Punjabi Version

  |   Golden Temple Hukamnama

Ang: 668

ਧਨਾਸਰੀ ਚੌਥੀ ਪਾਤਸ਼ਾਹੀ। ਵਾਹਿਗੁਰੂ, ਵਾਹਿਗੁਰੂ, ਸੁਆਮੀ ਵਾਹਿਗੁਰੂ ਮੀਂਹ ਦੀ ਇਕ ਕਣੀ ਹੈ ਅਤੇ ਮੈਂ ਪਪੀਹਾ ਉਸ ਲਈ ਵਿਲਕ ਤੇ ਵਿਰਲਾਪ ਕਰ ਰਿਹਾ ਹਾਂ। ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪਣੀ ਮਿਹਰ ਧਾਰ, ਤੇ ਇਕ ਮੁਹਤ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਕਣੀ ਪਾ। ਹਰੀ ਦੇ ਬਗੈਰ ਮੈਂ ਇੱਕ ਛਿਨ ਭਰ ਭੀ ਰਹਿ ਨਹੀਂ ਸਕਦਾ। ਜਿਸ ਤਰ੍ਹਾਂ ਅਫੀਮ ਖਾਣ ਦਾ ਆਦੀ, ਅਫੀਮ ਦੇ ਬਗੈਰ ਮਰ ਜਾਂਦਾ ਹੈ, ਓਸੇ ਤਰ੍ਹਾਂ ਹੀ ਮੈਂ ਪ੍ਰਭੂ ਦੇ ਬਾਝੋਂ ਮਰ ਮੁਕ ਜਾਂਦਾ ਹਾਂ। ਠਹਿਰਾਓ। ਤੂੰ ਹੇ ਵਾਹਿਗੁਰੂ! ਅਤਿਅੰਤ ਡੂੰਘਾ ਸਮੁੰਦਰ ਹੈਂ। ਮੈਂ ਤੇਰੇ ਓੜਕ ਨੂੰ ਇੱਕ ਭੋਰਾ ਭੀ ਨਹੀਂ ਲੱਭ ਸਕਦਾ। ਤੂੰ ਹੇ ਠਾਕਰ ਪਰੇਡੇ ਤੋਂ ਪਰਮ ਪਰੇਡੇ ਅਤੇ ਉਤੱਮਾਂ ਚੋਂ ਪਰਮ ਉਤੱਮ ਹੈਂ। ਆਪਣਾ ਵਿਸਥਾਰ ਤੇ ਅਵਸਥਾ, ਕੇਵਲ ਤੂੰ ਹੀ ਜਾਣਦਾ ਹੈਂ। ਵਾਹਿਗੁਰੂ ਦੇ ਸਾਧੂ ਅਤੇ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ। ਪਰਮ ਪ੍ਰਭਤਾ ਹੋ ਜਾਂਦੀ ਹੈ ਸੁਆਮੀ ਵਾਹਿਗੁਰੂ ਦੇ ਅਨੁਰਾਗੀ ਦੀ। ਮਾਲਕ ਦਾ ਚਿੰਤਨ ਕਰਨ ਦੁਆਰਾ ਉਹ ਸ੍ਰੇਸ਼ਟ ਇਜ਼ਤ ਆਬਰੂ ਨੂੰ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਆਪ ਮਾਲਕ ਹੈ ਅਤੇ ਆਪ ਹੀ ਦਾਸ ਉਹ ਆਪੇ ਹੀ ਆਪਣੀ ਸੇਵਾ ਦਾ ਵਾਯੂ ਮੰਡਲ ਰਚ ਦਿੰਦਾ ਹੈ। ਦਾਸ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਪ੍ਰਭੂ! ਹੁਣ ਤੂੰ ਆਪਣੇ ਸੇਵਕ ਦੀ ਇਜ਼ਤ ਆਬਰੂ ਨੂੰ ਬਰਕਰਾਰ ਰੱਖ। ਧਨਾਸਰੀ ਚੌਥੀ ਪਾਤਸ਼ਾਹੀ। ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ? ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਤਰਨ ਵਾਲਾ ਬੰਦਾ, ਸਮੁੰਦਰ ਤੋਂ ਤਰ ਜਾਂਦਾ ਹੈ। ਹੇ ਮਹਾਰਾਜ ਵਾਹਿਗੁਰੂ! ਤੂੰ ਵਾਹਿਗੁਰੂ ਦੇ ਗੋਲੇ ਦੀ ਇਜ਼ਤ ਰੱਖ। ਮੇਰੇ ਸੁਆਮੀ ਮਾਲਕ! ਮੇਰੇ ਪਾਸੋਂ ਆਪਣੇ ਨਾਮ ਦਾ ਜਾਪ ਕਰਵਾ। ਮੈਂ ਇੱਕ ਤੇਰੀ ਪ੍ਰੇਮਮਈ ਸੇਵਾ ਹੀ ਮੰਗਦਾ ਹਾਂ। ਠਹਿਰਾਓ। ਵਾਹਿਗੁਰੂ ਦੇ ਗੋਲੇ, ਜੋ ਰੱਬੀ ਬਾਣੀ ਦਾ ਉਚਾਰਨ ਕਰਦੇ ਹਨ, ਉਹ ਵਾਹਿਗੁਰੂ ਦੇ ਲਾਡਲੇ ਹਨ। ਲਿਖਤ, ਜਿਹੜੀ ਲਿਖਣ ਵਾਲੇ ਫਰਿਸ਼ਤਿਆਂ ਨੇ ਲਿਖੀ ਹੈ, ਉਹ ਮਿੱਟ ਜਾਂਦੀ ਹੈ ਅਤੇ ਹਿਸਾਬ ਦਾ ਬਕਾਇਆ ਜੋ ਮੌਤ ਦੇ ਦੂਤਾਂ ਕੋਲ ਹੈ, ਸਾਰਾ ਚੁਕਤਾ ਹੋ ਜਾਂਦਾ ਹੈ। ਨੇਕ ਪੁਰਸ਼ਾਂ ਦੀ ਸਭਾ ਅੰਦਰ ਜੁੜ ਕੇ ਰੱਬ ਦੇ ਭਗਤ ਆਪਣੇ ਚਿੱਤ ਵਿੱਚ ਸੁਆਮੀ ਮਾਲਕ ਨੂੰ ਸਿਮਰਦੇ ਹਨ। ਖਾਹਿਸ਼ਾਂ ਦੀ ਅੱਗ ਦਾ ਚੁਭਣ ਵਾਲਾ ਸੂਰਜ ਛੁਪ ਗਿਆ ਹੈ ਤੇ ਠੰਢ ਤੇ ਰੌਸ਼ਨ ਚੜ੍ਹ ਪਿਆ ਹੈ। ਤੂੰ ਵਿਸ਼ਾਲ ਪ੍ਰਭੂ, ਬਹੁਤ ਅਪਹੁੰਚ ਅਤੇ ਅਗਾਧ ਹੈਂ। ਤੂੰ ਖੁਦ ਹੀ ਆਪਣੇ ਆਪ ਤੋਂ ਸੰਸਾਰ ਰਚਿਆ ਹੈ। ਹੇ ਸੁਆਮੀ! ਦਾਸ ਨਾਨਕ ਤੇ ਤਰਸ ਕਰ ਅਤੇ ਉਸ ਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲੈ। ਧਨਾਸਰੀ ਚੌਥੀ ਪਾਤਿਸ਼ਾਹੀ, ਦੁਪਦੇ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ। ਹੰਕਾਰ ਦੇ ਵੈਰੀ, ਰਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਕੇ, ਤੂੰ ਉਸ ਦਾ ਆਰਾਧਨ ਤੇ ਸਿਮਰਨ ਕਰ ਅਤੇ ਆਤਮਾ ਨੂੰ ਮੋਹਤ ਕਰਨ ਵਾਲੇ ਸੁਆਮੀ ਦੇ ਨਾਮ ਨੂੰ ਉਚਾਰ। ਪ੍ਰਭੂ ਅਡਿੱਠ, ਅਗਾਧ ਅਤੇ ਅਪਹੁੰਚ ਹੈ। ਪੂਰਨ ਗੁਰਾਂ ਦੁਆਰਾ ਉਹ ਪ੍ਰਕਾਸ਼ਵਾਨ ਹੋ ਜਾਂਦਾ ਹੈ। ਵਿਆਪਕ ਵਾਹਿਗੁਰੂ ਪਾਰਸ ਅਤੇ ਚੰਨਣ ਹੈ ਜਦ ਕਿ ਮੈਂ ਸੁੱਕੀ ਲੱਕੜ ਅਤੇ ਲੋਹਾ ਹਾਂ। ਵਾਹਿਗੁਰੂ ਅਤੇ ਵਾਹਿਗੁਰੂ ਦੀ ਸੰਗਤ ਨਾਲ ਜੁੜ ਜਾਣ ਉਤੇ ਵਾਹਿਗੁਰੂ ਨੇ ਮੈਨੂੰ ਸੋਨਾ ਅਤੇ ਚੰਨਣ ਬਣਾ ਦਿੱਤਾ ਹੈ। ਠਹਿਰਾਓ। ਭਾਵੇਂ ਇਨਸਾਨ ਨੌਂ ਵਿਆਕਰਨਾਂ, ਛੇ ਸ਼ਾਸਤਰਾਂ ਅਤੇ ਵੇਦਾਂ ਦੇ ਛਿਆਂ ਕਾਂਡਾਂ ਨੂੰ, ਮੂੰਹ ਜ਼ਬਾਨੀ ਪਿਆ ਉਚਾਰੇ, ਪ੍ਰੰਤੂ ਮੇਰਾ ਵਾਹਿਗੁਰੂ ਸੁਆਮੀ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ। ਗੋਲਾ ਨਾਨਕ ਆਖਦਾ ਹੈ, ਤੂੰ ਆਪਣੇ ਮਨ ਅੰਦਰ ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ। ਇਸ ਤਰ੍ਹਾਂ ਮੈਡਾਂ ਵਾਹਿਗੁਰੂ ਸੁਆਮੀ ਪ੍ਰਸੰਨ ਹੁੰਦਾ ਹੈ। ਧਨਾਸਰੀ ਚੌਥੀ ਪਾਤਿਸ਼ਾਹੀ।