Punjabi Version

  |   Golden Temple Hukamnama

Ang: 609

ਪਰਮ ਚੰਗੇ ਨਸੀਬਾਂ ਰਾਹੀਂ ਮੈਂਨੂੰ ਗੁਰੂ ਜੀ ਪ੍ਰਾਪਤ ਹੋਏ ਹਨ, ਹੇ ਵੀਰ! ਅਤੇ ਹੁਣ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਸੱਚ ਹਮੇਸ਼ਾਂ ਹੀ ਪਵਿੱਤਰ ਹੈ, ਹੇ ਵੀਰ, ਅਤੇ ਕੇਵਲ ਉਹ ਹੀ ਪਵਿੱਤ੍ਰ ਹਨ ਜੋ ਸੱਚੇ ਹਨ। ਜਿਸ ਉਤੇ ਪ੍ਰਭੂ ਦੀ ਮਿਹਰ ਹੈ, ਉਸ ਨੂੰ ਹੀ ਪ੍ਰਭੂ ਪ੍ਰਾਪਤ ਹੁੰਦਾ ਹੈ। ਹੇ ਭਾਈ! ਕ੍ਰੋੜਾਂ ਹੀ ਇਨਸਾਨਾਂ ਵਿਚੋਂ ਕੋਈ ਟਾਂਵਾਂ ਟੱਲਾ ਹੀ ਸੁਆਮੀ ਦਾ ਗੋਲਾ ਮਿਲਦਾ ਹੈ, ਹੇ ਭਰਾਵਾ! ਹੇ ਭਰਾ! ਨਾਨਕ ਸੱਚੇ ਨਾਮ ਨਾਲ ਰੰਗਿਆ ਗਿਆ ਹੈ ਜਿਸ ਨੂੰ ਸੁਣਨ ਦੁਆਰਾ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ। ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਤੁਕੇ। ਜਦ ਤਾਂਈਂ ਇਹ ਬੰਦਾ ਦੋਸਤੀ ਤੇ ਦੁਸ਼ਮਣੀ ਵਿੱਚ ਯਕੀਨ ਰੱਖਦਾ ਹੈ, ਉਦੋਂ ਤਾਂਈਂ ਉਸ ਲਈ ਵਾਹਿਗੁਰੂ ਨੂੰ ਮਿਲਣਾ ਔਖਾ ਹੈ। ਜਦ ਤੋੜੀ ਆਦਮੀ ਆਪਣੇ ਤੇ ਪਰਾਏ ਦਾ ਖਿਆਲ ਕਰਦਾ ਹੈ, ਤਦ ਤੋੜੀ ਉਸ ਦੇ ਤੇ ਸੁਆਮੀ ਦੇ ਵਿਚਕਾਰ ਵਿੱਥ ਰਹਿੰਦੀ ਹੈ। ਹੇ ਮਾਇਆ ਦੇ ਸੁਆਮੀ! ਮੈਨੂੰ ਏਹੋ ਜਿਹੀ ਸਮਝ ਦੇ, ਕਿ ਮੈਂ ਸੰਤਾਂ ਦੀ ਸੇਵਾ ਕਰਾਂ, ਉਨ੍ਹਾਂ ਦੇ ਪੈਰਾਂ ਦੀ ਪਨਾਹ ਪਕਵਾਂ, ਤੇ ਸੁਆਮੀ ਨੂੰ ਇਕ ਲੰਮ੍ਹੇ ਤੇ ਛਿਨ ਭਰ ਲਈ ਭੀ ਨਾਂ ਭੂੱਲਾਂ। ਠਹਿਰਾਉ। ਹੇ ਮੇਰੀ ਮੂਰਖ, ਬੇਖਬਰ ਅਤੇ ਚੁਲਬਲੀ ਤਬੀਅਤ ਵਾਲੀ ਜਿੰਦੜੀਏ! ਤੇਰੇ ਚਿੱਤ ਨੂੰ ਇਹੋ ਜਿਹੀ ਗੱਲ ਨਾਂ ਸੁੱਝੀ, ਕਿ ਜਿੰਦ-ਜਾਨ ਦੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਹੋਰਸ ਵਿੱਚ ਖੱਚਤ ਹੋਈ ਹੋਈ, ਆਪਣੇ ਵੈਰੀਆਂ ਨਾਲ ਜੁੜੀ ਬੈਠੀ ਹੈਂ। ਜੇਕਰ ਪ੍ਰਾਣੀ ਅਪੱਣਤ ਧਾਰਨ ਨਾਂ ਕਰੇ, ਤਦ ਉਸ ਨੂੰ ਅਫਸੋਸ ਨਹੀਂ ਪੋਂਹਦਾ। ਸਤਿ ਸੰਗਤ ਵਿਚੋਂ ਮੈਨੂੰ ਇਹ ਸਮਝ ਪ੍ਰਾਪਤ ਹੋਈ ਹੈ। ਮਾਇਆ ਦੇ ਉਪਾਸ਼ਕ, ਦੀ ਬਕਵਾਸ ਨੂੰ ਐਸ ਤਰ੍ਹਾਂ ਜਾਣ, ਜਿਸ ਤਰ੍ਹਾਂ ਦਾ ਹਵਾ ਦਾ ਬੁੱਲਾ। ਕ੍ਰੋੜਾਂ ਹੀ ਪਾਪਾਂ ਨਾਲ ਇਹ ਜਿੰਦੜੀ ਲਪੇਟੀ ਹੋਈ ਹੈ। ਫੇਰ ਆਦਮੀ ਦੇ ਕੀ ਵੱਸ ਹੋਇਆ? ਹੇ ਸੁਆਮੀ! ਨਾਨਕ, ਤੇਰੇ ਮਸਕੀਨ ਗੋਲੇ ਨੇ ਤੇਰੀ ਪਨਾਹ ਲਈ ਹੈ। ਉਸ ਦੇ ਸਾਰੇ ਲੇਖੇ-ਪੱਤੇ ਤੇ ਤੂੰ ਕਲਮ ਫੇਰ ਦੇ। ਸੋਰਠਿ ਪੰਜਵੀਂ ਪਾਤਿਸ਼ਾਹੀ। ਪੁੱਤਰ ਪਤਨੀ, ਘਰ ਦੇ ਲੋਕੀਂ ਤੇ ਇਸਤਰੀਆਂ ਸਭ ਧਨ-ਦੌਲਤ ਦੇ ਅੰਗ ਸਾਕ ਹਨ। ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ। ਹੇ ਬੰਦੇ! ਤੂੰ ਕਿਉਂ ਆਪਣੇ ਤਨ ਨੂੰ ਪਿਆਰ ਨਾਲ ਪਾਲਦਾ ਹੈ? ਇਹ ਧੂੰਏ ਦੇ ਬੱਦਲ ਦੀ ਤਰ੍ਹਾਂ ਉੱਡ ਜਾਵੇਗਾ। ਤੂੰ ਇਕ ਪ੍ਰਭੂ ਪ੍ਰੀਤਮ ਦਾ ਸਿਮਰਨ ਕਰ। ਠਹਿਰਾਉ। ਤਿੰਨਾਂ ਦੀ ਗਿਣਤੀ, ਇਸ ਦੀ ਖਪਤ ਲਈ ਮੁਕੱਰਰ ਕਰ ਕੇ, ਸਰੀਰ ਰੱਚਿਆ ਗਿਆ ਸੀ, ਇਸ ਨੂੰ ਪਾਣੀ ਵਿੱਚ ਸੁੱਟਿਆ, ਕੁੱਤਿਆਂ ਨੂੰ ਪਾਇਆ ਜਾਂ ਸਾੜ ਕੇ ਸੁਆਹ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਅਬਿਨਾਸ਼ੀ ਜਾਣ ਕੇ ਬੰਦਾ ਆਪਣੇ ਘਰ ਵਿੱਚ ਬੈਠਾ ਹੈ ਅਤੇ ਹੇਤੂਆਂ ਦੇ ਹੇਤੂ ਨੂੰ ਭੁਲਾ ਦਿੰਦਾ ਹੈ। ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ (ਜੀਵ ਰੂਪੀ) ਮਣਕੇ ਬਣਾਏ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਧਾਗੇ ਵਿੱਚ ਗੁੰਦ ਦਿੱਤਾ ਹੈ। ਧਾਗਾ ਟੁੱਟ ਜਾਊਗਾ, ਹੇ ਨਿਕਰਮਣ ਬੰਦੇ! ਅਤੇ ਤਦ ਤੂੰ ਮਗਰੋਂ ਪਸਚਾਤਾਪ ਕਰਨੂੰਗਾ। ਦਿਨ ਰਾਤ ਤੂੰ ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਰਚਿਆ ਹੈ ਅਤੇ ਰੱਚ ਕੇ ਤੈਨੂੰ ਸਸ਼ੋਭਤ ਕੀਤਾ ਹੈ। ਸੁਆਮੀ ਨੇ ਗੋਲੇ ਨਾਨਕ ਉਤੇ ਆਪਣੀ ਰਹਿਮਤ ਕੀਤੀ ਹੈ ਅਤੇ ਉਸ ਨੇ ਸੱਚੇ ਗੁਰਾਂ ਦੀ ਪਨਾਹ ਘੁੱਟ ਕੇ ਪਕੜ ਲਈ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਆਪਣੇ ਪੂਰਨ ਗੁਰਾਂ ਨੂੰ ਮੈਂ ਪਰਮ ਸ੍ਰੇਸ਼ਟ ਨਸੀਬਾਂ ਰਾਹੀਂ ਮਿਲ ਪਿਆ ਹਾਂ ਤੇ ਮੇਰਾ ਹਿਰਦਾ ਰੋਸ਼ਨ ਹੋ ਗਿਆ ਹੈ। ਕੋਈ ਹੋਰ ਮੇਰੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਜੋ ਮੈਨੂੰ ਆਪਣੇ ਸੁਆਮੀ ਦਾ ਆਸਰਾ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਹਾਂ। ਮੇਰੇ ਮੂਹਰੇ, ਹੁਣ ਆਰਾਮ ਹੈ। ਏਦੂੰ ਮਗਰੋਂ ਮੈਨੂੰ ਬੈਕੁੰਠੀ ਆਨੰਦ ਮਿਲੇਗਾ। ਮੇਰੇ ਗ੍ਰਿਹ ਵਿੱਚ ਸਮੂਹ-ਖੁਸ਼ੀ ਹੈ। ਠਹਿਰਾਉ। ਅੰਦਰਲੀਆਂ ਜਾਣਨ ਵਾਲਾ ਉਹ ਸਿਰਜਣਹਾਰ ਹੀ ਮੇਰਾ ਮਾਲਕ ਹੈ। ਅਦੁੱਤੀ ਸਾਈਂ ਦੇ ਨਾਮ ਦਾ ਆਸਰਾ ਲੈ ਅਤੇ ਗੁਰਾਂ ਦੇ ਪੈਰੀ ਪੈਂ, ਮੈਂ ਡਰ-ਹਿੱਤ ਹੋ ਗਿਆ ਹੈ। ਫਲਦਾਇਕ ਹੈ ਦੀਦਾਰ ਅਮਰ ਸਰੂਪ ਮੇਰੇ ਮਾਲਕ ਦਾ। ਉਹ ਹੈ ਅਤੇ ਅੱਗੇ ਨੂੰ ਭੀ ਹੋਵੇਗਾ। ਆਪਣੀ ਛਾਤੀ ਨਾਲ ਲਾ ਕੇ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੀ ਉਸ ਵਾਸਤੇ ਮੁਹੱਬਤ ਸੁਆਮੀ ਨੂੰ ਮਿੱਠੜੀ ਲੱਗਦੀ ਹੈ। ਵਿਸ਼ਾਲ ਹੈ ਵਿਸ਼ਾਲਤਾ ਅਤੇ ਅਦਭੁਤ ਤੇਜ ਪ੍ਰਤਾਪ ਪ੍ਰਭੂ ਦਾ। ਉਸ ਦੇ ਰਾਹੀਂ ਕੰਮ-ਕਾਜ ਦਰੁਸਤ ਹੋ ਜਾਂਦੇ ਹਨ।

