ ਹੈ ਅਤੇ ਬਣਾਉਣ ਵਾਲੇ ਨੂੰ ਘਾਹ ਦੀ ਤਿੜ ਦੇ ਤੁੱਲ। ਤੂੰ ਦਾਤਾਰ ਮਾਲਕ ਹੈ ਤੇ ਸਾਰੇ ਤੇਰੇ ਬੂਹੇ ਦੇ ਮੰਗਤੇ ਨਹੀਂ। ਤੂੰ ਆਪਣੇ ਭਾਣੇ ਅੰਦਰ ਬਖਸ਼ੀਸ਼ਾਂ ਬਖਸ਼ਦਾ ਹੈ। ਇਕ ਮੁਹਤ ਵਿੱਚ ਤੂੰ ਕੁਝ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਕੁਝ ਹੋਰ ਹੀ ਅਸਚਰਜ ਹਨ ਤੇਰੇ ਕੌਤਕ, (ਹੇ ਕਰਤਾਰ)। ਸੁੰਦਰ, ਗੈਬੀ, ਡੂੰਘਾ, ਥਾਹ-ਰਹਿਤ, ਬੁਲੰਦ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਤੂੰ, ਹੇ ਸਾਹਿਬ!