Punjabi Version

  |   Golden Temple Hukamnama

Ang: 666

ਨਾਨਕ, ਸਾਹਿਬ ਖੁਦ ਦੇਖਦਾ ਹੈ, ਅਤੇ ਖੁਦ ਹੀ ਇਨਸਾਨ ਨੂੰ ਸੱਚ ਨਾਲ ਜੋੜਦਾ ਹੈ। ਧਨਾਸਰੀ ਤੀਜੀ ਪਾਤਿਸ਼ਾਹੀ। ਸੁਆਮੀ ਦੇ ਨਾਮ ਦਾ ਮੁੱਲ ਅਤੇ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਮੁਬਾਰਕ ਹਨ ਉਹ ਪੁਰਸ਼ ਜੋ ਆਪਣੀ ਬਿਰਤੀ ਕੇਵਲ ਨਾਮ ਨਾਲ ਹੀ ਜੋੜਦੇ ਹਨ। ਸੱਚਾ ਹੈ ਗੁਰਾਂ ਦਾ ਉਪਦੇਸ਼ ਅਤੇ ਸੱਚਾ ਹੈ ਸੁਆਮੀ ਦਾ ਸਿਮਰਨ। ਆਪਣੀ ਬੰਦਗੀ ਦੀ ਵਿਚਾਰ ਦੇ ਕੇ, ਸੁਆਮੀ ਖੁਦ ਹੀ ਬੰਦੇ ਨੂੰ ਮਾਫ ਕਰ ਦਿੰਦਾ ਹੈ। ਅਦਭੁਤ ਹੈ ਵਾਹਿਗੁਰੂ ਦਾ ਨਾਮ। ਪ੍ਰਭੂ ਖੁਦ ਹੀ ਇਸ ਦਾ ਪ੍ਰਚਾਰ ਕਰਦਾ ਹੈ। ਕਾਲੇ ਯੁੱਗ ਅੰਦਰ ਗੁਰਾਂ ਦੇ ਰਾਹੀਂ, ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਓ। ਅਸੀਂ ਬੇਸਮਝ ਹਾਂ ਅਤੇ ਬੇਸਮਝੀ ਹੀ ਸਾਡੇ ਚਿੱਤ ਵਿੱਚ ਹੈ, ਅਤੇ ਅਸੀਂ ਸਾਰੇ ਕੰਮ ਹੰਕਾਰ ਅੰਦਰ ਕਰਦੇ ਹਾਂ। ਗੁਰਾਂ ਦੀ ਦਇਆ ਦੁਆਰਾ ਇਹ ਹੰਕਾਰ ਦੂਰ ਹੋ ਜਾਂਦਾ ਹੈ, ਅਤੇ ਸਾਨੂੰ ਮਾਫੀ ਦੇ ਕੇ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਸੰਸਾਰ ਦੇ ਧਨ ਪਦਾਰਥ ਘਣਾ ਹੰਕਾਰ ਪੈਦਾ ਕਰਦੇ ਹਨ, ਅਤੇ ਇਨਸਾਨ ਹੰਗਤਾ ਅੰਦਰ ਗਰਕ ਹੋ ਜਾਂਦਾ ਹੈ ਤੇ ਇਜ਼ਤ ਆਬਰੂ ਨਹੀਂ ਪਾਉਂਦਾ। ਸਵੈ-ਹੰਗਤਾ ਨੂੰ ਤਿਆਗ, ਬੰਦਾ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਉਸ ਸੱਚੇ ਸਾਈਂ ਦਾ ਜੱਸ ਕਰਦਾ ਹੈ। ਉਹ ਕਰਤਾਰ ਆਪ ਹੀ ਸਾਰਿਆਂ ਨੂੰ ਸਿਰਜਦਾ ਹੈ। ਉਸ ਦੇ ਬਗੈਰ ਹੋਰ ਦੂਸਰਾ ਕੋਈ ਹੈ ਹੀ ਨਹੀਂ। ਕੇਵਲ ਓਹੀ ਸੱਚ ਨਾਲ ਜੁੜਦਾ ਹੈ, ਜਿਸ ਨੂੰ ਸਾਹਿਬ ਆਪ ਜੋੜਦਾ ਹੈ। ਨਾਨਕ ਨਾਮ ਦੇ ਰਾਹੀਂ ਪ੍ਰਾਣੀ ਇਸ ਤੋਂ ਮਗਰੋਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ। ਰਾਗ ਧਨਾਸਰੀ ਤੀਜੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਾਇਆ ਜਾਂਦਾ ਹੈ। ਮੈਂ ਤੈਡਾਂ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ। ਮਿਹਰਬਾਨ ਹੋ ਅਤੇ ਮੈਨੂੰ ਆਪਣੇ ਮੰਗਤੇ ਨੂੰ, ਆਪਣਾ ਨਾਮ ਪ੍ਰਦਾਨ ਕਰ, ਤਾਂ ਜੋ ਮੈਂ ਹਮੇਸ਼ਾਂ ਤੇਰੀ ਪ੍ਰੀਤ ਨਾਲ ਰੰਗੀਜਿਆ ਰਹਾਂ, ਹੇ ਸੁਆਮੀ! ਮੈਂ ਤੇਰੇ ਨਾਮ ਉਤੋਂ ਕੁਰਬਾਨ ਹਾਂ, ਹੇ ਸੱਚੇ ਸੁਆਮੀ! ਇੱਕ ਸਾਹਿਬ ਹੀ ਸਾਰਿਆਂ ਹੇਤੂਆਂ ਦਾ ਹੇਤੂ ਹੈ, ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਓ। ਮੈਂ, ਕਮੀਨੇ ਨੇ, ਜੂਨੀਆਂ ਵਿੱਚ ਘਣੇਰੇ ਚੱਕਰ ਕੱਟੇ ਹਨ। ਹੁਣ ਹੇ ਸੁਆਮੀ! ਮੇਰੇ ਉਤੇ ਕੁਝ ਰਹਿਮਤ ਧਾਰ। ਮਿਹਰਬਾਨ ਹੋ, ਤੇ ਮੈਨੂੰ ਆਪਣਾ ਦੀਦਾਰ ਵਿਖਾਲ। ਮੈਨੂੰ ਐਹੋ ਜਿਹੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ। ਗੁਰੂ ਜੀ ਆਖਦੇ ਹਨ, ਭਰਮ ਦੇ ਕਵਾੜ (ਪੜਦੇ) ਖੁਲ੍ਹ ਗਏ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸਾਈਂ ਨੂੰ ਜਾਣ ਲਿਆ ਹੈ। ਸੱਚੀ ਪ੍ਰੀਤ ਮੇਰੇ ਅੰਦਰ ਘਰ ਕਰ ਗਈ ਹੈ ਅਤੇ ਮੇਰਾ ਮਨੂਆ ਸੱਚੇ ਗੁਰਾਂ ਨਾਲ ਪਤੀਜ ਗਿਆ ਹੈ। ਧਨਾਸਰੀ ਚੌਥੀ ਪਾਤਿਸ਼ਾਹੀ। ਚਉਪਦੇ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹੇ ਹਰੀ! ਸਾਧੂ ਤੇ ਸ਼ਰਧਾਲੂ ਜੋ ਤੇਰੀ ਘਾਲ ਕਮਾਉਂਦੇ ਹਨ, ਤੂੰ ਉਹਨਾਂ ਦੇ ਸਾਰੇ ਪਾਪ ਧੋ ਸੁੱਟਦਾ ਹੈਂ। ਮੇਰੇ ਉਤੇ ਰਹਿਮਤ ਧਾਰ, ਹੇ ਠਾਕੁਰ ਅਤੇ ਮੈਨੂੰ ਉਸ ਸਭਾ ਅੰਦਰ ਰੱਖ ਜਿਹੜੀ ਮਿੱਠੜੀ ਲੱਗਦੀ ਹੈ। ਜਗਤ ਜੰਗਲ ਦੇ ਮਾਲੀ ਵਾਹਿਗੁਰੂ ਦੀ ਕੀਰਤੀ ਮੈਂ ਵਰਣਨ ਨਹੀਂ ਕਰ ਸਕਦਾ। ਅਸੀਂ ਗੁਨਾਹਗਾਰ ਪੱਥਰ ਦੀ ਨਿਆਈਂ, ਪਾਣੀ ਵਿੱਚ ਡੁੱਬ ਰਹੇ ਹਾਂ। ਮਿਹਰ ਧਾਰ ਤੇ ਸਾਡਾ, ਪੱਥਰਾਂ ਦਾ, ਪਾਰ ਉਤਾਰਾ ਕਰ ਦੇ। ਠਹਿਰਾਓ। ਅਨੇਕਾਂ ਜਨਮਾਂ ਦੇ ਪਾਪਾਂ ਦਾ ਜੰਗਾਲ ਸਾਨੂੰ ਲੱਗਾ ਹੋਇਆ ਸੀ, ਸਤਿਸੰਗਤ ਨਾਲ ਜੁੜਨ ਦੁਆਰਾ ਇਹ ਐਉਂ ਲਹਿ ਗਿਆ ਹੈ, ਜਿਸ ਤਰ੍ਹਾਂ ਅੱਗ ਵਿੱਚ ਤੱਤਾ ਕਰਨ ਨਾਲ ਸੋਨੇ ਦੀ ਮੈਲ ਪੂਰੀ ਤਰ੍ਹਾਂ ਲਹਿ ਅਤੇ ਉਤਰ ਜਾਂਦੀ ਹੈ। ਦਿਨ ਰਾਤ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਸੁਆਮੀ ਮਾਲਕ ਦੇ ਨਾਮ ਦਾ ਜਾਪ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਥਾਉਂਦਾ ਹਾਂ। ਸੁਆਮੀ ਮਾਲਕ ਦਾ ਨਾਮ ਇਸ ਜਗਤ ਅੰਦਰ ਕਾਮਲ ਦਵਾਈ ਹੈ, ਸਾਈਂ ਦੇ ਨਾਮ ਦਾ ਉਚਾਰਨ ਕਰ ਕੇ ਮੈਂ ਆਪਣੀ ਹੰਗਤਾ ਮਾਰ ਸੁੱਟੀ ਹੈ।