Punjabi Version

  |   Golden Temple Hukamnama

Ang: 963

ਸਲੋਕ ਪੰਜਵੀਂ ਪਾਤਸਾਹੀ। ਅੰਮ੍ਰਿਤ ਹੈ ਗੁਰਾਂ ਦੀ ਬਾਣੀ, ਮਿੱਠਾ ਹੈ ਇਸ ਦਾ ਸੁਆਦ ਅਤੇ ਸੁਧਾ-ਸਰੁਪ ਹੈ ਸੁਆਮੀ ਦਾ ਨਾਮ। ਆਪਣੇ ਚਿੱਤ ਦੇਹ ਅਤੇ ਦਿਲ ਅੰਦਰ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਅੱਠੇ ਪਹਿਰ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਆਲਾਪ। ਹੇ ਗੁਰੂ ਦੇ ਸਿੱਖੋ! ਤੁਸੀਂ ਗੁਰਾਂ ਦੀ ਸਿਫ਼ਤ ਸ੍ਰਵਣ ਕਰੋ। ਕੇਵਲ ਇਹ ਹੀ ਤੁਹਾਡੀ ਜ਼ਿੰਦਗੀ ਦਾ ਸੱਚਾ ਮਨੋਰਥ ਹੈ। ਇਸ ਤਰ੍ਹਾਂ ਤੁਹਾਡਾ ਅਮੋਲਕ ਜੀਵਨ ਫਲਦਾਇਕ ਥੀ ਵੰਝੇਗਾ ਅਤੇ ਤੁਹਾਡੇ ਚਿੱਤ ਵਿੱਚੱ ਪ੍ਰਭੂ ਨਾਲ ਪਿਆਰ ਪੈ ਜਾਵੇਗਾ। ਸਾਈਂ ਨੂੰ ਯਾਦ ਕਰਨ ਦੁਆਰਾ ਬੰਦਾ ਘਣੇਰੇ ਸੁਖ ਅਡੋਲਤਾ ਅਤੇ ਖ਼ੁਸ਼ੀ ਪਾ ਲੈਂਦਾ ਹੈ ਅਤੇ ਰੰਜ ਗਮ ਤੋਂ ਖਲਾਸੀ ਪਾ ਜਾਂਦਾ ਹੈ। ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਤੇ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚੱ ਥਾਂ ਮਿਲ ਜਾਂਦੀ ਹੈ। ਪੰਜਵੀਂ ਪਾਤਸ਼ਾਹੀ। ਹੇ ਨਾਨਕ! ਪੂਰਨ ਗੁਰਦੇਵ ਜੀ ਸਿਖਮੱਤ ਦਿੰਦੇ ਹਨ, ਕਿ ਪ੍ਰਾਨੀ ਨੂੰ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਸਾਈਂ ਦੀ ਰਜ਼ਾ ਅੰਦਰ, ਇਨਸਾਨ ਉਪਾਸ਼ਨਾ ਤਪੱਸਿਆ ਅਤੇ ਸਵੈ-ਜ਼ਬਤ ਕਮਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਸ ਨੂੰ ਬੰਦਖਲਾਸ ਕਰ ਦਿੰਦਾ ਹੈ। ਆਪਣੀ ਰਜ਼ਾ ਅੰਦਰ, ਸੁਆਮੀ ਪ੍ਰਾਨੀ ਨੂੰ ਜੂਨੀਆਂ ਅੰਦਰ ਧਕਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਸ ਨੂੰ ਮਾਫ ਕਰ ਦਿੰਦਾ ਹੈ। ਉਸ ਦੀ ਰਜ਼ਾ ਅੰਦਰ ਅਸੀਂ ਖੇਦ ਅਤੇ ਖੁਸ਼ੀ ਪਾਉਂਦੇ ਹਾਂ ਅਤੇ ਉਸ ਦੀ ਰਜ਼ਾ ਵਿੱਚ ਹੀ ਅਸੀਂ ਅਮਲ ਕਮਾਉਂਦੇ ਹਾਂ। ਆਪਣੀ ਰਜ਼ਾ ਅੰਦਰ ਧੂੜ ਨੂੰ ਸਰੂਪ ਦੇ ਕੇ ਸੁਆਮੀ ਆਪਣੀ ਰਜ਼ਾ ਦੁਆਰਾ, ਇਸ ਅੰਦਰ ਆਪਣਾ ਪ੍ਰਕਾਸ਼ ਟਿਕਾ ਦਿੰਦਾ ਹੈ। ਆਪਣੀ ਰਜ਼ਾ ਵਿੱਚ ਸੁਆਮੀ ਬੰਦੇ ਪਾਸੋਂ ਨੌਂ ਨਿਆਮਤਾਂ ਮਨਵਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਨ੍ਹਾਂ ਨੂੰ, ਉਸ ਨੂੰ ਨਹੀਂ ਦਿੰਦਾ। ਸਾਈਂ ਦੀ ਰਜ਼ਾ ਅੰਦਰ ਬੰਦਾ ਦੋਜ਼ਕ ਤੇ ਬਹਿਸ਼ਤ ਵਿੱਚ ਚਲਿਆ ਜਾਂਦਾ ਹੈ ਅਤੇ ਉਸਦੀ ਰਜ਼ਾ ਅੰਦਰ ਉਹ ਧਰਤੀ ਤੇ ਜਾ ਡਿਗਦਾ ਹੈ। ਨਾਨਕ, ਕੋਈ ਇੱਕ ਅੱਧਾ ਹੀ ਹੈ, ਜਿਸ ਨੂੰ ਸੁਆਮੀ ਆਪਣੇ ਹੁਕਮ ਦੁਆਰਾ, ਆਪਣੇ ਸਿਮਰਨ ਅੰਦਰ ਜੋੜਦਾ ਹੈ। ਪਉੜੀ। ਮੈਂ ਸੁਆਮੀ ਦੇ ਸੱਚੇ ਨਾਮ ਦੀ ਮਹਾਨਤਾ ਸ੍ਰਵਣ ਕਰ, ਕਰ ਕੇ ਜੀਉਂਦਾ ਹਾਂ। ਇੱਕ ਮੁਹਤ ਅੰਦਰ, ਨਾਮ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਡੰਗਰਾਂ ਤੇ ਭੂਤਾਂ ਦੀ ਤਰ੍ਹਾਂ ਬੇਸਮਝ ਹਨ। ਸੋ ਦਿਹੁੰ ਤੇ ਰਾਤ ਅਤੇ ਸਦੀਵ ਤੇ ਹਮੇਸ਼ਾ, ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਮੈਂਡੇ ਮਾਲਕ! ਡਰਾਉਣੀ ਤ੍ਰੇਹ ਤੇ ਖੁਦਿਆ ਤੇਰੇ ਨਾਮ ਨਾਲ, ਹੇ ਵਾਹਿਗੁਰੂ, ਤ੍ਰਿਪਤ ਹੋ ਜਾਂਦੀਆਂ ਹਨ। ਬੀਮਾਰੀ, ਸ਼ੋਕ ਅਤੇ ਕਸ਼ਟ ਕਿਸੇ ਪਾਸੋਂ ਦੋੜ ਜਾਂਦੇ ਹਨ, ਜਿਸ ਦੇ ਹਿਰਦੇ ਅੰਦਰ ਨਾਮ ਨਿਵਾਸ ਰਖਦਾ ਹੈ। ਕੇਵਲ ਉਹ ਹੀ ਆਪਣੇ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਾਂ ਦੀ ਬਾਣੀ ਦਾ ਪਿਆਰ ਨਾਲ ਉਚਾਰਨ ਕਰਦਾ ਹੈ। ਅਨੰਤ ਸੁਆਮੀ ਖੰਡਾਂ ਬ੍ਰਹਮੰਡਾਂ ਅਤੇ ਪੂਰੀਆਂ ਦੇ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ। ਹੇ ਸੱਚੇ ਸੁਆਮੀ, ਮੈਂਡੇ ਪ੍ਰੀਤਮ! ਤੈਂਡੀ ਕੀਰਤੀ ਦੇ ਕੇਵਲ ਤੂੰ ਹੀ ਲਾਇਕ ਹੈਂ। ਸਲੋਕ ਪੰਜਵੀਂ ਪਾਤਸ਼ਾਹੀ। ਕਸੁੰਭੇ ਦੇ ਫਲ ਦੀ ਰੰਗਤ ਦੀ ਬਹਿਕਾਈ ਹੋਈ ਨੇ, ਹੇ ਨਾਨਕ! ਮੈਂ ਆਪਣਾ ਪੂਜਯ ਪਿਆਰਾ ਸਜਨ ਤਿਆਗ ਕੇ ਹੱਥੋਂ ਵੰਝਾ ਲਿਆ ਹੈ। ਤੈਡਾਂ ਮੁੱਲ, ਹੇ ਮੈਂਡੇ ਮਿੱਤਰ! ਮੈਂ ਪਾ ਨਹੀਂ ਸਕਦੀ। ਤੇਰੇ ਬਗੈਰ ਮੇਰਾ ਅੱਧੀ ਕੋਡੀ ਭੀ ਮੁਲ ਨਹੀਂ ਪੈ ਸਕਦਾ। ਪੰਜਵੀਂ ਪਾਤਸ਼ਾਹੀ। ਮੇਰੀ ਸੱਸ ਮੇਰੀ ਵੈਰਨ ਹੈ, ਮੇਰਾ ਸਹੁਰਾ ਝਗੜਾਲੂ ਅਤੇ ਮੇਰਾ ਜੇਠ ਪੈਰ ਪੈਰ ਤੇ ਮੈਨੂੰ ਸਾੜਦਾ ਹੈ, ਹੇ ਨਾਨਕ! ਜਦ ਤੂੰ ਹੇ ਸੁਆਮੀ! ਮੈਡਾਂ ਮਿੱਤਰ ਹੈਂ, ਤਾਂ ਸਾਰੇ ਜਣੇ ਖੇਹ ਛਾਣਦੇ ਤੁਰੇ ਫਿਰਨ। ਪਉੜੀ। ਤੂੰ ਹੇ ਸਾਹਿਬ! ਉਸ ਦੀ ਪੀੜ ਦੂਰ ਕਰ ਦਿੰਦਾ ਹੈਂ, ਜਿਸ ਦੇ ਹਿਰਦੇ ਅੰਦਰ ਤੂੰ ਵੱਸਦਾ ਹੈਂ। ਜਿਸ ਦੇ ਮਨ ਅੰਦਰ ਤੂੰ ਵਸਦਾ ਹੈਂ, ਹੇ ਸੁਆਮੀ! ਉਹ ਕਦਾਚਿਤ ਨਹੀਂ ਹਾਰਦਾ। ਜਿਸ ਨੂੰ ਪੂਰਨ ਗੁਰੂ ਮਹਾਰਾਜ ਮਿਲ ਪੈਂਦੇ ਹਨ ਉਹ ਨਿਸਚਿੱਤ ਹੀ ਪਾਰ ਉਤਰ ਜਾਂਦਾ ਹੈ। ਜਿਸ ਨੂੰ ਪ੍ਰਭੂ ਸੱਚ ਨਾਲ ਜੋੜਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ। ਜਿਸ ਦੇ ਹੱਥ ਨਾਮ ਦਾ ਖਜ਼ਾਨਾ ਲੱਗ ਜਾਂਦਾ ਹੈ ਉਹ ਹੋਰਸ ਸ਼ੈ ਨੂੰ ਨਹੀਂ ਢੂੰਢਦਾ। ਜੋ ਕੇਵਲ ਇਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ, ਸਿਰਫ ਉਸ ਨੂੰ ਹੀ ਸੰਤ ਸਮਝ ਲੈ। ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮੀ ਹੈ, ਉਹ ਸਾਰਿਆਂ ਦੇ ਪੈਰਾਂ ਦੀ ਧੂੜ ਥੀ ਵੰਝਦਾ ਹੈ। ਹਰ ਸ਼ੈ ਤੇਰਾ ਅਸਚਰਜ ਕੌਤਕ ਹੈ ਅਤੇ ਸਮੂਹ ਸੰਸਾਰ ਤੈਂਡੇ ਕਰਕੇ ਹੈ। ਸਲੋਕ ਪੰਜਵੀਂ ਪਾਤਸ਼ਾਹੀ। ਆਪਣੇ ਚਿੱਤ ਵਿਚੋਂ ਹੋਰਨਾਂ ਦੀ ਤਾਰੀਫ ਅਤੇ ਬਦਖੋਈ ਕਰਨੀ ਮੈਂ ਹੱਢੋਂ ਹੀ ਗੁਆ ਦਿੱਤੀ ਹੈ ਅਤੇ ਮੈਂ ਸਾਰੇ ਸੰਸਾਰੀ ਧੰਦਿਆਂ ਨੂੰ ਭੀ ਤਰਕ ਕਰ ਕੇ ਤਲਾਂਜਲੀ ਦੇ ਦਿੱਤੀ ਹੈ, ਹੇ ਨਾਨਕ! ਸਾਰੇ ਸਨਬੰਧੀਆਂ ਨੂੰ ਮੈਂ ਝੂਠੇ ਵੇਖਿਆ ਹੈ, ਤਦ ਹੀ ਮੈਂ ਤੇਰੇ ਲੜ ਲੱਗੀ ਹਾਂ, ਹੇ ਮੇਰੇ ਸੁਆਮੀ! ਪੰਜਵੀਂ ਪਾਤਸ਼ਾਹੀ। ਹੇ ਮੈਂਡੇ ਮਹਾਰਾਜ ਗੁਰਦੇਵ! ਪ੍ਰਦੇਸਾਂ ਤੇ ਰਾਹਾਂ ਅੰਦਰ ਭਟਕਦੀ ਤੇ ਭੌਂਦੀ ਹੋਈ, ਮੈਂ ਕਮਲੀ ਹੋ ਗਈ ਹਾਂ। ਪਰ ਜਦ ਗੁਰਾਂ ਨੂੰ ਮਿਲ ਕੇ, ਮੈਂ ਆਪਣੇ ਮਿਤ੍ਰ ਪ੍ਰਭੂ ਨੂੰ ਲੱਭ ਲਿਆ ਤਦ ਮੈਂ ਆਰਾਮ ਚੈਨ ਅੰਦਰ ਸੌਂ ਗਈ।