Punjabi Version

  |   Golden Temple Hukamnama

Ang: 630

ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ! ਤੂੰ ਆਪਣੇ ਸੰਤਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਅਦਭੁੱਤ ਹੈ ਤੇਰੀ ਮਹਿਮਾ। ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਵਿਆਪਕ ਵਾਹਿਗੁਰੂ ਮੇਰੇ ਅੰਗ ਸੰਗ ਹੈ। ਸੋ ਮੌਤ ਦਾ ਫਰੇਸ਼ਤਾ ਮੇਰੇ ਲਾਗੇ ਨਹੀਂ ਲੱਗਦਾ। ਆਪਣੀ ਛਾਤੀ ਨਾਲ ਲਾ ਕੇ ਸੁਆਮੀ ਮੇਰੀ ਰੱਖਿਆ ਕਰਦਾ ਹੈ। ਸੱਚੀ ਹੈ ਸਿੱਖਿਆ ਸੱਚੇ ਗੁਰਾਂ ਦੀ। ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ। ਉਸ ਨੇ ਮੇਰੇ ਸਾਰੇ ਵੈਰੀ ਕੁੱਟ ਕੇ ਪਰੇ ਹਟਾ ਦਿੱਤੇ ਹਨ ਅਤੇ ਮੈਨੂੰ ਆਪਣੇ ਗੋਲੇ ਨੂੰ, ਸ੍ਰੇਸ਼ਟ ਸਮਝ ਦਿੱਤੀ ਹੈ। ਠਹਿਰਾਉ। ਸਾਹਿਬ ਨੇ ਸਾਰੀਆਂ ਥਾਵਾਂ ਅਬਾਦ ਕਰ ਦਿੱਤੀਆਂ ਹਨ। ਰਾਜ਼ੀ ਬਾਜ਼ੀ, ਮੈਂ ਮੁੜ ਕੇ ਘਰ ਆ ਗਿਆ ਹਾਂ। ਨਾਨਕ ਨੇ ਸੁਆਮੀ ਦੀ ਸ਼ਰਣ ਲਈ ਹੈ, ਜਿਸ ਨੇ ਉਸ ਦੀਆਂ ਸਾਰੀਆਂ ਜ਼ਹਿਮਤਾਂ (ਕਸ਼ਟ) ਦੂਰ ਕਰ ਦਿੱਤੀਆਂ ਹਨ। ਸੋਰਠਿ ਪੰਜਵੀਂ ਪਾਤਿਸ਼ਾਹੀ। ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ! ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ। ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ। ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ। ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ! ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ। ਸੋਰਠਿ ਪੰਜਵੀਂ ਪਾਤਿਸ਼ਾਹੀ। ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ, ਹੇਤੂਆਂ ਦਾ ਹੇਤੂ ਹੈ। ਉਹ ਆਪਣੇ ਗੋਲੇ ਦੀ ਲੱਜਿਆ ਰੱਖਦਾ ਹੈ। ਤਦ ਸੰਸਾਰ ਅੰਦਰ ਉਸ ਦੀ ਵਾਹ! ਵਾਹ! ਹੁੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਹੇ ਸ੍ਰਿਸ਼ਟੀ ਦੇ ਸੁਆਮੀ! ਮਾਣਨੀਯ ਮਾਲਕ! ਕੇਵਲ ਤੂੰ ਹੀ ਮੇਰਾ ਆਸਰਾ ਹੈ। ਤੂੰ ਹੇ ਸਰਬ-ਸ਼ਕਤੀਵਾਨ ਸੁਆਮੀ! ਪਨਾਹ ਦੇਣ ਵਾਲਾ ਹੈ। ਦਿਨ ਦੇ ਅੱਠੇ ਪਹਿਰ ਹੀ, ਮੈਂ ਤੈਂਡਾ ਸਿਮਰਨ ਕਰਦਾ ਹਾਂ। ਠਹਿਰਾਉ। ਜਿਹੜਾ ਪੁਰਸ਼ ਤੈਂਡਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਨਹੀਂ ਵਿਆਪਦਾ। ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਸ ਦਾ ਡਰ ਦੂਰ ਹੋ ਜਾਂਦਾ ਹੈ ਤੇ ਆਪਣੇ ਚਿੱਤ ਵਿੱਚ ਉਹ ਸੁਆਮੀ ਦਾ ਜੱਸ ਗਾਉਂਦਾ ਹੈ। ਉਹ ਆਤਮਕ ਅਨੰਦ ਤੇ ਬਹੁਤੀਆਂ ਖੁਸ਼ੀਆਂ ਅੰਦਰ ਵੱਸਦਾ ਹੈ। ਉਸ ਨੂੰ ਸੱਚੇ ਗੁਰਾਂ ਨੇ ਧੀਰਜ ਤਸੱਲੀ ਦਿੱਤੀ ਹੈ। ਫਤਿਹ ਹਾਸਲ ਕਰ ਕੇ, ਉਹ ਇੱਜ਼ਤ ਨਾਲ ਆਪਣੇ ਘਰ ਨੂੰ ਮੁੜਦਾ ਹੈ ਅਤੇ ਉਸ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਪੂਰਨ ਹੈ ਗੁਰੂ, ਜਿਸ ਦਾ ਉਪਦੇਸ਼ ਭੀ ਪੂਰਨ ਹੈ। ਐਨ-ਮੁਕੰਮਲ ਹਨ ਸੁਆਮੀ ਦੇ ਕਰਤਬ। ਗੁਰਾਂ ਦੇ ਪੈਰੀ ਪੈ ਕੇ, ਨਾਨਕ ਨੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕੀਤਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਮਸਕੀਨਾਂ ਦੇ ਦੁੱਖੜੇ ਦੂਰ ਕਰਨਹਾਰ ਵਾਹਿਗੁਰੂ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਸਾਰੀਆਂ ਕਾਢਾਂ ਕੱਢ ਲਈਆਂ ਹਨ। ਇਕ ਮੁਹਤ ਵਿੱਚ ਸਾਈਂ ਨੇ ਆਪਣੇ ਸੇਵਕ ਨੂੰ ਬਚਾ ਲਿਆ ਹੈ ਤੇ ਪੂਰਨ ਗੁਰੂ ਨੇ ਉਸ ਦੀਆਂ ਜੰਜੀਰਾਂ ਵੱਢ ਸੁੱਟੀਆਂ ਹਨ। ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਆਪਣੇ ਗੁਰੂ ਪ੍ਰਮੇਸ਼ਰ ਨੂੰ ਯਾਦ ਕਰ। ਸਾਰੇ ਦੁੱਖੜੇ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ ਅਤੇ ਤੂੰ ਆਪਣੇ ਚਿੱਤ-ਚਾਹੁੰਦੇ ਫਲ ਪ੍ਰਾਪਤ ਕਰ ਲਵੇਂਗਾ। ਠਹਿਰਾਉ। ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਉਹ ਸਾਹਿਬ ਜਿਸ ਨੇ ਸਾਰੇ ਪ੍ਰਾਣਧਾਰੀ ਰਚੇ ਹਨ। ਸਤਿ ਸੰਗਤ ਅੰਦਰ ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ। ਸੋਰਠਿ ਪੰਜਵੀਂ ਪਾਤਿਸ਼ਾਹੀ। ਮੈਂ ਆਪਣੇ ਸੁਆਮੀ ਦਾ ਭਜਨ ਕਰਦਾ ਹਾਂ, ਅਤੇ ਦਿਨੇ ਰਾਤ ਮੈਂ ਹਮੇਸ਼ਾਂ ਉਸ ਨੂੰ ਯਾਦ ਕਰਦਾ ਹਾਂ। ਜਿਸ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਮੈਂ ਸੁਆਮੀ ਦੇ ਨਾਮ ਦਾ ਪਰਮ ਅੰਮ੍ਰਿਤ ਪਾਨ ਕੀਤਾ ਹੈ।