Punjabi Version

  |   Golden Temple Hukamnama

Ang: 788

ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ ਦੇ ਮੁੱਲ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਸੁਖੀ ਹੋ ਗਏ ਹਨ। ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੁਆਮੀ ਦੀ ਸਿਫ਼ਤ ਕਰ। ਕੇਵਲ ਉਹ ਹੀ ਹੁੰਦਾ ਹੈ, ਜੋ ਕਰਤਾਰ ਕਰਦਾ ਹੈ। ਸਲੋਕ ਦੂਜੀ ਪਾਤਿਸ਼ਾਹੀ। ਜੋ ਸਾਈਂ ਤੋਂ ਡਰਦੇ ਹਨ, ਉਨ੍ਹਾਂ ਨੂੰ ਹੋਰ ਕੋਈ ਡਰ ਨਹੀਂ। ਜੋ ਸੁਆਮੀ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਬਹੁਤ ਡਰ ਲੱਗਦਾ ਹੈ। ਨਾਨਕ ਇਸ ਭੇਤ ਦਾ ਉਸ ਪ੍ਰਭੂ ਦੇ ਦਰਬਾਰ ਪੁੱਜਿਆਂ ਪਤਾ ਲੱਗਦਾ ਹੈ। ਦੂਜੀ ਪਾਤਿਸ਼ਾਹੀ। ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ ਵਾਲਿਆਂ ਨਾਲ। ਜੀਉਂਦੇ ਜੀਉਦਿਆਂ ਨਾਲ ਮੇਲ-ਮਿਲਾਪ ਕਰਦੇ ਹਨ ਅਤੇ ਮਰੇ ਹੋਏ ਮਰਿਆ ਨਾਲ। ਨਾਨਕ, ਤੂੰ ਉਸ ਦੀ ਸਿਫ਼ਤ ਸ਼ਘਾਲਾ ਕਰ, ਜਿਸ ਨੇ ਰਚਨਾ ਰਚੀ ਹੈ। ਪਉੜੀ। ਜੋ ਸੱਚੇ ਸਾਈਂ ਦਾ ਸਿਮਰਨ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਦੇ ਹਨ, ਉਹ ਸੱਚੇ ਹਨ। ਉਹ ਆਪਣੀ ਹੰਗਤਾ ਨੂੰ ਨਾਸ ਤੇ ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਉਂਦੇ ਹਨ। ਮੂਰਖ ਆਪਣੇ ਘਰਾਂ, ਮੰਦਰਾਂ ਅਤੇ ਅਟਾਰੀਆਂ ਨਾਲ ਜੁੜੇ ਹੋਏ ਹਨ। ਅਧਰਮੀਆਂ ਨੂੰ ਅਨ੍ਹੇਰਿਆਂ ਨੇ ਘੇਰਿਆ ਹੋਇਆ ਹੈ। ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ। ਕੇਵਲ ਉਹ ਹੀ ਤੈਨੂੰ ਸਮਝਦਾ ਹੈ, ਹੇ ਸੱਚੇ ਸੁਆਮੀ ਜਿਸ ਨੂੰ ਤੂੰ ਦਰਸਾਉਂਦਾ ਹੈਂ, ਨਿਹੱਥਲ ਜੀਵ ਕੀ ਕਰ ਸਕਦਾ ਹੈ? ਸਲੋਕ ਤੀਜੀ ਪਾਤਿਸ਼ਾਹੀ। ਹੇ ਸਹੇਲੀਓ! ਤੂੰ ਕੇਵਲ ਤਾਂ ਹੀ ਹਾਰ-ਸ਼ਿੰਗਾਰ ਲਾ ਜਦ ਤੂੰ ਪਹਿਲਾ ਆਪਣੇ ਭਰਤੇ ਨੂੰ ਰਿਝਾ ਲਵੇਂ। ਮਤੇ ਤੇਰਾ ਭਰਤਾ ਤੇਰੇ ਪਲੰਘ ਤੇ ਆਵੇ ਹੀ ਨਾਂ ਅਤੇ ਤੇਰੇ ਹਾਰ-ਸ਼ਿੰਗਾਰ ਬੇਫਾਇਦਾ ਹੀ ਚਲੇ ਜਾਣ। ਜਦ ਪਤਨੀ ਦੇ ਪਤੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ। ਜਦ ਕੰਮ ਆਪਣੀ ਵਹੁਟੀ ਨੂੰ ਪਿਆਰ ਕਰਦਾ ਹੈ, ਤਦ ਉਸ ਦੇ ਹਾਰ-ਸ਼ਿੰਗਾਰ ਕਰਨੇ ਕਬੂਲ ਹੋ ਜਾਂਦੇ ਹਨ। ਹੇ ਪਤਨੀਏ! ਤੂੰ ਸੁਆਮੀ ਦੇ ਡਰ ਨੂੰ ਆਪਣਾ ਗਹਿਣਾ ਗੱਟਾ, ਨਾਮ-ਅੰਮ੍ਰਿਤ ਨੂੰ ਆਪਣਾ ਪਾਨ ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਆਹਾਰ ਬਣਾ! ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਨੂੰ ਅਰਪਨ ਕਰ ਦੇ ਅਤੇ ਤਦ ਹੀ ਉਹ ਤੈਨੂੰ ਮਾਣੇਗਾ। ਤੀਜੀ ਪਾਤਿਸ਼ਾਹੀ। ਵਹੁਟੀ ਸੁਰਮਾ, ਫੁੱਲ, ਪਾਨ ਅਤੇ ਗੁਲਾਬ ਦੇ ਅਤਰ ਨੂੰ ਲੈ ਕੇ ਆਪਣੇ ਆਪ ਨੂੰ ਸਜਾਉਂਦੀ ਹੈ। ਪਰ ਜੇਕਰ ਉਸ ਦਾ ਖਸਮ ਉਸ ਦੇ ਬਿਸਤਰੇ ਤੇ ਨਹੀਂ ਆਉਂਦਾ ਤਾਂ ਇਹ ਸਭ ਵਿਅਰਥ ਜਾਂਦਾ ਹੈ। ਤੀਜੀ ਪਾਤਿਸ਼ਾਹੀ। ਉਹ ਪਤੀ ਤੇ ਪਤਨੀ ਨਹੀਂ ਕਹੇ ਜਾਂਦੇ ਜੋ ਕੇਵਲ ਮਿਲ ਕੇ ਬੈਠਦੇ ਹਨ। ਸਗੋਂ ਕੇਵਲ ਉਹ ਹੀ ਪਤੀ ਤੇ ਪਤਨੀ ਕਹੇ ਜਾਂਦੇ ਹਨ, ਜਿਨ੍ਹਾਂ ਦੇ ਦੋ ਸਰੀਰਾਂ ਵਿੱਚ ਆਤਮਾ ਇਕ ਹੈ। ਪਉੜੀ। ਪ੍ਰਭੂ ਦੇ ਡਰ ਦੇ ਬਾਝੋਂ ਬੰਦਾ ਉਸ ਦੀ ਘਾਲ ਕਮਾ ਨਹੀਂ ਸਕਦਾ ਅਤੇ ਨਾਂ ਹੀ ਉਸ ਦਾ ਨਾਮ ਨਾਲ ਪ੍ਰੇਮ ਪੈਂਦਾ ਹੈ। ਸੱਚੇ ਗੁਰਾਂ ਨਾਲ ਮਿਲ ਕੇ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਨਾਲ ਬੰਦੇ ਦਾ ਸਰੂਪ ਸ਼ਸ਼ੋਭਤ ਹੋ ਜਾਂਦਾ ਹੈ। ਜਿਸ ਦੀ ਦੇਹ ਅਤੇ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਆਪਣੇ ਹੰਕਾਰ ਤੇ ਖਾਹਿਸ਼ ਦਾ ਮਲੀਆਮੇਟ ਕਰ ਦਿੰਦਾ ਹੈ। ਜਿਸ ਨੂੰ ਹੰਕਾਰ ਦਾ ਵੈਰੀ ਸਾਹਿਬ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਅਤੇ ਦੇਹ ਪਵਿੱਤਰ ਅਤੇ ਪਰਮ ਸੁੰਦਰ ਹੋ ਜਾਂਦੇ ਹਨ। ਡਰ ਅਤੇ ਪ੍ਰੇਮ ਸਭ ਉਸ ਦੀ ਮਲਕੀਅਤ ਹਨ। ਉਹ ਸੱਚਾ ਸਾਹਿਬ ਆਲਮ ਅੰਦਰ ਵਿਆਪਕ ਹੋ ਰਿਹਾ ਹੈ। ਸਲੋਕ ਪਹਿਲੀ ਪਾਤਿਸ਼ਾਹੀ। ਸੁਬਹਾਨ! ਸੁਬਹਾਨ ਹੈਂ ਤੂੰ ਹੇ ਸੁਆਮੀ! ਜਿਸ ਨੇ ਸ਼੍ਰਿਸ਼ਟੀ ਨੂੰ ਸਾਜ ਕੇ ਸਾਨੂੰ ਬਣਾਇਆ ਹੈ। ਤੂੰ ਹੀ ਸਮੁੰਦਰ ਦੇ ਤਰੰਗ, ਸਮੁੰਦਰ, ਪਾਣੀ ਦੇ ਛੱਭ, ਬਨਾਸਪਤੀ, ਬੱਦਲ ਅਤੇ ਪਹਾੜ ਰਹੇ ਹਨ। ਖੁਦ ਰਚਨਾ ਨੂੰ ਰਚ ਕੇ, ਤੂੰ ਖੁਦ ਹੀ ਇਸ ਵਿੱਚ ਖਲੋਤਾ ਹੋਇਆ ਹੈਂ, ਹੇ ਸੁਆਮੀ! ਸਾਰਾ ਕੁਛ ਤੂੰ ਆਪੇ ਹੀ ਹੈਂ। ਗੁਰੂ-ਸਮਰਪਣਾਂ ਦੀ ਘਾਲ ਕਬੂਲ ਪੈ ਜਾਂਦੀ ਹੈ ਅਤੇ ਬੈਕੁੰਠੀ ਪ੍ਰਸੰਨਤਾ ਅੰਦਰ, ਉਹ ਨਾਮ ਦੇ ਜੌਹਰ ਦੀ ਕਮਾਈ ਕਰਦੇ ਹਨ। ਉਨ੍ਹਾਂ ਨੂੰ ਆਪਣੀ ਮਿਹਨਤ ਦੀ ਮਜ਼ਦੂਰੀ ਮਿਲ ਜਾਂਦੀ ਹੈ ਅਤੇ ਉਹ ਸੁਆਮੀ ਦੇ ਬੂਹੇ ਤੇ ਹਰ ਘੜੀ ਖੈੌਰ ਮੰਗਦੇ ਹਨ। ਨਾਨਕ, ਪਰੀਪੂਰਨ ਹੈ ਬੇ-ਮੁਹਤਾਜ ਸੁਆਮੀ ਦਾ ਦਰਬਾਰ, ਹੇ ਮੇਰੇ ਸੱਚੇ ਬੇ-ਮੁਹਤਾਜ ਸੁਆਮੀ! ਕੋਈ ਭੀ ਤੇਰੇ ਦਰਬਾਰ ਤੋਂ ਖਾਲੀ ਨਹੀਂ ਮੁੜਦਾ। ਪਹਿਲੀ ਪਾਤਿਸ਼ਾਹੀ। ਚਮਕੀਲੇ ਸੁੰਦਰ ਮੋਤੀਆਂ ਵਰਗੇ ੰਦ, ਨੇਤ੍ਰਾਂ ਦੇ ਹੀਰਿਆਂ ਨਾਲ ਜੜੇ ਹੋਏ ਹਨ। ਨਾਨਕ, ਬੁਢੇਪਾ ਉਨ੍ਹਾਂ ਦਾ ਦੁਸ਼ਮਨ ਹੈ। ਜਦ ਬਿਰਧ ਹੋ ਜਾਂਦੇ ਹਨ, ਤਦ ਉਹ ਨਸ਼ਟ ਹੋ ਗਏ ਹਨ।