Punjabi Version

  |   Golden Temple Hukamnama

Ang: 611

ਹੇ ਮੇਰੀ ਜਿੰਦੜੀਏ! ਸੰਤਾਂ ਦੀ ਸ਼ਰਣ ਲੈਣ ਨਾਲ ਮੋਖਸ਼ ਪ੍ਰਾਪਤ ਹੁੰਦੀ ਹੈ। ਪੂਰਨ ਗੁਰਾਂ ਦੇ ਬਾਝੋਂ ਜੰਮਣ ਤੇ ਮਰਨ ਮੁੱਕਦੇ ਨਹੀਂ ਸਗੋਂ ਪ੍ਰਾਣੀ ਮੁੜ ਮੁੜ ਕੇ ਆਉਂਦਾ ਰਹਿੰਦਾ ਹੈ। ਠਹਿਰਾਉ। ਉਹ ਜਿਸ ਨੂੰ ਵਹਿਮ ਦਾ ਭੁਲੇਖਾ ਆਖਦੇ ਹਨ, ਉਸ ਅੰਦਰ ਸਾਰਾ ਜਹਾਨ ਉਲਝਿਆ ਹੋਇਆ ਹੈ। ਪ੍ਰੰਤੂ, ਬਲਵਾਨ ਪ੍ਰਭੂ ਦਾ ਪੂਰਾ ਸੰਤ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਰਹਿੰਦਾ ਹੈ। ਸੰਸਾਰ ਨੂੰ ਕਿਸੇ ਗੱਲੋਂ ਬੁਰਾ ਭਲਾ ਨਾਂ ਆਖ, ਕਿਉਂ ਜੋ ਇਹ ਮਾਲਕ ਦਾ ਰਚਿਆ ਹੋਇਆ ਹੈ। ਜਿਸ ਉਤੇ ਮੇਰੇ ਮਾਲਕ ਦੀ ਰਹਿਮਤ ਹੈ, ਉਹ ਸਤਿਸੰਗਤ ਅੰਦਰ ਨਾਮ ਦਾ ਸਿਮਰਨ ਕਰਦਾ ਹੈ। ਸੱਚੇ ਗੁਰੂ ਜੀ ਆਦੀ ਨਿਰੰਕਾਰ, ਪਰਮ ਪ੍ਰਭੂ ਦਾ ਸਰੂਪਂ ਹਨ ਅਤੇ ਸਾਰਿਆਂ ਦਾ ਪਾਰ ਉਤਾਰਾ ਕਰਦੇ ਹਨ। ਗੁਰੂ ਜੀ ਆਖਦੇ ਹਨ, ਗੁਰਾਂ ਦੇ ਬਾਝੋਂ ਆਦਮੀ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਰੀਆਂ ਸੋਚ-ਵੀਚਾਰਾਂ ਦਾ ਇਹ ਮੁਕੰਮਲ ਨਚੋੜ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਭਾਲਦਿਆਂ, ਭਾਲਦਿਆਂ ਅਤੇ ਭਾਲਦਿਆਂ ਮੈਂ ਇਸ ਨਤੀਜੇ ਤੇ ਪੁੱਜਿਆ ਹਾਂ, ਕਿ ਕੇਵਲ ਸਾਹਿਬ ਦਾ ਨਾਮ ਹੀ ਸ੍ਰੇਸ਼ਟ ਅਸਲੀਅਤ ਹੈ। ਇਕ ਮੁਹਤ ਭਰ ਭੀ ਇਸ ਦਾ ਸਿਮਰਨ ਕਰਨ ਦੁਆਰਾ ਪਾਪ ਕੱਟੇ ਜਾਂਦੇ ਹਨ ਅਤੇ ਗੁਰੂ-ਸਮਰਪਨ ਹੋ ਪ੍ਰਾਣੀ ਪਾਰ ਉਤੱਰ ਜਾਂਦਾ ਹੈ। ਹੇ ਰੱਬੀ ਵੀਚਾਰ ਵਾਲਿਆ ਪੁਰਸ਼ਾ! ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ। ਸੰਤਾਂ ਦੇ ਸੁਧਾ-ਅੰਮ੍ਰਿਤ ਬਚਨ ਸੁਨਣ ਦੁਆਰਾ ਆਤਮਾ ਪਰਮ ਸੰਤੁਸ਼ਟਤਾ ਨੂੰ ਪ੍ਰਾਪਤ ਕਰ ਜਾਂਦੀ ਹੈ। ਠਹਿਰਾਉ। ਕਲਿਆਣ, ਨਿਆਮਤਾਂ ਅਤੇ ਸੱਚੀ ਜੀਵਨ-ਰਹੁ ਰੀਤੀ ਸਾਰੀਆਂ ਖੁਸ਼ੀਆਂ ਦੇ ਦੇਣਹਾਰ ਸੁਆਮੀ ਪਾਸੋਂ ਪ੍ਰਾਪਤ ਹੁੰਦੀਆਂ ਹਨ। ਸਰਬ-ਵਿਆਪਕ ਸਿਰਜਣਹਾਰ ਸੁਆਮੀ, ਆਪਣੇ ਗੋਲੇ ਨੂੰ ਆਪਣੇ ਸਿਮਰਨ ਦੀ ਦਾਤ ਦਿੰਦਾ ਹੈ। ਸਾਹਿਬ ਦੀ ਮਹਿਮਾ ਨੂੰ ਆਪਣੇ ਕੰਨਾਂ ਨਾਲ ਸੁਣ, ਆਪਣੀ ਜੀਭ੍ਹਾ ਨਾਲ ਗਾਇਨ ਕਰ ਅਤੇ ਆਪਣੇ ਮਨ ਵਿੱਚ ਤੂੰ ਉਸ ਨੂੰ ਯਾਦ ਕਰ। ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਜਿਸ ਦੇ ਬਗੈਰ ਹੋਰ ਕੋਈ ਭੀ ਨਹੀਂ। ਚੰਗੇ ਨਸੀਬਾਂ ਰਾਹੀਂ ਮੈਨੂੰ ਮਨੁੱਖੀ ਜੀਵਨ ਦਾ ਹੀਰਾ ਮਿਲਿਆ ਹੈ। ਹੁਣ ਮੇਰੇ ਤੇ ਮਿਹਰ ਧਾਰ, ਹੇ ਮਿਹਰਬਾਨ ਮਾਲਕ! ਸਤਿ ਸੰਗਤ ਅੰਦਰ ਨਾਨਕ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਹੀ ਉਸ ਨੂੰ ਆਰਾਧਦਾ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਨਹਾ ਧੋ ਕੇ, ਤੂੰ ਮਾਲਕ ਨੂੰ ਯਾਦ ਕਰ, ਇਸ ਤਰ੍ਹਾਂ ਤੇਰੀ ਆਤਮਾ ਤੇ ਦੇਹ ਰੋਗ-ਰਹਿਤ ਹੋ ਜਾਣਗੇ। ਸੁਆਮੀ ਦੀ ਸ਼ਰਣਾਗਤ ਅੰਦਰ ਕਰੋੜਾਂ ਹੀ ਔਕੜਾਂ ਦੂਰ ਹੋ ਜਾਂਦੀਆਂ ਹਨ ਤੇ ਚੰਗੇ ਭਾਗ ਉਂਦੇ ਹੋ ਆਉਂਦੇ ਹਨ। ਸੁਆਮੀ ਵਾਹਿਗੁਰੂ ਦੀ ਬਾਣੀ ਤੇ ਬਚਨ ਮਹਾਂ ਸ੍ਰੇਸ਼ਟ ਕਥਨ ਹਨ। ਸਦੀਵ ਹੀ ਉਨ੍ਹਾਂ ਨੂੰ ਗਾਇਨ ਤੇ ਸ੍ਰਵਣ ਕਰ ਅਤੇ ਵਾਚ, ਹੇ ਵੀਰ! ਅਤੇ ਪੂਰਨ ਗੁਰਦੇਵ ਜੀ ਮੇਰੀ ਰੱਖਿਆ ਕਰਨਗੇ। ਠਹਿਰਾਉ। ਬੇ-ਅੰਦਾਜ ਹੈ ਸੱਚੇ ਸੁਆਮੀ ਦੀ ਵਿਸ਼ਾਲਤਾ। ਮਿਹਰਬਾਨ ਮਾਲਕ ਆਪਣੇ ਸੰਤਾਂ ਦਾ ਪਿਆਰਾ ਹੈ। ਉਹ ਆਪਣੇ ਸਾਧੂਆਂ ਦੀ ਇੱਜ਼ਤ ਆਬਰੂ ਰੱਖਦਾ ਰਿਹਾ ਹੈ। ਉਨ੍ਹਾਂ ਨੂੰ ਪਾਲਣ-ਪੋਸਣਾ ਉਸ ਦੀ ਮੁੱਢ ਕਦੀਮੀ ਖਸਲਤ ਹੈ। ਵਾਹਿਗੁਰੂ ਦਾ ਸੁਧਾ-ਅੰਮ੍ਰਿਤ ਨਾਮ ਤੂੰ ਸਦਾ ਹੀ ਪ੍ਰਸ਼ਾਦ ਵੱਜੋਂ ਛਕ ਅਤੇ ਹਰ ਵੇਲੇ ਇਸ ਨੂੰ ਆਪਣੇ ਮੂੰਹ ਵਿੱਚ ਪਾ। ਹਰ ਰੋਜ਼ ਹੀ ਤੂੰ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰ ਅਤੇ ਬੁਢੇਪੇ ਤੇ ਮੌਤ ਦੀਆਂ ਤੇਰੀਆਂ ਸਾਰੀਆਂ ਪੀੜਾਂ ਦੌੜ ਜਾਣਗੀਆਂ। ਮੈਂਡੇ ਮਾਲਕ ਨੇ ਮੇਰੀ ਬੇਨਤੀ ਸੁਣ ਲਈ ਹੈ, ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ। ਗੁਰੂ ਨਾਨਕ ਦੀ ਪ੍ਰਭਤਾ, ਸਾਰਿਆਂ ਯੁੱਗਾਂ ਅੰਦਰ ਰੋਸ਼ਨ ਹੋ ਗਈ ਹੈ। ਸੋਰਠਿ ਪੰਜਵੀਂ ਪਾਤਿਸ਼ਾਹੀ। ਚਉਪਦੇ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਇਕ ਪ੍ਰਭੂ ਹੀ ਸਾਰਿਆਂ ਦਾ ਬਾਪੂ ਹੈ। ਅਸੀਂ ਇਕਸ ਪ੍ਰਭੂ ਦੇ ਹੀ ਬੱਚੇ ਹਾਂ। ਤੂੰ ਹੇ ਪ੍ਰਭੂ! ਸਾਡਾ ਗੁਰੂ ਹੈ। ਤੂੰ ਸ੍ਰਵਣ ਕਰ, ਹੇ ਹਰੀ, ਮੇਰੇ ਮਿੱਤਰ! ਆਪਣੀ ਜਿੰਦੜੀ ਮੈਂ ਤੇਰੇ ਉਤੋਂ ਘੋਲ ਘਤਾਂਗਾ, ਜੇਕਰ ਤੂੰ ਮੈਨੂੰ ਆਪਣਾ ਦੀਦਾਰ ਵਿਖਾਲ ਦੇਵੇਂ।