Punjabi Version

  |   Golden Temple Hukamnama

Ang: 583

ਆਪਣੀ ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੀ ਘਾਲ ਕਮਾਉਂਦੀ ਹਾਂ। ਇਸ ਤਰ੍ਹਾਂ ਸੱਚਾ ਪਤੀ ਸੁਭਾਵਕ ਹੀ ਮੈਨੂੰ ਮਿਲ ਪਵੇਗਾ। ਪਤਨੀ ਸੱਚ ਦੀ ਕਮਾਈ ਕਰਦੀ ਹੈ ਅਤੇ ਸਤਿਨਾਮ ਨਾਲ ਰੰਗੀ ਹੋਈ ਹੈ। ਸੱਚਾ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ। ਉਹ ਕਦਾਚਿਤ ਵਿਧਵਾ ਨਹੀਂ ਹੁੰਦੀ ਤੇ ਸਦੀਵ ਹੀ ਅਨੰਦ ਪਤਨੀ ਬਣੀ ਰਹਿੰਦੀ ਹੈ। ਆਪਣੇ ਚਿੱਤ ਅੰਦਰ ਉਹ ਬੈਕੁੰਠੀ ਤਾੜੀ ਨੂੰ ਪਰਾਪਤ ਹੋ ਜਾਂਦੀ ਹੈ। ਪਤੀ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਉਸ ਨੂੰ ਐਨ ਨੇੜੇ ਤੱਕ ਕੇ, ਉਹ ਸੁਭਾਵਕ ਹੀ ਉਸ ਦੀ ਪ੍ਰੀਤ ਦਾ ਅਨੰਦ ਲੈਂਦੀ ਹੈ। ਜਿਨ੍ਹਾਂ ਸਾਧੂਆਂ ਨੇ ਆਪਣੇ ਪਤੀ ਨੂੰ ਪਹਿਚਾਣਿਆ ਹੈ, ਮੈਂ ਉਨ੍ਹਾਂ ਕੋਲ ਜਾ ਕੇ ਆਪਣੇ ਸਾਈਂ ਬਾਰੇ ਪੁੱਛਦੀ ਹਾਂ। ਵਿਛੁੜੀਆਂ ਹੋਈਆਂ ਭੀ ਆਪਣੇ ਪਤੀ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਸਤਿਗੁਰਾਂ ਦੇ ਪੈਰੀ ਪੈ ਜਾਣ। ਸੱਚੇ ਗੁਰੂ ਸਦੀਵ ਹੀ ਮਿਹਰਬਾਨ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ, ਬੰਦੇ ਦੀਆਂ ਬਦੀਆਂ ਸੜ ਸੁਆਹ ਹੋ ਜਾਂਦੀਆਂ ਹਨ। ਆਪਣੀਆਂ ਬਦੀਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸਾੜ ਕੇ, ਜਗਿਆਸੂ-ਰੂਪ, ਪਤਨੀ ਦਵੈਤ-ਭਾਵ ਨੂੰ ਤਿਆਗ ਦਿੰਦੀ ਹੈ ਅਤੇ ਕੇਵਲ ਸੱਚੇ ਸਾਹਿਬ ਵਿੱਚ ਲੀਨ ਰਹਿੰਦੀ ਹੈ। ਸੱਚੇ ਨਾਮ ਦੁਆਰਾ, ਸਦੀਵੀ ਸਥਿਰ ਆਰਾਮ ਮਿਲ ਜਾਂਦਾ ਹੈ ਤੇ ਸਵੈ-ਹੰਗਤਾ ਦੇ ਸੰਦੇਹ ਦੂਰ ਹੋ ਜਾਂਦੇ ਹਨ। ਪਵਿੱਤ੍ਰ ਪਤੀ ਸਦੀਵ ਹੀ ਆਰਾਮ-ਬਖਸ਼ਣਹਾਰ ਹੈ। ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ, ਹੇ ਨਾਨਕ! ਵਿਛੁੜੀਆਂ ਹੋਈਆਂ ਪਤਨੀਆਂ ਭੀ ਆਪਣੇ ਸਿਰ ਦੇ ਸਾਈਂ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਗੁਰਾਂ ਦੇ ਪੈਰੀ ਲੱਗ ਜਾਣ। ਵਡਹੰਸ ਤੀਜੀ ਪਾਤਿਸ਼ਾਹੀ। ਤੁਸੀਂ ਸੁਣੋਂ, ਹੇ ਪਤੀ ਦੀਆਂ ਪਤਨੀਓ! ਤੁਸੀਂ ਆਪਣੇ ਪ੍ਰੀਤਮ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਨੂੰ ਸਿਮਰੋ। ਗੁਣ-ਵਿਹੂਣ ਪਤਨੀ ਆਪਣੇ ਭਰਤੇ ਨੂੰ ਨਹੀਂ ਜਾਣਦੀ ਅਤੇ ਉਹ ਠੱਗੀ ਗਈ ਹੈ। ਆਪਣੇ ਪਤੀ ਨੂੰ ਭੁਲਾ ਕੇ ਉਹ ਰੋਂਦੀ ਰਹਿੰਦੀ ਹੈ। ਆਪਣੇ ਪ੍ਰਭੂ-ਪਤੀ ਨੂੰ ਯਾਦ ਕਰ ਅਤੇ ਹਮੇਸ਼ਾਂ ਉਸ ਦੀਆਂ ਖੂਬੀਆਂ ਦਾ ਧਿਆਨ ਧਾਰ, ਨੇਕ ਵਹੁਟੀ ਵੈਰਾਗਮਈ ਅਥਰੂ ਵਹਾਉਂਦੀ ਹੈ। ਉਸ ਦਾ ਸਵਾਮੀ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ। ਗੁਰਾਂ ਦੇ ਰਾਹੀਂ ਸਾਹਿਬ ਜਾਣਿਆ ਜਾਂਦਾ ਹੈ, ਨਾਮ ਦੇ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ ਅਤੇ ਸੱਚੀ ਪ੍ਰੀਤ ਦੇ ਰਾਹੀਂ ਇਨਸਾਨ ਉਸ ਅੰਦਰ ਲੀਨ ਹੋ ਜਾਂਦਾ ਹੈ। ਕੂੜੀ ਪਤਨੀ ਨੂੰ, ਜੋ ਕਿਸਮਤ ਦੇ ਲਿਖਾਰੀ ਆਪਣੇ ਪਤੀ ਨੂੰ ਨਹੀਂ ਜਾਣਦੀ, ਝੂਠ ਨੇ ਠੱਗ ਲਿਆ ਹੈ। ਸੁਣੋ, ਹੇ ਪਤੀ ਦੀਓ ਪਤਨੀਓ! ਆਪਣੇ ਪਿਆਰ ਦੀ ਟਹਿਲ ਕਮਾਓ ਤੇ ਉਸ ਦੇ ਨਾਮ ਦਾ ਜਾਪ ਕਰੋ। ਆਪੇ ਹੀ ਸੁਆਮੀ ਨੇ ਸਾਰਾ ਜਹਾਨ ਸਾਜਿਆ ਹੈ। ਪ੍ਰਾਣੀ ਆਉਣ ਤੇ ਜਾਣ ਦੇ ਨੇਮ ਅਧੀਨ ਹੈ। ਧਨ-ਦੌਲਤ ਦੀ ਮਮਦਾ ਨੇ ਜੀਵ ਰੂਪੀ ਇਸਤ੍ਰੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਮੁੜ ਮੁੜ ਕੇ ਮਰਦੀ ਤੇ ਜੰਮਦੀ ਹੈ। ਉਹ ਮੁੜ ਮੁੜ ਕੇ ਜੰਮਦੀ ਹੈ। ਉਸ ਦੇ ਪਾਪ ਵਧਦੇ ਜਾਂਦੇ ਹਨ ਅਤੇ ਬ੍ਰਹਿਮ-ਵੀਚਾਰ ਦੇ ਬਗੈਰ ਉਹ ਠੱਗੀ ਗਈ ਹੈ। ਨਾਮ ਦੇ ਬਗੈਰ ਉਹ ਆਪਣੇ ਕੰਤ ਨੂੰ ਪਰਾਪਤ ਨਹੀਂ ਹੁੰਦੀ ਅਤੇ ਆਪਣਾ ਜੀਵਨ ਗੁਆ ਲੈਂਦੀ ਹੈ। ਸੋ, ਗੁਣ-ਵਿਹੂਣ ਕੂੜੀ ਇਸਤਰੀ ਵਿਰਲਾਪ ਕਰਦੀ ਹੈ। ਮੇਰਾ ਪ੍ਰੀਤਮ ਜਗਤ ਦੀ ਜਿੰਦ-ਜਾਨ ਹੈ, ਤਦ ਕਿਸ ਦੇ ਲਈ ਵਿਰਲਾਪ ਕਰਨਾ ਹੋਇਆ। ਪਤਨੀ ਆਪਣੇ ਕੰਤ ਨੂੰ ਵਿਸਾਰਨ ਤੇ ਹੀ ਰੋਂਦੀ ਹੈ। ਸਮੂਹ ਆਲਮ ਅਤੇ ਜੀਵ ਦਾ ਆਉਣਾ ਤੇ ਜਾਣਾ ਸੁਆਮੀ ਨੈ ਆਪ ਹੀ ਰਚਿਆ ਹੈ। ਸੱਚਾ, ਸਦੀਵੀ ਸੱਚਾ ਹੈ ਉਹ ਕੰਤ। ਨਾਂ ਉਹ ਮਰਦਾ ਹੈ ਅਤੇ ਨਾਂ ਹੀ ਕਿਤੇ ਜਾਂਦਾ ਹੈ। ਬੇਸਮਝ ਪਤਨੀ ਕੁਰਾਹੇ ਪਈ ਹੋਈ ਹੈ ਅਤੇ ਦਵੈਤ-ਭਾਵ ਰਾਹੀਂ ਵਿਧਵਾ ਬਣੀ ਬੈਠੀ ਹੈ। ਹੋਰਸ ਦੀ ਪ੍ਰੀਤ ਰਾਹੀਂ ਉਹ ਵਿਧਵਾ ਦੀ ਤਰ੍ਹਾਂ ਬਹਿੰਦੀ ਹੈ, ਧਨ-ਦੌਲਤ ਦੀ ਲਗਨ ਰਾਹੀਂ ਉਹ ਦੁੱਖ ਪਾਉਂਦੀ ਹੈ, ਉਸ ਦੀ ਉਮਰ ਘਟਦੀ ਤੇ ਦੇਹ ਨਾਸ ਹੁੰਦੀ ਜਾ ਰਹੀ ਹੈ। ਜਿਹੜਾ ਕੁਝ ਆਇਆ (ਉਪਜਿਆ) ਹੈ, ਉਹ ਸਾਰਾ ਹੀ ਟੁਰ ਵੰਝੇਗਾ। ਸੰਸਾਰੀ ਮੋਹ ਦੇ ਜ਼ਰੀਏ, ਬੰਦਾ ਦੁੱਖ ਉਠਾਉਂਦਾ ਹੈ। ਬੰਦਾ ਮੌਤ ਦੇ ਦੂਤ ਨੂੰ ਅਨੁਭਵ ਨਹੀਂ ਕਰਦਾ, ਧਨ-ਦੌਲਤ ਦੀ ਲਾਲਸਾ ਕਰਦਾ ਹੈ ਤੇ ਆਪਣੇ ਮਨ ਨੂੰ ਹਿਰਸ ਅਤੇ ਤਮ੍ਹਾ ਨਾਲ ਜੋੜਦਾ ਹੈ। ਸੱਚਾ, ਸਦੀਵੀ ਸੱਚਾ ਹੈ ਉਹ ਸਿਰ ਦੇ ਸਾਂਈ। ਉਹ ਮਰਦਾ ਨਹੀਂ ਨਾਂ ਹੀ ਕਿਧਰੇ ਜਾਂਦਾ ਹੈ। ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੈ। ਗੁਰਾਂ ਦੀ ਦਇਆ ਦੁਆਰਾ, ਸੱਚਾ ਪਤੀ ਮਿਲਦਾ ਹੈ ਅਤੇ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਉਸ ਨੂੰ ਯਾਦ ਕਰਦੀ ਹੈ। ਉਸ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਜਾਣ ਕੇ, ਉਹ ਆਪਣੇ ਚਿੱਤ ਵਿੱਚ ਆਪਣੇ ਪਤੀ ਨੂੰ ਯਾਦ ਕਰਦੀ ਹੈ। ਅਧਰਮਣਾਂ ਉਸ ਨੂੰ ਦੁਰੇਡੇ ਖਿਆਲ ਕਰਦੀਆਂ ਹਨ। ਜਿਹੜੀ ਵਹੁਟੀ ਆਪਣੇ ਸਿਰ ਦੇ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਨਹੀਂ ਕਰਦੀ, ਉਸ ਦੀ ਇਹ ਦੇਹ ਮਿੱਟੀ ਵਿੱਚ ਰੁਲਦੀ ਹੈ ਅਤੇ ਕਿਸੇ ਕੰਮ ਨਹੀਂ ਆਉਂਦੀ।