Punjabi Version

  |   Golden Temple Hukamnama

Ang: 592

ਉਹ ਸਾਰਿਆਂ ਦੇ ਮਨਾਂ ਅੰਦਰ ਮੌਜਾਂ ਮਾਣਦਾ ਹੈ ਤੇ ਤਦ ਭੀ ਉਨ੍ਹਾਂ ਨਾਲੋਂ ਨਿਰਲੇਪ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਪੂਰਨ ਗੁਰੂ ਉਸ ਨੂੰ ਵਿਖਾਲ ਦਿੰਦੇ ਹਨ ਅਤੇ ਗੁਰਬਾਣੀ ਦੇ ਰਾਹੀਂ ਅਸੀਂ ਉਸ ਨੂੰ ਅਨੁਭਵ ਕਰਦੇ ਹਾਂ। ਜੋ ਪੂਰਨ ਪੁਰਸ਼ ਦੀ ਸੇਵਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਦਿੰਦੇ ਹਨ, ਉਹ ਖੁਦ ਪੂਰਨ ਪੁਰਸ਼ ਬਣ ਜਾਂਦੇ ਹਨ। ਉਸ ਦੇ ਬਰਾਬਰ ਦਾ ਕੋਈ ਨਹੀਂ, ਨਾਂ ਹੀ ਉਸ ਨੂੰ ਕੋਈ ਦੁੱਖ ਦੇਣ ਵਾਲਾ ਹੈ ਤੇ ਨਾਂ ਹੀ ਉਸ ਦਾ ਕੋਈ ਵੈਰੀ ਹੈ। ਸਦੀਵ ਸਥਿਰ ਹੈ ਉਸ ਦਾ ਰਾਜ ਭਾਗ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ। ਰਾਤ ਦਿਨ ਟਹਿਲੂਆਂ ਉਸ ਦੀ ਟਹਿਲ ਕਮਾਉਂਦੇ ਹਨ ਅਤੇ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ। ਸੱਚੇ ਵਾਹਿਗੁਰੂ ਦੀ ਵਿਸ਼ਾਲਤਾ ਨੂੰ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ। ਪਉੜੀ। ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹਮੇਸ਼ਾਂ ਵਸਦਾ ਹੈ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਰਖਵਾਲਾ ਬਣ ਜਾਂਦਾ ਹੈ। ਰੱਬ ਦਾ ਨਾਮ ਮੇਰਾ ਪਿਉ ਹੈ, ਰੱਬ ਦਾ ਨਾਮ ਹੀ ਮੇਰੀ ਮਾਂ ਅਤੇ ਰੱਬ ਦਾ ਨਾਮ ਹੀ ਮੇਰਾ ਸਹਾਇਕ ਅਤੇ ਸੱਜਣ ਹੈ। ਰੱਬ ਦੇ ਨਾਮ ਨਾਲ ਮੇਰੇ ਬਚਨ ਬਿਲਾਸ ਹਨ, ਰੱਬ ਦੇ ਨਾਮ ਨਾਲ ਮੇਰਾ ਸਲਾਹ-ਮਸ਼ਵਰਾ ਅਤੇ ਰੱਬ ਦਾ ਨਾਮ ਹੀ ਸਦੀਵ ਮੇਰੀ ਸੰਭਾਲ ਕਰਦਾ ਹੈ। ਸੁਆਮੀ ਦਾ ਨਾਮ ਮੇਰੀ ਪਰਮ ਪ੍ਰੀਤਵਾਨ ਮਜਲਸ ਹੈ, ਸੁਆਮੀ ਦਾ ਨਾਮ ਮੇਰਾ ਵੰਸ਼ ਹੈ ਅਤੇ ਸੁਆਮੀ ਦਾ ਨਾਮ ਹੀ ਮੇਰਾ ਟੱਬਰ-ਕਬੀਲਾ ਹੈ। ਗੋਲੇ ਨਾਨਕ ਨੂੰ ਰੱਬ-ਰੂਪ ਗੁਰਾਂ ਨੇ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਇਸ ਲੋਕ ਅਤੇ ਪ੍ਰਲੋਕ ਵਿੱਚ ਸਦੀਵ ਹੀ ਮੈਨੂੰ ਬੰਦ-ਖਲਾਸ ਕਰਵਾਉਂਦਾ ਹੈ। ਸਲੋਕ ਤੀਜੀ ਪਾਤਿਸ਼ਾਹੀ। ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਉਹ ਹਮੇਸ਼ਾਂ ਪ੍ਰਭੂ ਦਾ ਜੱਸ ਗਾਇਨ ਕਰਨ ਅੰਦਰ ਜੁੜਦੇ ਹਨ। ਰੱਬ ਦਾ ਨਾਮ ਸੁੱਤੇ ਸਿੱਧ ਹੀ ਉਨ੍ਹਾਂ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਉਹ ਆਪਣੀ ਵੰਸ਼ ਨੂੰ ਬਚ ਲੈਂਦੇ ਹਨ ਅਤੇ ਖੁਦ ਮੁਕਤੀ ਦੇ ਰੁਤਬੇ ਨੂੰ ਪ੍ਰਾਪਤ ਹੋ ਜਾਂਦੇ ਹਨ। ਸ਼ਰੋਮਣੀ ਸਾਹਿਬ ਉਨ੍ਹਾਂ ਪੁਰਸ਼ਾਂ ਤੇ ਪ੍ਰਸੰਨ ਥੀ ਵੰਞਦਾ ਹੈ, ਜੋ ਗੁਰਾਂ ਦੇ ਪੈਰੀਂ ਪੈਂਦੇ ਹਨ। ਸੇਵਕ ਨਾਨਕ, ਪ੍ਰਭੂ ਦਾ ਗੋਲਾ ਹੈ ਅਤੇ ਆਪਣੀ ਦਇਆ ਦੁਆਰਾ ਵਾਹਿਗੁਰੂ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖਦਾ ਹੈ। ਤੀਜੀ ਪਾਤਿਸ਼ਾਹੀ। ਹੰਕਾਰ ਵਿੱਚ ਆਦਮੀ ਨੂੰ ਡਰ ਵਿਆਪਦਾ ਹੈ। ਪਰਮ ਘਬਰਾਹਟ ਅੰਦਰ ਉਹ ਆਪਣਾ ਜੀਵਨ ਗੁਜ਼ਾਰਦਾ ਹੈ। ਹੰਕਾਰ ਇਕ ਭਾਰੀ ਬੀਮਾਰੀ ਹੈ, ਜਿਸ ਦੇ ਕਾਰਨ ਉਹ ਮਰਦਾ ਹੈ, ਮੁੜ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਉਨ੍ਹਾਂ ਨੂੰ ਸੁਆਮੀ-ਸਰੂਪ ਸਤਿਗੁਰੂ ਆ ਕੇ ਮਿਲ ਪੈਂਦਾ ਹੈ। ਨਾਨਕ, ਉਹ ਗੁਰਾਂ ਦੀ ਉਹ ਦਇਆ ਦੁਆਰਾ, ਬਚ ਜਾਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਸਾੜ ਸੁੱਟਦੇ ਹਨ। ਪਾਉੜੀ। ਵਾਹਿਗੁਰੂ ਦਾ ਨਾਮ ਮੇਰਾ ਅਮਰ, ਅਗਾਧ ਕਾਲ-ਰਹਿਤ ਤੇ ਸਰਬ-ਸ਼ਕਤੀਵਾਨ ਸਿਰਜਣਹਾਰ ਸੁਆਮੀ ਹੈ। ਰੱਬ ਦਾ ਨਾਮ ਮੈਂ ਸਿਮਰਦਾ ਹਾਂ, ਰੱਬ ਦੇ ਨਾਮ ਨੂੰ ਮੈਂ ਪੂਜਦਾ ਹਾਂ ਅਤੇ ਰੱਬ ਦੇ ਨਾਮ ਨਾਲ ਹੀ ਮੇਰੀ ਆਤਮਾ ਰੰਗੀ ਹੋਈ ਹੈ। ਮੈਨੂੰ ਰੱਬ ਦੇ ਨਾਮ ਜਿੱਡਾ ਵੱਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਰੱਬ ਦਾ ਨਾਮ ਹੀ ਅਖੀਰ ਨੂੰ ਮੇਰੀ ਖਲਾਸੀ ਕਰਾਵੇਗਾ। ਭਲਾ ਕਰਨ ਵਾਲੇ ਗੁਰਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ। ਮੁਬਾਰਕ! ਮੁਬਾਰਕ ਹਨ, ਗੁਰਾਂ ਦੇ ਮਾਤਾ ਪਿਤਾ। ਮੈਂ ਹਮੇਸ਼ਾਂ ਆਪਣੇ ਸੱਚੇ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੂੰ ਮਿਲ ਕੇ ਮੈਂ ਸਾਈਂ ਦਾ ਨਾਮ ਅਨੁਭਵ ਕਰ ਲਿਆ ਹੈ। ਸਲੋਕ ਤੀਜੀ ਪਾਤਿਸ਼ਾਹੀ। ਜੋ ਮੁੱਖੀ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਸੁਆਮੀ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ, ਅਤੇ ਗੁਰਾਂ ਦੀ ਬਾਣੀ ਦਾ ਸੁਆਦ ਨਹੀਂ ਮਾਣਦਾ, ਉਹ ਮੁੜ ਮੁੜ ਕੇ ਮਰਦਾ ਤੇ ਜੰਮਦਾ ਰਹਿੰਦਾ ਹੈ। ਸਾਹਿਬ ਦਾ ਸਿਮਰਨ ਨਹੀਂ ਕਰਦਾ। ਉਹ ਕਿਉਂ ਇਸ ਜਗਤ ਅੰਦਰ ਆਇਆ ਸੀ? ਨਾਨਕ, ਜਿਨ੍ਹਾਂ ਉਤੇ ਸਾਹਿਬ ਮਿਹਰ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਤੀਜੀ ਪਾਤਿਸ਼ਾਹੀ। ਕੇਵਲ ਗੁਰੂ ਜੀ ਹੀ ਜਾਗਦੇ ਹਨ, ਬਾਕੀ ਦਾ ਸੰਸਾਰ, ਸੰਸਾਰੀ ਮਮਤਾ ਤੇ ਤ੍ਰਿਸ਼ਨਾਂ ਵਿੱਚ ਸੁੱਤਾ ਪਿਆ ਹੈ। ਜੋ ਨੇਕੀਆਂ ਦੇ ਖਜਾਨੇ ਸਤਿਨਾਮ ਨਾਲ ਰੰਗੀਜੇ ਹਨ, ਉਹ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ ਅਤੇ ਖਬਰਦਾਰ ਰਹਿੰਦੇ ਹਨ।