Punjabi Version

  |   Golden Temple Hukamnama

Ang: 569

ਨਾਨਕ ਨਾਮ ਦੇ ਰਾਹੀਂ, ਸੁਆਣੀ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਮਿਲ ਪੈਦੀ ਹੈ ਅਤੇ ਮੱਥੇ ਦੀ ਕਿਸਮਤ ਰਾਹੀਂ ਉਹ ਉਸ ਨੂੰ ਮਾਣਦੀ ਹੈ। ਸਾਰੀ ਵਾਹੀ ਤੇ ਵਪਾਰ ਸਾਹਿਬ ਦੀ ਰਜਾ ਸਵੀਕਾਰ ਕਰਨਾ ਹੈ। ਉਸ ਦੀ ਰਜਾ ਮੰਨਣ ਦੁਆਰਾ ਇੱਜ਼ਤ ਆਬਰੂ ਮਿਲਦੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਫਰਮਾਨ ਅਨੁਭਵ ਕੀਤਾ ਜਾਂਦਾ ਹੈ ਅਤੇ ਉਸ ਦੇ ਫੁਰਮਾਨ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ। ਉਸ ਦੇ ਭਾਣੇ ਅੰਦਰ ਬੰਦਾ ਸਾਈਂ ਨੂੰ ਮਿਲ ਉਸ ਵਿੱਚ ਲੀਨ ਹੋ ਜਾਂਦਾ ਹੈ। ਪਰਮ ਉਤਕ੍ਰਿਸ਼ਟ ਹੈ ਗੁਰਾਂ ਦੀ ਬਾਣੀ। ਗੁਰਾਂ ਦੇ ਰਾਹੀਂ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਇਨਸਾਨ ਸੱਚ ਨਾਲ ਸ਼ਿੰਗਾਰਿਆਂ ਜਾਂਦਾ ਹੈ। ਆਪਣੀ ਸਵੈ-ਹੰਗਤਾ ਨੂੰ ਗੁਆ ਕੇ, ਆਦਮੀ ਡਰ ਦੇ ਦੂਰ ਕਰਨ ਵਾਲੇ ਹਰੀ ਨੂੰ ਪਾ ਲੈਦਾ ਹੈ ਤੇ ਗੁਰਾਂ ਦੇ ਰਾਹੀਂ, ਉਸ ਦੇ ਮਿਲਾਪ ਨਾਲ ਮਿਲ ਜਾਂਦਾ ਹੈ। ਗੁਰੂ ਜੀ ਆਖਦੇ ਹਨ, ਪਵਿੱਤਰ ਪਹੁੰਚ ਤੋਂ ਪਰੇ ਅਤੇ ਅਗਾਧ ਹਾਕਮ ਦਾ ਨਾਮ ਹਰ ਥਾਂ ਰਮਿਆ ਹੋਇਆ ਹੈ। ਵਡਹੰਸ ਤੀਜੀ ਪਾਤਿਸ਼ਾਹੀ। ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਸੁਆਮੀ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਆਰਾਮ ਵਿੱਚ ਵਸੇਗੀ ਅਤੇ ਮੌਤ ਦਾ ਦੂਤ ਤੈਨੂੰ ਛੋਹੇਗਾ ਨਹੀਂ। ਸੱਚੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ ਮੌਤ ਦੀ ਫਾਹੀ ਤੇ ਜਮ ਪ੍ਰਾਨੀ ਨੂੰ ਛੁਹ ਨਹੀਂ ਸਕਦੇ। ਸਤਿ ਨਾਮ ਨਾਲ ਰੰਗੀ ਹੋਈ ਆਤਮਾ ਹਮੇਸ਼ਾਂ ਪਵਿੱਤ੍ਰ ਹੈ ਅਤੇ ਆਵਾਗਉਣ ਤੋਂ ਖਲਾਸੀ ਪਾ ਜਾਂਦੀ ਹੈ। ਦਵੈਤ-ਭਾਵ ਤੇ ਸੰਦੇਹ ਨੇ ਆਪ-ਹੁਦਰੀ ਆਤਮਾ ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਮੌਤ ਦੇ ਦੂਤ ਨੇ ਲੁਭਾਇਮਾਨ ਕਰ ਲਈ ਹੈ। ਗੁਰੂ ਜੀ ਆਖਦੇ ਹਨ, ਤੂੰ ਮੇਰੀ ਆਤਮਾ! ਸੁਣ ਤੂੰ ਸਦੀਵ ਹੀ ਸੱਚੇ ਸਾਹਿਬ ਦਾ ਸਿਮਰਨ ਕਰਿਆ ਕਰ। ਹੇ ਮੇਰੇ ਮਨੂਏ! ਤੇਰੇ ਅੰਦਰ ਹੀ (ਨਾਮ ਦਾ) ਖਜਾਨਾ ਹੈ। ਤੂੰ ਇਸ ਵਸਤੂ ਨੂੰ ਬਾਹਰਵਾਰ ਨਾਂ ਲੱਭ। ਤੂੰ ਉਹ ਕੁਛ ਛੱਕ ਜਿਹੜਾ ਸਾਈਂ ਨੂੰ ਚੰਗਾ ਲਗਦਾ ਹੈ ਤੇ ਇਸ ਤਰ੍ਹਾਂ ਮੁਖੀ ਗੁਰਾਂ ਦੀ ਦਇਆ ਦੁਆਰਾ ਪ੍ਰਸੰਨ ਹੋ। ਹੇ ਮੇਰੀ ਜਿੰਦੇ! ਸਹਾਇਕ ਸੁਆਮੀ ਮਾਲਕ ਤੇਰੇ ਅੰਦਰ ਹੀ ਹੈ। ਨੇਕ ਬਣ ਅਤੇ ਉਸ ਨੂੰ ਆਪਣੇ ਨੇਤ੍ਰਾ ਨਾਲ ਵੇਖ। ਆਪ-ਹੁਦਰੇ, ਅੰਨ੍ਹੇ ਅਤੇ ਬ੍ਰਹਮ-ਬੋਧ ਤੋਂ ਸਖਣੇ ਹਨ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ। ਨਾਮ ਦੇ ਬਾਝੌਂ ਕੋਈ ਭੀ ਬੰਦ-ਖਲਾਸ ਨਹੀਂ ਹੁੰਦਾ। ਮੌਤ ਦੇ ਫ਼ਰਿਸ਼ਤੇ ਨੇ ਸਾਰਿਆਂ ਨੂੰ ਜਕੜਿਆ ਹੋਇਆ ਹੈ। ਨਾਨਕ, ਤੇਰੇ ਅੰਦਰ ਹੀ ਖਜਾਨਾ ਹੈ। ਤੂੰ ਨਾਮ-ਵਸਤੂ ਦੀ ਬਾਹਰ ਵਾਰ ਖੋਜ ਭਾਲ ਨਾਂ ਕਰ। ਮੇਰੇ ਮਨੂਏ ਮਨੁੱਖੀ-ਜੀਵਨ ਦੀ ਦੌਲਤ ਨੂੰ ਪਾ ਕੇ ਕਈ ਸੱਚ ਦੇ ਵਣਜ ਵਿੱਚ ਜੁੜੇ ਹੋਏ ਹਨ। ਉਹ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਲਾਸਾਨੀ ਨਾਮ ਟਿਕਿਆ ਹੋਇਆ ਹੈ। ਅਨੰਤ ਨਾਮ ਉਨ੍ਹਾਂ ਦੇ ਅੰਦਰ ਹੈ। ਰੱਬ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਨਾਮ ਦੇ ਰਾਹੀਂ ਉਹ ਨੌ ਖਜਾਨਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ। ਆਪ-ਹੁਦਰੇ ਸੰਸਾਰੀ ਮਮਤਾ ਵਿੱਚ ਖੱਚਤ ਹੋਏ ਹੋਏ ਹਨ। ਉਹ ਪੀੜ ਅੰਦਰ ਦੁਖੀ ਹੁੰਦੇ ਹਨ ਤੇ ਦਵੈਤ ਭਾਵ ਵਿੱਚ ਆਪਣੀ ਇੱਜ਼ਤ ਆਬਰੂ ਵੰਞਾ ਲੈਂਦੇ ਹਨ। ਜੋ ਆਪਣੀ ਹੰਗਤਾ ਨੂੰ ਮਾਰਦੇ ਹਨ ਤੇ ਸਤਿਨਾਮ ਵਿੱਚ ਲੀਨ ਹੁੰਦੇ ਹਨ, ਉਹ ਸੱਚ ਨਾਲ ਘਣੇ ਰੰਗੀਜ ਜਾਂਦੇ ਹਨ। ਨਾਨਕ, ਮੁਸ਼ਕਿਲ ਨਾਲ ਮਿਲਣ ਵਾਲਾ ਹੈ ਮਨੁੱਖੀ-ਜੀਵਨ। ਸੱਚੇ ਗੁਰੂ ਜੀ ਯਥਾਰਥ ਸਮਝ ਦਰਸਾਉਂਦੇ ਹਨ। ਹੇ ਮੇਰੀ ਜਿੰਦੇ! ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਭਾਰੇ ਨਸੀਬਾਂ ਵਾਲੇ ਹਨ ਉਹ ਪੁਰਸ਼। ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਹਨ, ਉਹੀ ਉਪਰਾਮ ਪੁਰਸ਼ ਹਨ। ਜੋ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ, ਉਹ ਇੱਛਾ-ਰਹਿਤ ਪੁਰਸ਼ ਹਨ, ਉਹਨਾਂ ਨੇ ਆਪਣੇ ਆਪੇ ਨੂੰ ਸਮਝਿਆ ਹੈ। ਅਹਿਲ ਤੇ ਪਰਮ ਡੂੰਘੀ ਹੈ ਉਨ੍ਹਾਂ ਦੀ ਸੋਚ ਸਮਝ ਗੁਰਾਂ ਦੀ ਮਿਹਰ ਸਦਕਾ ਉਹ ਸ਼ਾਤੀ ਨਾਲ ਨਾਮ ਨੂੰ ਉਚਾਰਦੇ ਹਨ। ਕਈ ਸੁੰਦਰੀਆਂ ਦੇ ਆਸ਼ਕ ਹਨ। ਧਨ-ਦੌਲਤ ਦਾ ਪਿਆਰ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਐਹੋ ਜਿਹੇ ਨਿਕਰਮਣ ਅਧਰਮੀ ਸੁੱਤੇ ਹੀ ਰਹਿੰਦੇ ਹਨ। ਨਾਨਕ ਜੋ ਅਡੋਲਤਾ ਨਾਲ ਆਪਣੇ ਗੁਰੂ ਨੂੰ ਸੇਵਦੇ ਹਨ, ਉਹ ਪੂਰਨ ਪਰਾਲਭਧ ਵਾਲੇ ਪੁਰਸ਼ ਹਨ। ਵਡਹੰਸ ਤੀਜੀ ਪਾਤਿਸ਼ਾਹੀ। ਹੇ ਇਨਸਾਨ ਸਾਹਿਬ ਦੇ ਨਾਮ ਦੇ ਅਮੋਲਕ ਵੱਖਰ ਨੂੰ ਖਰੀਦ ਸੱਚੇ ਗੁਰੂ ਜੀ ਐਸੀ ਸਮਝ ਪ੍ਰਦਾਨ ਕਰਦੇ ਹਨ। ਮੁਨਾਫਿਆਂ ਦਾ ਮੁਨਾਫਾ ਵਾਹਿਗੁਰੂ ਦੀ ਪ੍ਰੇਮ ਮਈ ਭਗਤੀ ਹੈ। ਨੇਕ ਬੰਦਾ ਪ੍ਰਭੂ ਦੀਆਂ ਨੇਕੀਆਂ ਵਿੱਚ ਲੀਨ ਹੋ ਜਾਂਦਾ ਹੈ।

Ang: 570

ਭਲਾ ਪੁਰਸ਼ ਜਿਸ ਨੂੰ ਪ੍ਰਭੂ ਆਪੇ ਹੀ ਸਿਆਣਪ ਪਰਦਾਨ ਕਰਦਾ ਹੈ, ਭਲਾਈ ਅੰਦਰ ਰਮਿਆ ਰਹਿੰਦਾ ਹੈ। ਇਸ ਜੱਗ ਵਿੱਚ ਉਹ ਸਾਈਂ ਦੇ ਸਿਮਰਨ ਦਾ ਨਫਾ ਕਮਾਉਂਦਾ ਹੈ। ਹਰੀ ਦੇ ਅਨੁਰਾਗ ਬਾਝੋਂ, ਬੰਦੇ ਨੂੰ ਆਰਾਮ ਨਹੀਂ ਮਿਲਦਾ। ਹੋਰਸ ਦੀ ਪ੍ਰੀਤ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਦਾ ਹੈ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਨਾਮ ਦਾ ਆਸਰਾ ਮਿਲਦਾ ਹੈ। ਜਿਸ ਨੂੰ ਪ੍ਰੂਭੂ ਇਸ ਵਣਜ ਵਿੱਚ ਪਾਉਂਦਾ ਹੈ ਉਹ ਸਦੀਵ ਹੀ ਨਾਮ ਦੇ ਸੌਦੇ ਸੂਤ ਦਾ ਨਫਾ ਉਠਾਉਂਦਾ ਹੈ। ਜਦ ਸੱਚੇ ਗੁਰੂ ਇਸ ਤਰ੍ਹਾਂ ਸਿਖਮਤ ਦਿੰਦੇ ਹਨ ਤਾਂ ਇਨਸਾਨ ਨਾਮ ਦੇ ਮਾਲ ਦੇ ਜਵੇਹਰਾਂ ਦਾ ਵਾਪਾਰ ਕਰਦਾ ਹੈ। ਧੰਨ-ਦੌਲਤ ਦਾ ਪਿਆਰ ਸਮੂਹ ਕਲੇਸ਼ ਹੀ ਹੈ। ਝੂਠਾ ਹੈ ਇਹ ਵਣਜ। ਝੂਠ ਬੋਲ ਕੇ ਜੀਵ ਜ਼ਹਿਰ ਖਾਂਦਾ ਹੈ ਅਤੇ ਉਸ ਅੰਦਰ ਬਦੀਆਂ ਬਹੁਤ ਹੀ ਵੱਧ ਜਾਂਦੀਆਂ ਹਨ। ਇਸ ਸ਼ੱਕ ਦੇ ਸਤਾਏ ਹੋਏ ਜੱਗ ਵਿੱਚ ਪਾਪ ਘਣੇਰੇ ਜ਼ਿਆਦਾ ਹੋ ਗਏ ਹਨ। ਨਾਮ ਦੇ ਬਾਝੋਂ ਆਦਮੀ ਇੱਜ਼ਤ ਵੰਞਾ ਲੈਦਾ ਹੈ। ਬਹੁਤ ਲਿਖ ਪੜ੍ਹ ਕੇ, ਵਿਦਵਾਨ ਬਹਿਸ ਮੁਬਾਹਿਸੇ ਕਰਦੇ ਹਨ। ਬਗੈਰ ਗਿਆਤ ਦੇ ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ। ਉਨ੍ਹਾਂ ਨੂੰ ਧੰਨ-ਦੌਲਤ ਦਾ ਪਿਆਰ ਮਿੱਠਾ ਲਗਦਾ ਹੈ, ਇਸ ਲਈ ਉਨ੍ਹਾਂ ਦੇ ਆਉਣੇ ਤੇ ਜਾਣੇ ਕਦਾਚਿੱਤ ਮੁਕਦੇ ਨਹੀਂ। ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਲੇਸ਼ ਹੀ ਹੈ। ਮੰਦੀ ਹੈ ਇਹ ਸੁਦਾਗਰੀ। ਜਾਲ੍ਹੀ ਅਤੇ ਅਸਲੀ, ਉਸ ਸੱਚੇ ਸੁਆਮੀ ਦੀ ਦਰਗਾਹ ਅੰਦਰ, ਸਾਰੇ ਜਾਂਚੇ-ਪੜਤਾਲੇ ਜਾਂਦੇ ਹਨ। ਕੂੜੇ ਕਚਹਿਰੀਓ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਖੜੇ ਹੋ ਹਮੇਸ਼ਾਂ ਉਹ ਵਿਰਲਾਪ ਕਰਦੇ ਹਨ। ਮੂਰਖ ਤੇ ਬੁੱਧੂ ਖੜੇ ਹੋ ਵਿਰਲਾਪ ਕਰਦੇ ਹਨ। ਉਹ ਅਧਰਮੀ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ। ਮੋਹਨੀ ਦੀ ਜ਼ਹਿਰ ਨੇ ਸੰਸਾਰ ਨੂੰ ਗੁਮਰਾਹ ਕਰ ਦਿੱਤਾ ਹੈ, ਅਤੇ ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦਾ। ਸਾਧੂਆਂ, ਨਾਲ ਦੁਸ਼ਮਨੀ ਕਰਕੇ, ਅਧਰਮੀ ਜਗਤ ਵਿੱਚ ਤਕਲੀਫ ਉਠਾਉਂਦਾ ਹੈ। ਕੂੜਿਆਂ ਅਤੇ ਸੱਚਿਆਂ ਦਾ ਉਸ ਸੱਚੀ ਕਚਹਿਰੀ ਵਿੱਚ ਨਿਰਣਾ ਕੀਤਾ ਜਾਂਦਾ ਹੈ। ਸਾਹਿਬ ਖੁਦ ਹੀ ਸਾਰਾ ਕੁਛ ਕਰਦਾ ਹੈ। ਮੈਂ ਹੋਰ ਕੀਹਨੂੰ ਕਹਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ। ਜਿਸ ਤਰ੍ਹਾਂ ਉਸ ਦੀ ਕੀਰਤੀ ਤੇ ਜਿਸ ਤਰ੍ਹਾਂ ਉਸ ਦੀ ਖੁਸ਼ੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਜੋੜਦਾ ਹੈ। ਕਿਉਂ ਜੋ ਉਹ ਆਪ ਹੀ ਬੰਦਿਆਂ ਨੂੰ ਜਿਵੇਂ ਉਸ ਦੀ ਰਜ਼ਾ ਹੈ, ਉਵੇਂ ਹੀ ਉਹ ਖੁਦ ਵਡਿਆਉਂਦਾ ਹੈ, ਆਪਣੇ ਆਪ ਕੋਈ ਸੂਰਮਾ ਜਾ ਕਾਇਰ ਨਹੀਂ। ਦਾਤਾਰ ਪ੍ਰਭੂ ਜਗਤ ਦੀ ਜਿੰਦ-ਜਾਨ ਤੇ ਪ੍ਰਾਲਬਧ ਬਨਾਉਣ ਵਾਲਾ ਹੈ ਅਤੇ ਉਹ ਆਪ ਹੀ ਬਖਸ਼ਦਾ ਹੈ। ਗੁਰਾਂ ਦੀ ਮਿਹਰ ਦੁਆਰਾ ਹੇ ਨਾਨਕ! ਸਵੈ-ਹੰਗਤਾ ਦੂਰ ਹੁੰਦੀ ਹੈ, ਅਤੇ ਨਾਮ ਦੇ ਰਾਹੀਂ ਇੱਜ਼ਤ ਪ੍ਰਾਪਤ ਹੁੰਦੀ ਹੈ। ਸਾਈਂ ਆਪੇ ਹੀ ਸਭ ਕੁਛ ਕਰਦਾ ਹੈ। ਮੈਂ ਹੋਰ ਕੀਹਦੇ ਮੂਹਰੇ ਬੇਨਤੀ ਕਰਾਂ? ਹੋਰ ਕੋਈ ਕੁਝ ਨਹੀਂ ਕਰ ਸਕਦਾ। ਵਡਹੰਸ ਤੀਜੀ ਪਾਤਿਸ਼ਾਹੀ। ਸੱਚਾ ਸੌਦਾ ਸੂਤ ਸੁਆਮੀ ਦਾ ਨਾਮ ਹੈ ਅਤੇ ਸੱਚਾ ਹੈ ਇਹ ਵਣਜ। ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦੇ ਨਾਮ ਦਾ ਵਾਪਾਰ ਕੀਤਾ ਜਾਂਦਾ ਹੈ। ਨਿਹਾਇਤ ਹੀ ਜਿਆਦਾ ਹੈ ਇਸ ਦੀ ਕੀਮਤ। ਬੇਅੰਤ ਬਹੁਤਾ ਹੈ ਮੁਲ ਇਸ ਸੱਚੇ ਵਣਜ ਦਾ। ਜੋ ਸੱਚੇ ਵਣਜ ਵਿੱਚ ਜੁੜੇ ਹਨ, ਉਹ ਪਰਮ ਚੰਗੇ ਕਰਮਾਂ ਵਾਲੇ ਹਨ। ਅੰਦਰੋਂ ਤੇ ਬਾਹਰੋਂ ਉਹ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਹਨ ਅਤੇ ਸਤਿਨਾਮ ਨਾਲ ਉਹ ਪ੍ਰੀਤ ਗੰਢਦੇ ਹਨ। ਜਿਸ ਉੱਤੇ ਮਾਲਕ ਮਿਹਰ ਧਾਰਦਾ ਹੈ, ਉਹੀ ਸੱਚ ਨੂੰ ਪਾਉਂਦਾ ਹੈ ਤੇ ਗੁਰਬਾਣੀ ਦੀ ਸੋਚ ਵਿਚਾਰ ਕਰਦਾ ਹੈ। ਨਾਨਕ, ਜੋ ਸੱਚੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਵਣਜ ਵਿੱਚ ਜੁੜ ਜਾਣ ਦੁਆਰਾ ਆਰਾਮ ਪਾਉਂਦੇ ਹਨ। ਧਨ-ਦੌਲਤ ਦਾ ਹੰਕਾਰ ਨਿਰੋਲ ਗੰਦਗੀ ਹੈ ਅਤੇ ਆਤਮਾ ਦੌਲਤ ਤੇ ਹੰਕਾਰ ਦੀ ਇਸ ਗੰਦਗੀ ਨਾਲ ਭਰ ਜਾਂਦੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਜੀਭਾ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ। ਜੀਭ ਪ੍ਰਭੂ ਦੇ ਜੌਹਰ ਨੂੰ ਚੱਖਦੀ ਹੈ, ਹਿਰਦਾ ਪ੍ਰਭੂ ਦੇ ਪ੍ਰੇਮ ਨਾਲ ਗੱਚ ਹੋ ਜਾਂਦਾ ਹੈ ਅਤੇ ਪ੍ਰਾਣੀ ਸੱਚੇ ਨਾਮ ਦਾ ਚਿੰਤਨ ਕਰਦਾ ਹੈ। ਹਿਰਦਾ ਖੂਹ ਸੁਆਮੀ ਦੇ ਅੰਮ੍ਰਿਤ ਨਾਲ ਪਰੀਪੂਰਨ ਹੈ। ਨਾਮ ਦੇ ਸਿਮਰਨ ਰਾਹੀਂ ਪਾਣੀ ਭਰਨ ਵਾਲੀ ਇਸ ਨੂੰ ਕੱਢ ਕੇ ਪਾਨ ਕਰਦੀ ਹੈ। ਜਿਸ ਉਤੇ ਮਾਲਕ ਦੀ ਰਹਿਮਤ ਹੈ, ਉਹ ਸੱਚ ਨਾਲ ਜੂੜਦਾ ਹੈ ਤੇ ਉਸ ਦੀ ਜੀਭ ਸਾਈਂ ਦਾ ਨਾਮ ਉਚਾਰਨ ਕਰਦੀ ਹੈ। ਨਾਨਕ, ਪਵਿੱਤ੍ਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਬਾਕੀ ਦੇ ਹਊਮੈ ਦੀ ਗੰਦਗੀ ਨਾਲ ਲਿਬੜੇ ਹੋਏ ਹਨ। ਸਾਰੇ ਵਿਦਵਾਨ ਅਤੇ ਜੋਤਸ਼ੀ ਪੜ੍ਹ ਤੇ ਵਾਚ ਕੇ ਉੱਚੀ ਉੱਚੀ ਪੁਕਾਰਦੇ ਹਨ। ਉਹ ਕੀਹਨੂੰ ਸਿਖਮਤ ਦੇਣਾ ਚਾਹੁੰਦੇ ਹਨ?