Ang: 610

ਨਾਨਕ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ। ਸੋਰਠਿ ਪੰਜਵੀਂ ਪਾਤਿਸ਼ਾਹੀ। ਸੁਖੀ ਬੰਦੇ ਦੇ ਖਿਆਲ ਮੁਤਾਬਕ ਸਾਰੇ ਸੁਖੀ ਮਲੂਮ ਹੁੰਦੇ ਹਨ ਅਤੇ ਬੀਮਾਰ ਬੰਦੇ ਦੇ ਖਿਆਲ ਵਿੱਚ ਸਾਰੇ ਬੀਮਾਰ। ਸਾਹਿਬ (ਸਭ ਕੁਝ) ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਆਤਮਾ ਦਾ ਉਸ ਨਾਲ ਮਿਲਾਪ ਉਸ ਦੇ ਹੱਥ ਵਿੱਚ ਹੈ। ਹੇ ਮੇਰੇ ਮਨੂਏ ਜਿਸ ਨੇ ਆਪਣਾ ਸ਼ੱਕ ਸੁਭਾ ਦੂਰ ਕਰ ਦਿੱਤਾ ਹੈ, ਅਤੇ ਜੋ ਸਾਰਿਆਂ ਅੰਦਰ ਸਾਹਿਬ ਦੀ ਹੋਂਦ ਨੂੰ ਅਨੁਭਵ ਕਰਦਾ ਹੈ, ਉਸ ਦੇ ਖਿਆਲ ਵਿੱਚ ਕੋਈ ਭੀ ਕੁਰਾਹੇ ਨਹੀਂ ਪਿਆ। ਠਹਿਰਾਉ। ਜਿਸ ਦੀ ਆਤਮਾ ਸਤਿ ਸੰਗਤ ਅੰਦਰ ਸੁਖੀ ਹੋਈ ਹੈ, ਸਾਰਿਆਂ ਨੂੰ ਅਨੰਦ-ਪ੍ਰਸੰਨ ਸਮਝਦਾ ਹੈ। ਜਿਸ ਦਾ ਦਿਲ ਹੰਕਾਰ ਦੀ ਬੀਮਾਰੀ ਅੰਦਰ ਖੱਚਤ ਹੋਇਆ ਹੋਇਆ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਕਰਦਾ ਹੈ। ਹਰ ਸ਼ੈ ਉਸ ਨੂੰ ਸਪੱਸ਼ਟ ਜਾਪਦੀ ਹੈ, ਜਿਸ ਦੀਆਂ ਅੱਖਾਂ ਵਿੱਚ ਬ੍ਰਹਮ-ਬੋਧ ਦਾ ਸੁਰਮਾ ਪਿਆ ਹੋਇਆ ਹੈ। ਆਤਮਿਕ ਬੇਸਮਝੀ ਦੇ ਅਨ੍ਹੇਰੇ ਵਿੱਚ ਇਨਸਾਨ ਨੂੰ ਕੁਝ ਦਿਸਦਾ ਨਹੀਂ ਅਤੇ ਉਹ ਮੁੜ ਮੁੜ ਕੇ ਆਵਾਗਉਣ ਅੰਦਰ ਭਟਕਦਾ ਹੈ। ਹੇ ਮੇਰੇ ਸਾਹਿਬ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ। ਨਾਨਕ ਐਸੇ ਸੁੱਖ ਦੀ ਯਾਚਨਾ ਕਰਦਾ ਹੈ, ਜਿਥੇ ਸੰਤ ਤੇਰਾ ਜੱਸ ਗਾਇਨ ਕਰਦੇ ਹਨ, ਉਸ ਥਾਂ ਨਾਲ ਮੇਰਾ ਚਿੱਤ ਜੁੜ ਜਾਵੇ। ਸੋਰਠਿ ਪੰਜਵੀਂ ਪਾਤਿਸ਼ਾਹੀ। ਮੇਰੀ ਦੇਹ ਸਾਧੂਆਂ ਦੀ ਹੈ, ਮੇਰੀ ਦੌਲਤ ਸਾਧੂਆਂ ਦੀ, ਤੇ ਸਾਧੂਆਂ ਦੇ ਸਪੁਰਦ ਹੀ ਮੈਂ ਆਪਣੀ ਆਤਮਾ ਕਰ ਦਿੱਤੀ ਹੈ। ਸੰਤ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ, ਤਦ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਸਾਧੂਆਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ। ਜਿਹੜਾ ਕੋਈ ਸੰਤਾਂ ਦੀ ਪਨਾਹ ਲੈਂਦਾ ਹੈ, ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ। ਠਹਿਰਾਉ। ਸਾਧੂਆਂ ਦੀ ਟਹਿਲ ਕਮਾਉਣ ਅਤੇ ਵਾਹਿਗੁਰੂ ਦੀ ਕੀਰਤੀ ਪ੍ਰੇਮ ਨਾਲ ਗਾਇਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ। ਸੰਤਾਂ ਦੀ ਸੰਗਤ ਕਰਨ ਨਾਲ, ਜੋ ਵੱਡੇ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ, ਇਨਸਾਨ ਏਥੇ ਆਰਾਮ-ਚੈਨ ਪਾ ਲੈਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ। ਮੇਰੀ ਕੇਵਲ ਇਕ ਜੀਭ੍ਹ ਹੈ। ਪ੍ਰਭੂ ਦਾ ਗੋਲਾ ਘਣੇਰੀਆਂ ਚੰਗਿਆਈਆਂ ਨਾਂ ਪਰੀਪੂਰਨ ਹੈ। ਉਸ ਦੀ ਉਸਤਤੀ ਮੈਂ ਕਿਥੋਂ ਤੋੜੀ ਵਰਣਨ ਕਰ ਸਕਦਾ ਹਾਂ। ਪਹੁੰਚ ਤੋਂ ਪਰੇ, ਸੋਚ-ਵੀਚਾਰ ਤੋਂ ਉਚੇਰਾ ਅਤੇ ਸਦੀਵੀ ਕਾਲ-ਰਹਿਤ ਸੁਆਮੀ, ਸਾਧੂਆਂ ਦੀ ਸ਼ਰਣ ਦੁਆਰਾ ਪ੍ਰਾਪਤ ਹੁੰਦਾ ਹੈ। ਮੈਂ ਗੁਣ-ਵਿਹੂਣੇ, ਕਮੀਣ, ਨਿਖਸਮਾ ਤੇ ਪਾਪੀ ਹਾਂ। ਮੈਂ ਸਾਧੂਆਂ ਦੀ ਸ਼ਰਣਾਗਤ ਲੋੜਦਾ ਹਾਂ। ਮੈਂ ਘਰੇਲੂ ਮਮਤਾ ਦੇ ਅੰਨ੍ਹੇ ਖੂਹ ਵਿੱਚ ਡੁੱਬ ਰਿਹਾ ਹਾਂ, ਹੇ ਸੁਆਮੀ! ਨਾਨਕ ਦਾ ਪੱਖ ਪੂਰ ਤੇ ਉਸ ਨੂੰ ਬਚਾ ਲੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਜਿਸ ਦੇ ਮਨ ਅੰਦਰ ਤੂੰ ਨਿਵਾਸ ਰੱਖਦਾ ਹੈ, ਹੇ ਕਰਤਾਰ! ਉਸ ਦੀ ਤੂੰ ਲੋਚਾ ਪੂਰੀ ਕਰ ਦਿੰਦਾ ਹੈ। ਤੇਰਾ ਗੋਲਾ ਤੈਨੂੰ ਭੁਲਾਉਂਦਾ ਨਹੀਂ। ਤੇਰੇ ਪੈਰਾਂ ਦੀ ਖਾਕ ਉਸ ਦੇ ਚਿੱਤ ਨੂੰ ਚੰਗੀ ਲੱਗਦੀ ਹੈ, ਹੇ ਸੁਆਮੀ! ਤੈਂਡੀ ਕਥਾ ਵਾਰਤਾ ਨਾਂ-ਬਿਆਨ ਹੋਣ ਵਾਲੀ ਹੈ। ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਹੇ ਗੁਣਾਂ ਦੇ ਖਜਾਨੇ! ਤੇ ਸੁੱਖ ਦੇਣਹਾਰ ਸਾਹਿਬ! ਉਚੀ ਤੋਂ ਉਚੀ ਹੈ ਤੇਰੀ ਵਿਸ਼ਾਲਤਾ! ਠਹਿਰਾਉ। ਓਹੀ, ਕੇਵਲ ਓਹੀ ਕੰਮ-ਕਾਜ ਜੀਵ ਕਰਦਾ ਹੈ, ਜਿਹੜੇ ਤੂੰ ਉਸ ਲਈ ਲਿਖੇ ਹੋਏ ਹਨ। ਆਪਣੇ ਨਫਰ ਨੂੰ ਤੂੰ ਆਪਣੀ ਚਾਕਰੀ ਬਖਸ਼ੀ ਹੈ। ਤੈਂਡਾ ਦੀਦਾਰ ਕਰ ਕੇ ਉਹ ਤ੍ਰਿਪਤ (ਰੱਜ) ਹੋ ਜਾਂਦਾ ਹੈ। ਸਾਰਿਆਂ ਦੇ ਅੰਦਰ ਤੂੰ ਰਮਿਆ ਹੋਇਆ ਹੈ। ਜਿਸ ਨੂੰ ਤੂੰ ਦਰਸਾਉਂਦਾ ਹੈ, ਕੇਵਲ ਉਹੀ ਇਸ ਨੂੰ ਅਨੁਭਵ ਕਰਦਾ ਹੈ। ਗੁਰਾਂ ਦੀ ਦਇਆ ਦੁਆਰਾ ਉਸ ਦੀ ਅਗਿਆਨਤਾ ਦੂਰ ਹੋ ਜਾਂਦੀ ਹੈ ਅਤੇ ਉਹ ਸਾਰੀਆਂ ਥਾਵਾਂ ਵਿੱਚ ਉਘਾ ਹੋ ਜਾਂਦਾ ਹੈ। ਕੇਵਲ ਓਹੀ ਬ੍ਰਹਮਬੇਤਾ ਹੈ, ਓਹੀ ਵਿਚਾਰਵਾਨ ਅਤੇ ਓਹੀ ਚੰਗੇ ਸੁਭਾ ਵਾਲਾ ਇਨਸਾਨ। ਗੁਰੂ ਜੀ ਆਖਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੈ ਉਹ ਉਸ ਨੂੰ ਆਪਣੇ ਚਿਤੋਂ ਨਹੀਂ ਭੁਲਾਉਂਦਾ। ਸੋਰਠਿ ਪੰਜਵੀਂ ਪਾਤਿਸ਼ਾਹੀ। ਸਾਰੀ ਰਚਨਾ ਸੰਸਾਰੀ ਮਮਤਾ ਅੰਦਰ ਗ੍ਰਸੀ ਹੋਈ ਹੈ। ਇਨਸਾਨ ਕਦੇ ਉਚਾਂ ਹੁੰਦਾ, ਕਦੇ ਨੀਵਾਂ। ਕਿਸੇ ਭੀ ਢੰਗ ਨਾਲ ਉਹ ਪਵਿੱਤਰ ਨਹੀਂ ਹੁੰਦਾ, ਅਤੇ ਕੋਈ ਭੀ ਲੋੜੀਂਦੇ ਟਿਕਾਣੇ ਨੂੰ ਨਹੀਂ ਅੱਪੜਦਾ।