Punjabi Version

  |   Golden Temple Hukamnama

Ang: 372

ਪਰਾਏ ਵਤਨਾਂ ਅੰਦਰ ਭਟਕ ਕੇ, ਮੈਂ ਇਥੇ ਸੌਦੇ ਸੂਤ ਲਈ ਆਇਆ ਹਾਂ। ਮੈਂ ਸੁਣਿਆ ਹੈ ਕਿ ਤੁਹਾਡੇ ਕੋਲ, ਹੇ ਗੁਰੂ ਜੀ! ਇਕ ਲਾਸਾਨੀ ਤੇ ਲਾਭਦਾਇਕ ਵੱਖਰ ਹੈ। ਨੇਕੀਆਂ ਦੀ ਪੂੰਜੀ ਆਪਣੇ ਲੜ ਬਣ ਕੇ ਮੈਂ ਆਪਣੇ ਨਾਲ ਲਿਆਇਆ ਹਾਂ। ਨਾਮ ਦੇ ਹੀਰੇ ਨੂੰ ਵੇਖ ਕੇ ਮੇਰਾ ਇਹ ਚਿੱਤ ਫਰੇਫਤਾ ਹੋ ਗਿਆ ਹੈ। ਹੇ ਸ਼ਾਹੂਕਾਰ! ਵਣਜਾਰਾ ਤੇਰੇ ਬੂਹੇ ਤੇ ਆਇਆ ਹੈ। ਮਾਲ ਵਿਖਾਲੋ, ਤਾਂ ਜੋ ਸੌਦਾ ਕਰਾਇਆ ਜਾਵੇ। ਠਹਿਰਾਉ। ਪਾਤਸ਼ਾਹ ਪਰਮੇਸ਼ਵਰ ਨੇ ਮੈਨੂੰ ਗੁਰੂ-ਸ਼ਾਹੂਕਾਰ ਕੋਲ ਘੱਲਿਆ ਹੈ। ਅਮੋਲਕ ਹੈ ਨਾਮ ਦਾ ਜਵੇਹਰ ਅਤੇ ਅਮੋਲਕ ਹੈ ਗੁਣਾਂ ਦੀ ਰਾਸਪੂੰਜੀ। ਆਪਣੇ ਸੁਸ਼ੀਲ ਵੀਰ, ਮਿੱਤਰ ਅਤੇ ਵਚੋਲੇ ਗੁਰਾਂ ਦੇ ਰਾਹੀਂ, ਮੈਨੂੰ ਵਖਰ ਮਿਲ ਗਿਆ ਹੈ ਅਤੇ ਮੇਰਾ ਮਨ ਅਸਥਿਰ ਹੋ ਗਿਆ ਹੈ। ਮੈਨੂੰ ਕੋਈ ਡਰ ਚੋਰਾਂ ਦਾ ਹਵਾ ਦਾ ਜਾਂ ਪਾਣੀ ਦਾ ਨਹੀਂ। ਸਹਿਜੇ ਹੀ ਮੈਂ ਨਾਮ ਦਾ ਸੌਦਾ ਖਰੀਦ ਕੀਤਾ ਹੈ ਅਤੇ ਚੁਪ ਚੁਪੀਤੇ ਹੀ ਮੈਂ ਇਹ ਸੌਦਾ ਸੂਤ ਲਈ ਜਾਂਦਾ ਹਾਂ। ਸੱਚਾ ਨਾਮ ਮੈਂ ਕਮਾਇਆ ਹੈ ਅਤੇ ਇਸ ਲਈ ਦੁੱਖ ਨਹੀਂ ਪਾਵਾਂਗਾ। ਐਨ ਠੀਕ ਤੇ ਦਰੁਸਤ ਤੌਰ ਤੇ ਮੈਂ ਆਪਣਾ ਸੌਦਾ ਸੂਤ ਘਰ ਲੈ ਆਂਦਾ ਹੈ। ਮੈਂ ਨਾਮ-ਨਫਾ ਖੱਟਿਆ ਹੈ ਅਤੇ ਖੁਸ਼ ਹਾਂ। ਮੁਬਾਰਕ ਹੈ ਪੂਰਨ ਦਾਨੀ, ਗੁਰੂ ਸ਼ਾਹੁਕਾਰ ਹੈ। ਕੋਈ ਟਾਵਾਂ ਟੱਲਾ ਹੀ ਗੁਰੂ ਦੇ ਰਾਹੀਂ, ਇਸ ਵੱਖਰ ਨੂੰ ਹਾਸਲ ਕਰਦਾ ਹੈ। ਨਫੇ ਵੰਦਾ ਸੌਦਾ ਸੂਤ ਨਾਨਕ ਘਰ ਲੈ ਆਇਆ ਹੈ। ਆਸਾ ਪੰਜਵੀਂ ਪਾਤਸ਼ਾਹੀ। ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ। ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ। ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ। ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ। ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ। ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ। ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ। ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ। ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ। ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ। ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ। ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ। ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ, ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ! ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ। ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ। ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ, ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ। ਆਸਾ ਪੰਜਵੀਂ ਪਾਤਸ਼ਾਹੀ। ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ। ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ। ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ, ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ। ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ, ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ। ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ। ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ। ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ। ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ। ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ। ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ। ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ। ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ। ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ। ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ, ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ। ਆਸਾ ਪੰਜਵੀਂ ਪਾਤਸ਼ਾਹੀ। ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਤਕਲੀਫਾਂ ਤੇ ਬੀਮਾਰੀਆਂ ਮੇਰੀ ਦੇਹਿ ਤੋਂ ਦੂਰ ਹੋ ਗਈਆਂ ਹਨ।