Punjabi Version

  |   Golden Temple Hukamnama

Ang: 554

ਪੰਜਵੀਂ ਪਾਤਸ਼ਾਹੀ। ਆਪਣੇ ਹਿਰਦੇ ਅੰਦਰ ਸਾਹਿਬ ਦੇ ਕੰਵਲ ਚਰਨ ਅਸਥਾਪਨ ਕਰ ਅਤੇ ਆਪਣੀ ਜੀਭਾ ਨਾਲ ਸਾਹਿਬ ਦਾ ਨਾਮ ਉਚਾਰਨ ਕਰ। ਹੇ ਨਾਨਕ ਉਸ ਸਾਹਿਬ ਦੇ ਆਰਾਧਨ ਦੁਆਰਾ ਆਪਣੇ ਇਸ ਸਰੀਰ ਦੀ ਪਾਲਨਾ ਪੋਸਨਾ ਕਰ। ਪਉੜੀ। ਸਿਰਜਣਹਾਰ ਆਪ ਹੀ ਅਠਾਹਟ ਧਰਮ ਅਸਥਾਨ ਹੈ ਅਤੇ ਆਪੇ ਹੀ ਉਨ੍ਹਾਂ ਅੰਦਰ ਮੱਜਨ ਕਰਦਾ ਹੈ। ਆਪ ਸੁਆਮੀ ਸਵੈ-ਪ੍ਰਹੇਜ਼ ਕਮਾਉਂਦਾ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ। ਡਰ ਨਾਸ ਕਰਨ ਵਾਲਾ ਖੁਦ ਮਿਹਰਬਾਨ ਹੁੰਦਾ ਹੈ ਅਤੇ ਖੁਦ ਹੀ ਸਾਰਿਆਂ ਨੂੰ ਖੈਰ ਪਾਉਂਦਾ ਹੈ। ਜਿਸ ਨੂੰ ਉਹ ਗੁਰਾਂ ਦੇ ਰਾਹੀਂ, ਆਪ ਸੋਝੀ ਪਾਉਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਹਮੇਸ਼ਾਂ ਇੱਜ਼ਤ ਪਾਉਂਦਾ ਹੈ। ਜਿਸ ਦੀ ਇੱਜ਼ਤ ਆਬਰੂ ਵਾਹਿਗੁਰੂ ਮਾਲਕ ਰੱਖਦਾ ਹੈ, ਉਹ ਸੱਚੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦਾ ਹੈ। ਸਲੋਕ ਤੀਜੀ ਪਾਤਸ਼ਾਹੀ। ਨਾਨਕ ਸੱਚੇ ਗੁਰਾਂ ਨੂੰ ਮਿਲਣ ਬਾਝੋਂ ਸੰਸਾਰ ਅੰਨ੍ਹਾਂ ਹੈ ਅਤੇ ਅੰਨ੍ਹੇ ਅਮਲ ਕਮਾਉਂਦਾ ਹੈ। ਇਹ ਆਪਣੀ ਬਿਰਤੀ ਗੁਰਬਾਣੀ ਨਾਲ ਨਹੀਂ ਜੋੜਦਾ, ਜਿਸ ਦੁਆਰਾ ਅਨੰਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ। ਹਮੇਸ਼ਾਂ ਹੀ ਕ੍ਰੋਧ ਨਾਲ ਜੁੜੀ ਹੋਈ ਦੁਨੀਆਂ ਭਟਕਦੀ ਫਿਰਦੀ ਹੈ। ਉਸ ਅੰਦਰ ਸੜਦੀ ਹੋਈ ਇਹ ਆਪਣਾ ਦਿਨ ਰੈਣ ਬਿਤਾਉਂਦੀ ਹੈ। ਜਿਹੜਾ ਕੁੱਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਉਸ ਵਿੱਚ ਕਿਸੇ ਦਾ ਕੋਈ ਲਾਗਾ ਦੇਗਾ (ਦਖਲ) ਨਹੀਂ। ਤੀਜੀ ਪਾਤਸ਼ਾਹੀ। ਸੱਚੇ ਗੁਰਾਂ ਨੇ ਮੈਨੂੰ ਇਹ ਕੰਮ ਕਰਨ ਦਾ ਹੁਕਮ ਕੀਤਾ ਹੈ। ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ। ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਤੂੰ ਇਸ ਸਹਿਤ-ਬਖਸ਼ ਵਸਤੂ ਦਾ ਪ੍ਰਯੋਗ ਕਰ। ਸੱਚੇ ਗੁਰਾਂ ਦੀ ਰਜ਼ਾ ਨੂੰ ਤੂੰ ਆਪਣੇ ਮਨ ਵਿੱਚ ਟਿਕਾ ਅਤੇ ਸੱਚੇ ਪ੍ਰਭੂ ਦੇ ਪਿਆਰ ਨੂੰ ਆਪਣਾ ਸਵੈ-ਪ੍ਰਹੇਜ਼ ਬਣਾ। ਨਾਨਕ, ਏਥੇ ਸੱਚਾ ਗੁਰੂ ਤੈਨੂੰ ਸੁਖ ਆਰਾਮ ਵਿੱਚ ਰੱਖੇਗਾ ਅਤੇ ਏਦੂੰ ਮਗਰੋਂ ਤੂੰ ਵਾਹਿਗੁਰੂ ਨਾਲ ਮੌਜ ਬਹਾਰਾਂ ਕਰੇਗਾਂ। ਪਉੜੀ। ਪ੍ਰਮਾਤਮਾ ਆਪ ਹੀ ਅਠਾਰਾਂ ਬੋਝ ਨਬਾਤਾਤ (ਬਨਸਪਤੀ) ਦੇ ਹੈ ਅਤੇ ਆਪ ਹੀ ਇਸ ਨੂੰ ਫਲ ਲਾਉਂਦਾ ਹੈ। ਉਹ ਆਪ ਬਾਗਵਾਨ ਹੈ ਆਪੇ ਹੀ ਸਾਰਿਆਂ ਪੌਦਿਆਂ ਨੂੰ ਸਿੰਜਦਾ ਹੈ ਅਤੇ ਉਹ ਆਪ ਹੀ ਉਨ੍ਹਾਂ ਦੇ ਫਲ ਨੂੰ ਮੂੰਹ ਵਿੱਚ ਪਾਉਂਦਾ ਹੈ। ਆਪ ਉਹ ਬਣਾਉਣ ਵਾਲਾ ਹੈ ਅਤੇ ਆਪ ਹੀ ਆਨੰਦ ਲੈਣ ਵਾਲਾ। ਉਹ ਆਪ ਹੀ ਦਿੰਦਾ ਤੇ ਹੋਰਨਾਂ ਤੋਂ ਦਿਵਾਉਂਦਾ ਹੈ। ਉਹ ਆਪ ਸੁਆਮੀ ਹੈ, ਆਪ ਹੀ ਰਖਵਾਲਾ ਅਤੇ ਆਪ ਹੀ ਆਪਣੀ ਰਚਨਾ ਅੰਦਰ ਲੀਨ ਹੋ ਰਿਹਾ ਹੈ। ਦਾਸ ਨਾਨਕ ਵਾਹਿਗੁਰੂ ਸਿਰਜਣਹਾਰ ਦਾ ਜੱਸ ਵਰਨਣ ਕਰਦਾ ਹੈ ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ। ਸਲੋਕ ਤੀਜੀ ਪਾਤਸ਼ਾਹੀ। ਇਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ, ਹੋਰ ਜਣਾ ਆ ਕੇ ਉਸ ਵਿਚੋਂ ਪਿਆਲਾ ਭਰ ਲੈਂਦਾ ਹੈ। ਜਿਸ ਨੂੰ ਪੀਣ ਦੁਆਰਾ, ਅਕਲ ਮਾਰੀ ਜਾਂਦੀ ਹੈ, ਝੱਲਪੁਣਾ ਦਿਮਾਗ ਵਿੱਚ ਆ ਵੜਦਾ ਹੈ, ਆਦਮੀ ਆਪਣੇ ਤੇ ਓਪਰੇ ਦੀ ਸਿੰਞਾਣ ਨਹੀਂ ਕਰਦਾ ਅਤੇ ਆਪਣੇ ਮਾਲਕ ਪਾਸੋਂ ਧੌਲ-ਧੱਪਾ ਖਾਂਦਾ ਹੈ। ਜਿਸ ਨੂੰ ਪੀਣ ਦੁਆਰਾ ਸੁਆਮੀ ਭੁਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ। ਜਿਥੇ ਤਾਂਈ ਤੇਰਾ ਵੱਸ ਚੱਲਦਾ ਹੈ, ਤੂੰ ਕੂੜੀ ਸ਼ਰਾਬ ਨੂੰ ਕਦਾਚਿਤ ਪਾਨ ਨਾਂ ਕਰ। ਨਾਨਕ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਵਾਹਿਗੁਰੂ ਦੀ ਦਇਆ ਦੁਆਰਾ ਸੱਚੀ ਸ਼ਰਾਬ ਪਾ ਲੈਂਦਾ ਹੈ। ਉਹ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਵੱਸੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਟਿਕਾਣਾ ਪਾ ਲਵੇਗਾ। ਤੀਜੀ ਪਾਤਸ਼ਾਹੀ। ਜਦ, ਇਹ ਆਦਮੀ ਨੂੰ ਸੱਚੀ ਦਰਗਾਹ ਮਿਲ ਜਾਂਦੀ ਹੈ ਤਾਂ ਇਹ ਜੀਉਂਦੇ ਜੀ ਮਰਿਆ ਰਹਿੰਦਾ ਹੈ। ਜਦ ਉਹ ਉਸ ਨੂੰ ਸੁਆਲ ਦਿੰਦਾ ਹੈ ਤਦ ਉਹ ਸੁੱਤਾ ਰਹਿੰਦਾ ਹੈ। ਜਦ ਸੁਆਮੀ ਉਸ ਜਗਾ ਦਿੰਦਾ ਹੈ, ਤਦ ਉਸ ਨੂੰ (ਆਪਣੇ ਅਸਲੇ ਤੋਂ ਜੀਵਨ-ਮੰਤਵ ਦੀ) ਹੋਸ਼ ਆ ਜਾਂਦੀ ਹੈ। ਨਾਨਕ ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਉਹ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ। ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਜੀਉਂਦੇ ਜੀ ਮਾਰਿਆ ਰਹੇ, ਤਦ ਉਹ ਮੁੜ ਕੇ ਨਹੀਂ ਮਰਦਾ। ਪਉੜੀ। ਜਿਸ ਦੇ ਕੀਤਿਆਂ ਸਾਰਾ ਕੁੱਝ ਹੁੰਦਾ ਹੈ, ਉਸ ਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਮੇਰੇ ਪੂਜਯ ਪ੍ਰਭੂ! ਜਿਹੜਾ ਕੁੱਛ ਤੂੰ ਦਿੰਦਾ ਹੈਂ, ਸਾਰੇ ਉਹੀ ਖਾਂਦੇ ਹਨ। ਸਾਰੇ ਹੀ ਤੇਰੀ ਤਾਬੇਦਾਰੀ ਕਰਦੇ ਹਨ।