Punjabi Version

  |   Golden Temple Hukamnama

Ang: 796

ਇਹੋ ਜਿਹਾ ਹੈ ਨਾਮ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ ਦਾ। ਮੈਂ ਤੇਰਾ ਮੰਗਤਾ ਹਾਂ ਅਤੇ ਤੂੰ ਮੇਰਾ ਅਦ੍ਰਿਸ਼ਟ ਅਤੇ ਸਾਹਿਬ ਹੈਂ ਜਿਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਠਹਿਰਾਉ। ਸੰਸਾਰੀ ਪਦਾਰਥਾਂ ਦਾ ਪਿਆਰ ਉਸ ਤੁਲ ਹੈ ਜੋ ਇਕ ਭ੍ਰਿਸ਼ਟੀ ਹੋਈ, ਕੋਝੀ, ਪਲੀਤ ਅਤੇ ਟੂਣੇਹਾਰ ਤ੍ਰੀਮਤ ਨੂੰ ਕੀਤਾ ਜਾਂਦਾ ਹੈ। ਪਾਤਿਸ਼ਾਹੀ ਅਤੇ ਸੁੰਦਰਤਾ ਕੂੜੇ ਵਿੱਚ ਅਤੇ ਕੇਵਲ ਚਾਰ ਦਿਹਾੜੇ ਹੀ ਰਹਿੰਦੇ ਹਨ। ਜੇਕਰ ਬੰਦੇ ਨੂੰ ਨਾਮ ਪਰਾਪਤ ਹੋ ਜਾਵੇ ਤਾਂ ਉਸ ਦਾ ਅੰਦਰਲਾ ਅਨ੍ਹੇਰਾ ਰੋਸ਼ਨ ਹੋ ਜਾਂਦਾ ਹੈ। ਮੈਂ ਅਜਮਾ ਕੇ ਮਾਇਆ ਨੂੰ ਤਿਆਗਿਆ ਹੈ, ਇਸ ਲਈ ਮੇਰੇ ਚਿੱਤ ਵਿੱਚ ਕੋਈ ਸੰਦੇਹ ਨਹੀਂ ਰਿਹਾ। ਜਿਸ ਦਾ ਪਿਉ ਪ੍ਰਗਟ ਹੈ, ਉਹ ਦੋਗਲਾ ਨਹੀਂ ਹੋ ਸਕਦਾ। ਇਕ ਸੁਆਮੀ ਨੂੰ ਕੋਈ ਡਰ ਨਹੀਂ। ਉਹ ਸਿਰਜਣਹਾਰ ਸਾਰਾ ਕੁਝ ਕਰਦਾ ਹੈ ਅਤੇ ਹੋਰਨਾਂ ਤੋਂ ਕਰਾਉਂਦਾ ਹੈ। ਜੋ ਨਾਮ ਦੁਆਰਾ ਮਰ ਜਾਂਦਾ ਹੈ; ਉਹ ਮਨੂਏ ਰਾਹੀਂ ਹੀ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ। ਇਸ ਤਰ੍ਹਾਂ ਆਪਣੇ ਮਨ ਨੂੰ ਹੋੜ ਕੇ ਉਹ ਇਸ ਨੂੰ ਸੱਚੇ ਸਾਹਿਬ ਅੰਦਰ ਟਿਕਾਈ ਰੱਖਦਾ ਹੈ। ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹੈ। ਨਾਮ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਾਰ ਉਤਰ ਜਾਂਦਾ ਹੈ। ਬਿਲਾਵਲ ਪਹਿਲੀ ਪਾਤਿਸ਼ਾਹੀ। ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਸੁਆਮੀ ਦੇ ਸਿਮਰਨ ਨੂੰ ਪਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਪ੍ਰੈਮ ਨਾਲ ਰੰਗੀਜ, ਇਨਸਾਨ ਰੱਜ ਜਾਂਦਾ ਹੈ। ਝੱਲੇ, ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ। ਰੱਬ ਦੇ ਬਗੈਰ ਆਦਮੀ ਕਿਸ ਤਰ੍ਹਾਂ ਰਹਿ ਸਕਦਾ ਹੈ? ਉਹ ਗੁਰਾਂ ਦੇ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾਂਦਾ ਹੈ। ਪ੍ਰਭੂ ਦੇ ਦੀਦਾਰ ਬਾਝੋਂ, ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ? ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਇਕ ਮੁਹਤ ਹਭਰ ਲਈ ਭੀ ਬਚ ਨਹੀਂ ਸਕਦੀ। ਸੱਚੇ ਗੁਰਾਂ ਨੇ ਮੈਨੂੰ ਇਹ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ। ਆਪਣੇ ਸੁਆਮੀ ਭੁਲਾ ਕੇ ਮੈਂ ਤਕਲੀਫ ਅੰਦਰ ਮਰਦੀ ਹਾਂ। ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦੀ ਅਤੇ ਭਾਲਦੀ ਹਾਂ। ਮੈਂ ਸਦੀਵ ਹੀ ਨਿਰਲੇਪ ਰਹਿੰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਨਾਲ ਪਰਸੰਨ ਹੁੰਦੀ ਹਾਂ। ਗੁਰਾਂ ਦੀ ਦਇਆ ਦੁਆਰਾ ਹੁਣ ਮੈਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਅਨੁਭਵ ਕਰ ਲਿਆ ਹੈ। ਗੁਰਾਂ ਦੀ ਰਜ਼ਾ ਅੰਦਰ ਵਸਦ ਦੁਆਰਾ ਪ੍ਰਭੂ ਦੀ ਅਕਹਿ ਵਾਰਤਾ ਵਰਣਨ ਕੀਤੀ ਜਾਂਦੀ ਹੈ। ਗੁਰੂ ਜੀ ਅਥਾਹ ਅਤੇ ਅਗਾਧ ਸੁਆਮੀ ਨੂੰ ਵਿਖਾਲ ਦਿੰਦੇ ਹਨ। ਗੁਰਾਂ ਦੇ ਬਗੈਰ, ਜੀਵਨ ਦੀ ਕਿਹੜੀ ਰਹਿਣੀ-ਬਹਿਣੀ ਅਤੇ ਸੇਵਾ ਕਮਾਈ ਜਾ ਸਕਦੀ ਹੈ? ਆਪਣੀ ਹੰਗਤਾ ਮਾਰ ਕੇ ਅਤੇ ਗੁਰਾਂ ਦੇ ਮਾਰਗ ਤੇ ਟੁਰ ਕੇ ਮੈਂ ਨਾਮ ਅੰਦਰ ਲੀਨ ਹੋ ਗਿਆ ਹਾਂ। ਅਧਰਮੀ ਪ੍ਰਭੂ ਨਾਲੋਂ ਵਿਛੜ ਗਏ ਹਨ ਅਤੇ ਕੂੜੀ ਪੂੰਜੀ ਇਕੱਤਰ ਕਰਦੇ ਹਨ। ਗੁਰੂ-ਸਮਰਪਣਾਂ ਨੂੰ ਪ੍ਰਭੂ ਦੇ ਨਾਮ ਦੀ ਪ੍ਰਭਤਾ ਪਰਾਪਤ ਹੁੰਦੀ ਹੈ। ਵਾਹਿਗੁਰੂ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੈਨੂੰ ਆਪਣਿਆਂ ਗੋਲਿਆਂ ਦਾ ਗੋਲਾ ਬਣਾ ਲਿਆ ਹੈ। ਸੁਆਮੀ ਦਾ ਨਾਮ ਨਫਰ ਨਾਨਕ ਦੀ ਦੋਲਤ ਅਤੇ ਪੂੰਜੀ ਹੈ। ਬਿਲਾਵਲ ਤੀਜੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਲਾਨ੍ਹਤ, ਲਾਨ੍ਹਤ ਹੈ ਖਾਧ ਖੁਰਾਕ ਨੂੰ, ਲਾਨ੍ਹਤ, ਲਾਨ੍ਹਤ ਨੀਂਦਰ ਨੂੰ ਅਤੇ ਲਾਨ੍ਹਤ ਲਾਨ੍ਹਤ ਪੁਸ਼ਾਕ ਨੂੰ, ਜੋ ਆਦਮੀ ਸਰੀਰ ਉਤੇ ਪਾਉਂਦਾ ਹੈ। ਧ੍ਰਿਕਾਰ ਹੈ ਟੱਬਰ ਕਬੀਲੇ ਅਤੇ ਮਿੱਤਰਤਾ ਸਮੇਤ ਦੇਹ ਨੂੰ, ਜਦ ਕਿ ਇਨਸਾਨ, ਹੁਣ ਆਪਣੇ ਸੁਆਮੀ ਨੂੰ ਪਰਾਪਤ ਨਹੀਂ ਕਰਦਾ। ਮੌਕਾ ਗੁਆਚਿਆ ਹੋਇਆ, ਮੁੜ ਕੇ ਹੱਥ ਨਹੀਂ ਲੱਗਦਾ ਅਤੇ ਆਦਮੀ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਜਿਸ ਨੇ ਸਾਈਂ ਦੇ ਚਰਨ ਭੁਲਾ ਦਿੱਤੇ ਹਨ, ਦਵੈਤ-ਭਾਵ ਉਸ ਦਾ ਪ੍ਰੇਮ ਪ੍ਰਭੂ ਨਾਲ ਨਹੀਂ ਪੈਣ ਦਿੰਦਾ। ਜੇ ਜਗਤ ਨੂੰ ਜਿੰਦ-ਜਾਨ ਬਖਸ਼ਣਹਾਰ ਸੁਆਮੀ! ਤੇਰੇ ਅਣਗਿਣਤ ਨੌਕਰ ਅਤੇ ਨਫਰ ਹਨ। ਤੂੰ ਉਨ੍ਹਾਂ ਨੂੰ ਸਾਰੇ ਦੁਖੜੇ ਦੂਰ ਕਰਦਾ ਹੈਂ। ਠਹਿਰਾਉ। ਮੇਰੇ ਦਾਤਾਰ ਮਾਲਕ! ਤੂੰ ਮੇਰਾ ਮਿਹਰਬਾਨ ਰਹਿਮਤ ਦਾ ਸੁਆਮੀ ਹੈ, ਇਹ ਗਰੀਬ ਜੀਵ ਤੇਰੇ ਅੱਗੇ ਕੀ ਹਨ? ਬੰਦਖਲਾਸ ਅਤੇ ਬੱਝੇ ਹੋਏ ਸਮੂਹ ਤੇਰੇ ਤੋਂ ਹੀ ਹਨ। ਇੰਜ ਹੀ ਕਹਿਣਾ ਅਤੇ ਆਖਣਾ ਮੁਨਾਸਬ ਹੈ। ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਬੰਦਖਲਾਸ ਆਖਿਆ ਜਾਂਦਾ ਹੈ ਅਤੇ ਨਿਹੱਥਲ ਆਪ-ਹੁਦਰੇ ਨਰੜ ਲਏ ਜਾਂਦੇ ਹਨ। ਕੇਵਲ ਉਹ ਜਣਾ ਹੀ ਬੰਦਖਲਾਸ ਹੈ, ਜਿਸ ਦੀ ਪ੍ਰੀਤ ਇਕ ਸਾਹਿਬ ਨਾਲ ਲੱਗੀ ਹੋਈ ਹੈ ਅਤੇ ਜੋ ਹਮੇਸ਼ਾਂ ਸਾਹਿਬ ਨਾਲ ਵੱਸਦਾ ਹੈ। ਉਸ ਦੀ ਡੂੰਘਾਈ ਅਤੇ ਉਚਾਈ ਵਰਣਨ ਕੀਤੀ ਨਹੀਂ ਜਾ ਸਕਦੀ। ਸੱਚਾ ਸੁਆਮੀ ਖੁਦ ਉਸ ਨੂੰ ਸ਼ਸ਼ੋਭਤ ਕਰਦਾ ਹੈ।

Ang: 797

ਜੋ ਵਹਿਮ ਅੰਦਰ ਭਟਕਦੇ ਹਨ, ਉਹ ਅਧਰਮੀ ਆਖਾ ਜਾਂਦੇ ਹਨ। ਉਹ ਨਾਂ ਉਰਲੇ ਕਿਨਾਰੇ ਤੇਹਨ ਅਤੇ ਨਾਂ ਹੀ ਪਰਲੇ ਤੇ। ਜਿਸ ਤੇ ਸੁਆਮੀ ਮਿਹਰ ਧਾਰਦਾ ਹੈ, ਉਹ ਪੁਰਸ਼ ਨੂੰ ਪਾ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ। ਮੋਹਨੀ ਅੰਦਰ ਰਹਿੰਦਾ ਹੋਇਆ ਸੁਆਮੀ ਦਾ ਗੋਲਾ ਪਾਰ ਉਤਰ ਜਾਂਦਾ ਹੈ। ਨਾਨਕ, ਜਿਸ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਮੌਤ ਨੂੰ ਤਬਾਹ ਅਤੇ ਬਰਬਾਦ ਕਰ ਦਿੰਦਾ ਹੈ। ਬਿਲਾਵਲ ਤੀਜੀ ਪਾਤਿਸ਼ਾਹੀ। ਅਜੋਖ ਸੁਆਮੀ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ। ਜੇਕਰ ਕੋਈ ਹੋਰ ਉਸ ਜਿੱਡਾ ਵੱਡਾ ਹੋਵੇ, ਕੇਵਲ ਤਦ ਹੀ ਉਹ ਉਸ ਨੂੰ ਸਮਝ ਸਕਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ। ਉਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਗੁਰਾਂ ਦੀ ਦਇਆ ਦੁਆਰਾ ਸਾਈਂ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ। ਜੇਕਰ ਬੰਦੇ ਦਾ ਦਵੈਤ-ਭਾਵ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਉਹ ਸਾਹਿਬ ਨੂੰ ਸਮਝਦਾ ਹੈ। ਠਹਿਰਾਉ। ਸਾਹਿਬ ਖੁਦ ਹੀ ਪਾਰਖੂ ਹੈ ਅਤੇ ਘਸਵਟੀ ਉਤੇ ਲਾਉਂਦਾ ਹੈ। ਉਹ ਆਪ ਹੀ ਰੁਪਏ ਦੀ ਜਾਂਚ ਪੜਤਾਲ ਕਰ ਕੇ ਆਪ ਹੀ ਇਸ ਨੂੰ ਚਲਾਉਂਦਾ ਹੈ। ਪੂਰਨ ਤੋਲਾ ਬਣ ਕੇ, ਸੁਆਮੀ ਖੁਦ ਹੀ ਤੋਲਦਾ ਹੈ। ਉਹ ਅਦੁੱਤੀ ਸੁਆਮੀ ਆਪ ਹੀ ਹਰ ਸ਼ੈ ਜਾਣਦਾ ਹੈ। ਮੋਹਨੀ ਦੇ ਸਾਰੇ ਸਰੂਪ ਉਸ ਤੋਂ ਹੀ ਉਤਪੰਨ ਹੁੰਦੇ ਹਨ। ਕੇਵਲ ਉਹ ਹੀ ਪਵਿੱਤਰ ਹੁੰਦਾ ਹੈ, ਜਿਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਮਾਇਆ ਉਸ ਨੂੰ ਚਿਮੜਦੀ ਹੈ ਜਿਸ ਨਾਲ ਪ੍ਰਭੂ ਇਯ ਨੂੰ ਚਮੇੜਦਾ ਹੈ। ਜਦ ਉਹ ਆਪਣਾ ਸਮੂਹ ਸੱਚ ਇਨਸਾਨ ਨੂੰ ਵਿਖਾਲ ਦਿੰਦਾ ਹੈ ਜਦ ਉਹ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ। ਸਾਹਿਬ ਆਪ ਪਰਮਾਰਥ ਹੈ ਅਤੇ ਆਪੇ ਹੀ ਮਾਦਾ-ਪ੍ਰਸਤੀ। ਉਹ ਆਪੇ ਦਰਸਾਉਂਦਾ ਹੈ ਤੇ ਆਪਹੀ ਪ੍ਰਗਟ ਹੋ ਜਾਂਦਾ ਹੈ। ਪ੍ਰਭੂ ਆਪ ਸੱਚਾ ਗੁਰੂ ਹੈ ਅਤੇ ਆਪ ਹੀ ਗੁਰਬਾਣੀ। ਨਾਨਕ, ਪ੍ਰਭੂ ਆਪ ਹੀ ਗੁਰਬਾਣੀ ਨੂੰ ਉਚਾਰਦਾ ਹੈ ਅਤੇ ਪ੍ਰਚਾਰਦਾ ਹੈ। ਬਿਲਾਵਲ ਤੀਜੀ ਪਾਤਿਸ਼ਾਹੀ। ਮੇਰੇ ਸੁਆਮੀ ਨੇ ਮੈਨੂੰ ਆਪਣਾ ਗੋਲਾ ਬਣਾ ਲਿਆ ਹੈ ਅਤੇ ਸੁਆਮੀ ਨੇ ਹੀ ਮੈਨੂੰ ਆਪਣੀ ਸੇਵਾ ਬਖਸ਼ੀ ਹੈ। ਹੋਰ ਕਿਹੜੀ ਦਲੀਲ ਕੋਈ ਦੇ ਸਕਦਾ ਹੈ? ਤੇਰੀ ਇਹੋ ਜਿਹੀ ਖੇਡ ਹੈ ਜੇ ਮੇਰੇ ਅਦੁੱਤੀ ਪ੍ਰਭੂ! ਕਿ ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈਂ। ਜਦ ਸੱਚੇ ਗੁਰੂ ਜੀ ਰੀਝ ਜਾਂਦੇ ਹਨ ਤਾਂ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ, ਉਹ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਰਾਤ ਦਿਨ ਉਹ ਸੁਖੈਨ ਹੀ ਸਿਮਰਨ ਵਿੱਚ ਲੀਨ ਰਹਿੰਦਾ ਹੈ। ਠਹਿਰਾਉ। ਆਦਮੀ ਕਿਸ ਤਰ੍ਹਾਂ ਤੇਰੀ ਟਹਿਲ ਕਮਾ ਸਕਦਾ ਹੈ, ਹੇ ਸਾਈਂ? ਕਿਸ ਤਰ੍ਹਾਂ ਉਹ ਆਪਣੇ ਉਦਮ ਤੇ ਹੰਕਾਰ ਕਰ ਸਕਦਾ ਹੈ? ਜਦ ਤੂੰ ਆਪਣੀ ਸੱਤਿਆ ਖਿੱਚ ਲੈਂਦਾ ਹੈ ਤਦ ਕੀ ਕੋਈ ਬੋਲ ਕੇ ਵਿਖਾਲ ਸਕਦਾ ਹੈ, ਹੇ ਪ੍ਰਭੂ! ਹੇ ਮਾਲਕ! ਤੂੰ ਆਪ ਗੁਰੂ ਹੈ ਆਪ ਹੀ ਮੁਰੀਦ ਅਤੇ ਆਪ ਹੀ ਨੇਕੀਆਂ ਦਾ ਖਜਾਨਾ ਹੈ। ਜਿਸ ਤਰ੍ਹਾਂ ਤੂੰ ਟੋਰਦਾ ਹੈ ਅਤੇ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਹੇ ਭਾਗਾਂ ਵਾਲੇ ਪ੍ਰਭੂ! ਉਸੇ ਤਰ੍ਹਾਂ ਹੀ ਕੋਈ ਟੁਰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਤੂੰ ਸੱਚਾ ਸੁਆਮੀ ਹੈਂ ਤੇਰੇ ਕੰਮਾਂ-ਕਾਜਾਂ ਨੂੰ ਕੌਣ ਜਾਣਦਾ ਹੈ? ਕਈਆਂ ਨੂੰ ਤੂੰ ਉਨ੍ਹਾਂ ਦੇ ਘਰ ਅੰਦਰ ਹੀ ਪ੍ਰਭਤਾ ਬਖਸ਼ਦਾ ਹੈਂ ਅਤੇ ਕਈ ਵਹਿਮ ਅਤੇ ਹੰਕਾਰ ਅੰਦਰ ਭਟਕਦੇ ਹਨ। ਬਿਲਾਵਲ ਤੀਜੀ ਪਾਤਿਸ਼ਾਹੀ। ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ। ਇਹ ਖੇਡ (ਜਹਾਨ ਅੰਦਰ ਪ੍ਰਭਤਾ ਸੱਚੇ ਨਾਮ ਦੀ ਹੈ। ਇਸ ਲਈ ਕੋਈ ਜਣਾ ਆਪਣੇ ਆਪ ਤੇ ਹੰਕਾਰ ਨਾਂ ਕਰੇ। ਜੋ ਸੱਚੇ ਗੁਰਾਂ ਦੀ ਸਿਆਣਪ ਨੂੰ ਧਾਰਨ ਕਰ ਲੈਂਦਾ ਹੈ, ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ। ਜੋ ਇਸ ਗੁਰਬਾਣੀ ਨੂੰ ਦਿਲੋਂ ਅਨੁਭਵ ਕਰਦਾ ਹੈ ਉਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸ ਜਾਂਦਾ ਹੈ। ਠਹਿਰਾਉ। ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ। ਪਾਕ ਦਾਮਨੀ, ਸਵੈ-ਜ਼ਬਤ ਅਤੇ ਧਰਮ-ਅਸਥਾਨਾਂ ਦੀ ਯਾਤ੍ਰਾ ਉਨ੍ਹਾਂ ਯੁੱਗਾਂ ਦਾ ਈਮਾਨ ਹੈ। ਕਲਯੁਗ ਅੰਦਰ ਕੇਵਲ ਇਕ ਪ੍ਰਭੂ ਦੇ ਨਾਮ ਦੀ ਮਹਿਮਾ ਹੀ ਸੱਚਾ ਸੁੱਚਾ ਕਰਮ ਹੈ। ਹਰ ਇਕ ਯੁੱਗ ਦਾ ਆਪਣਾ ਨਿੱਜ ਦਾ ਈਮਾਨ ਹੈ। ਤੂੰ ਵੇਦਾਂ ਅਤੇ ਪੁਰਾਣਾਂ ਨੂੰ ਨਿਰਣਯ ਕਰ ਕੇ ਵੇਖ ਲੈ। ਇਸ ਸੰਸਾਰ ਦੇ ਵਿੱਚ ਪੂਰਨ ਅਤੇ ਪਰਵਾਣਿਤ ਕੇਵਲ ਉਹ ਹਨ, ਜੋ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।