Punjabi Version

  |   Golden Temple Hukamnama

Ang: 753

ਤੂੰ ਖੁਦ ਹੀ ਸਾਜਦਾ ਅਤੇ ਨਾਸ ਕਰਦਾ ਹੈਂ ਅਤੇ ਕਈਆਂ ਨੂੰ ਤੂੰ ਆਪਣੇ ਨਾਮ ਨਾਲ ਵਡਿਆਉਂਦਾ ਹੈ। ਸਰੀਰ ਨੂੰ ਮਿੱਟੀ ਵਿੱਚ ਰੁਲਣ ਲਈ ਛੱਡ ਕੇ, ਇਹ ਪਤਾ ਨਹੀਂ ਕਿ ਜੀਅੜਾ ਕਿਥੇ ਚਲਾ ਗਿਆ ਹੈ? ਉਹ ਸੁਆਮੀ ਖੁਦ ਹੀ ਸਾਰੇ ਰਮ ਰਿਹਾ ਹੈ ਅਤੇ ਇਹ ਹੀ ਵੱਡੀ ਹੈਰਾਨਗੀ ਹੈ। ਹੇ ਸਾਈਂ! ਦੁਰੇਡੇ ਨਹੀਂ ਤੂੰ! ਅਤੇ ਤੂੰ ਸਾਰਿਆਂ ਨੂੰ ਸਮਝਦਾ ਹੈ। ਗੁਰਾਂ ਦੀ ਰਹਿਮਤ ਸਦਕਾ ਇਨਸਾਨ ਤੈਨੂੰ ਐਨ ਅੰਗ ਸੰਗ ਵੇਖਦਾ ਹੈ, ਹੇ ਹਰੀ! ਨਿਸਚਿਤ ਹੀ ਤੂੰ ਸਾਰਿਆਂ ਦੇ ਅੰਦਰ ਹੈਂ। ਤੂੰ ਮੈਨੂੰ ਆਪਣੇ ਨਾਮ ਅੰਦਰ ਵਾਸਾ ਬਖਸ਼ ਤਾਂ ਜੋ ਮੇਰੀ ਆਤਮਾ ਸੀਤਲ ਥੀ ਵੰਝੇ। ਹੇ ਮੇਰੇ ਸੱਚੇ ਗੁਰਦੇਵ ਜੀ! ਮੈਨੂੰ ਐਸਾ ਉਪਦੇਸ਼ ਦਿਓ ਕਿ ਮੈਂ, ਗੋਲਾ ਨਾਨਕ ਸਦਾ ਸਾਈਂ ਦਾ ਜੱਸ ਗਾਉਂਦਾ ਰਹਾਂ। ਰਾਗੁ ਸੂਹੀ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੁਆਮੀ ਦੇ ਨਾਮ ਤ5 ਹੀ ਸਾਰਾ ਕੁਛ ਉਤਪੰਨ ਹੋਇਆ ਹੈ। ਸੱਚੇ ਗੁਰਾਂ ਦੇ ਬਗੈਰ ਨਾਮ ਦਾ ਅਨੁਭਵ ਨਹੀਂ ਹੁੰਦਾ। ਗੁਰਾਂ ਦੀ ਬਾਣੀ ਮਿੱਠੜਾ ਧਰਮ ਅੰਮ੍ਰਿਤ ਹੈ, ਪ੍ਰੰਤੂ ਇਸ ਨੂੰ ਚੱਖਣ ਦੇ ਬਾਝੋਂ ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ। ਕੌਡੀ ਦੀ ਖਾਤਰ ਪ੍ਰਾਣੀ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਆਪਣੇ ਆਪੇ ਨੂੰ ਹੀ ਨਹੀਂ ਸਮਝਦਾ। ਜੇਕਰ ਬੰਦਾ ਗੁਰਾਂ ਦੇ ਪਾਸੇ ਵੱਲ ਮੁੜ ਪਵੇ, ਤਦ ਉਹ ਇਕ ਸੁਆਮੀ ਨੂੰ ਜਾਣ ਲੈਂਦਾ ਹੈ ਤੇ ਹੰਕਾਰ ਦੀ ਬੀਮਾਰੀ ਉਸ ਨੂੰ ਦੁੱਖ ਨਹੀਂ ਦਿੰਦੀ। ਕੁਰਬਾਨ ਹਾਂ ਮੈਂ ਆਪਣੇ ਗੁਰਾਂ ਦੇ ਉਤੋਂ, ਜਿਨ੍ਹਾਂ ਨੂੰ ਸੱਚੇ ਸੁਆਮੀ ਨਾਲ ਮੇਰਾ ਪਿਆਰ ਪਾ ਦਿੱਤਾ ਹੈ। ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਰੌਸ਼ਨ ਹੋ ਗਈ ਹੈ ਤੇ ਹੁਣ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਰਹਿੰਦਾ ਹਾਂ। ਠਹਿਰਾਉ। ਪਵਿੱਤਰ ਪੁਰਸ਼ ਪ੍ਰਭੂ ਦੀ ਗਾਇਨ ਕਰਦਾ ਹੈ। ਪਵਿੱਤਰ ਪੁਰਸ਼ ਉਸ ਨੂੰ ਅਨੁਭਵ ਕਰਦਾ ਹੈ ਤੇ ਪਵਿੱਤਰ ਪੁਰਸ਼ ਹੀ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ। ਗੁਰੂ ਜੀ ਆਤਮਾ ਤੇ ਦੇਹ ਨੂੰ ਨਵੇਂ ਸਿਰਿਓਂ ਸੁਰਜੀਤ ਕਰਦੇ ਹਨ ਅਤੇ ਮੁਖੀ ਗੁਰੂ ਜੀ ਹੀ ਸਾਰੇ ਕੰਮ ਰਾਸ ਕਰਦੇ ਹਨ। ਅੰਨ੍ਹਾ ਅਧਰਮੀ ਮੰਦੇ ਅਮਲ ਕਮਾਉਂਦਾ ਹੈ ਅਤੇ ਜਗਤ ਅੰਦਰ ਨਿਰੀ ਜ਼ਹਿਰ ਹੀ ਖੱਟਦਾ ਹੈ। ਪਰਮ ਲਾਡਲੇ ਗੁਰਾਂ ਦੇ ਬਾਝੋਂ ਉਹ ਧਨ-ਦੌਲਤ ਦੀ ਪ੍ਰੀਤ ਅੰਦਰ ਹਮੇਸ਼ਾਂ ਹੀ ਤਕਲੀਫ ਪਾਉਂਦਾ ਹੈ। ਕੇਵਲ ਉਹ ਹੀ ਟਹਿਲੂਆ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ। ਉਹ ਆਪਣੇ ਚਿੱਤ ਅੰਦਰ ਸੱਚੇ ਸੁਆਮੀ, ਉਸ ਦੀ ਸੱਚੀ ਮਹਿਮਾ ਅਤੇ ਉਸ ਦੇ ਸੱਚੇ ਨਾਮ ਦੂਰ ਹੋ ਟਿਕਾਉਂਦਾ ਹੈ। ਨੇਕ-ਬੰਦਾ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਅਤੇ ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ। ਗੁਰੂ ਜੀ ਖੁਦ ਹੀ ਦਾਤਾਰ ਹਨ ਅਤੇ ਸੱਚੀਆਂ ਹਨ ਉਨ੍ਹਾਂ ਦੀਆਂ ਦਾਤਾ, ਅਤੇ ਉਹ ਸੱਚੇ ਨਾਮ ਦਾ ਉਪਦੇਸ਼ ਦਿੰਦੇ ਹਨ। ਗੁਰੂ-ਸਮਰਪਨ ਦੀ ਸੇਵਾ ਕਰਦਾ ਹੈ, ਗੁਰੂ ਸਮਰਪਨ ਸੁਆਮੀ ਦੀ ਦੌਲਤ ਕਮਾਉਂਦਾ ਹੈ ਤੇ ਗੁਰੂ ਸਮਰਪਨ ਹੋਰਨਾਂ ਤੋਂ ਭੀ ਨਾਮ ਦਾ ਸਿਮਰਨ ਕਰਵਾਉਂਦਾ ਹੈ। ਗੁਰਾਂ ਦੇ ਦਿੱਤੇ ਹੋਏ ਸ਼ਾਂਤ ਸੁਭਾਅ ਅੰਦਰ, ਅਤੇ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਗੁਰੂ ਸਮਰਪਨ ਹਮੇਸ਼ਾਂ ਨਿਰਲੇਪ ਰਹਿੰਦਾ ਹੈ। ਆਪ-ਹੁਦਾਰਾ ਹਮੇਸ਼ਾਂ ਝੂਠ ਬਕਦਾ ਹੈ। ਉਹ ਜ਼ਹਿਰ ਬੀਜਦਾ ਹੈ ਅਤੇ ਜ਼ਹਿਰ ਖਾਂਦਾ ਹੈ। ਉਸ ਨੂੰ ਮੌਤ ਦੇ ਦੂਤ ਨੇ ਜਕੜਿਆ ਹੋਇਆ ਅਤੇ ਖਾਹਿਸ਼ ਨੈ ਫੂਕ ਛਡਿਆ ਹੈ। ਗੁਰਾਂ ਦੇ ਬਾਝੋਂ ਉਸ ਨੂੰ ਕੌਣ ਬੰਦਖਲਾਸ ਕਰ ਸਕਦਾ ਹੈ? ਵਾਹਿਗੁਰੂ ਹੀ ਸੱਚਾ ਯਾਤ੍ਰਾ ਅਸਥਾਨ ਹੈ, ਜਿਥੇ ਬੰਦਾ ਸੱਚ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ ਅਤੇ ਉਹ ਖੁਦ ਹੀ ਗੁਰੂ-ਪਿਆਰੇ ਨੂੰ ਇਹ ਗੱਲ ਦਰਸਾ ਦਿੰਦਾ ਹੈ। ਅਠਾਹਠ ਤੀਰਥ ਅਸਥਾਨ ਪ੍ਰਭੂ ਨੇ ਗੁਰ-ਬਾਣੀ ਅੰਦਰ ਵਿਖਾਲ ਦਿੱਤੇ ਹਨ, ਜਿਸ ਵਿੱਚ ਇਸ਼ਨਾਨ ਕਰਨ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ। ਸੱਚਾ ਅਤੇ ਪਵਿੱਤਰ ਹੈ ਸੱਚਾ ਸਾਹਿਬ। ਉਸ ਨੂੰ ਕੋਈ ਮਲੀਨਤਾ ਚਿਮੜਦੀ ਜਾਂ ਲੱਗਦੀ ਨਹੀਂ। ਸੁਆਮੀ ਦੀ ਸੱਚੀ ਮਹਿਮਾ ਅਤੇ ਸੱਚੀ ਕੀਰਤੀ ਪੂਰਨ ਗੁਰਾਂ ਪਾਸੋਂ ਪਰਾਪਤ ਹੁੰਦੀਆਂ ਹਨ। ਦੇਹ ਅਤੇ ਆਤਮਾ ਸਾਰੇ ਉਸ ਹਰੀ ਦੀ ਮਲਕੀਅਤ ਹਨ, ਪ੍ਰੰਤੂ ਖੋਟੀ ਬੁਧੀ ਵਾਲਾ ਪੁਰਸ਼ ਇਸ ਤਰ੍ਹਾਂ ਆਖ ਨਹੀਂ ਸਕਦਾ। ਜੇਕਰ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਦ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ। ਗੁਰਾਂ ਦਾ ਉਪਦੇਸ਼ ਮੈਂ ਸ਼ਾਂਤੀ ਨਾਲ ਰੱਖਿਆ ਹੈ, ਅਤੇ ਮੇਰੀ ਖਾਹਿਸ਼ ਦੀ ਅੱਗ ਬੁਝ ਗਈ ਹੈ। ਜੋ ਗੁਰਬਾਣੀ ਨਾਲ ਰੰਗਿਆ ਹੈ, ਉਹ ਅਡੋਲਤਾ ਨਾਲ ਮਸਤ ਹੋ ਜਾਂਦਾ ਹੈ ਅਤੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।

Ang: 754

ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਅੰਦਰ ਉਹ ਸੁਆਮੀ ਦੇ ਨਾਮ ਨੂੰ ਸੱਚ ਕਰ ਕੇ ਜਾਣਦਾ ਹੈ। ਗੁਰਾਂ ਦੇ ਪਾਸੋਂ ਸੱਚੀ ਸ਼ੋਭਾ ਅਤੇ ਸੱਚੇ ਨਾਮ ਦਾ ਪ੍ਰੇਮ ਪਰਾਪਤ ਹੁੰਦੇ ਹਨ। ਇਕ ਸੱਚਾ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ, ਪਰ ਕੋਈ ਟਾਂਵਾਂ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ। ਜੇਕਰ ਸੁਆਮੀ ਬੰਦੇ ਨੂੰ ਆਪਣੇ ਨਾਲ ਜੋੜਦਾ ਹੈ, ਤਦ ਉਹ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਸੱਚੇ ਅਨੁਰਾਗ ਨਾਲ ਸ਼ਸ਼ੋਭਤ ਕਰਦਾ ਹੈ। ਸਮੂਹ ਸੱਚ ਤੇ ਨਰੋਲ ਸੱਚ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ। ਪੈਦਾਇਸ਼ ਅਤੇ ਮੌਤ ਪ੍ਰਭੂ ਦੀ ਰਜ਼ਾ ਅੰਦਰ ਹੁੰਦੀਆਂ ਹਨ। ਗੁਰੂ ਸਮਰਪਣ ਆਪਣੇ ਆਪ ਨੂੰ ਸਮਝਦਾ ਹੈ। ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ। ਜਿਹੜਾ ਫਲ ਭੀ ਉਹ ਚਾਹੁੰਦਾ ਹੈ, ਉਹ ਉਸੇ ਨੂੰ ਹੀ ਪਾ ਲੈਂਦਾ ਹੈ। ਨਾਨਕ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ; ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਸੂਹੀ ਤੀਜੀ ਪਾਤਿਸ਼ਾਹੀ। ਪਰਮ ਸੁੰਦਰ ਹੈ, ਉਹ ਦੇਹ ਰੂਪੀ ਪਤਨੀ, ਜਿਸ ਦੇ ਨਾਲ ਉਸ ਦਾ ਪਿਆਰਾ ਪਤੀ ਵਸਦਾ ਹੈ। ਗੁਰਾਂ ਦੀ ਬਾਣੀ ਦਾ ਧਿਆਨ ਦੁਆਰਾ ਉਹ ਹਮੇਸ਼ਾਂ ਲਈ ਆਪਣੇ ਸੱਚੇ ਪ੍ਰੀਤਮ ਦੀ ਖੁਸ਼ਬਾਸ਼ ਪਤਨੀ ਬਣ ਜਾਂਦੀ ਹੈ। ਹਮੇਸ਼ਾਂ ਹੀ ਵਾਹਿਗੁਰੂ ਦੀ ਸੇਵਾ ਦੇ ਪ੍ਰੇਮ ਨਾਲ ਰੰਗੀ ਹੋਈ, ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਸਾਝ ਸੁਟਦੀ ਹੈ। ਸੁਬਹਾਨ! ਸੁਬਹਾਨ! ਹੈ ਪੂਰਨ ਗੁਰਾਂ ਦੀ ਗੁਰਬਾਣੀ, ਇਹ ਪੂਰਨ ਗੁਰਾਂ ਤੋਂ ਉਤਪੰਨ ਹੁੰਦੀ ਹੈ ਅਤੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ। ਸਰੀਰ ਵਿੱਚ ਸਾਰੇ ਮਹਾਂਦੀਪ, ਸੰਸਾਰ ਅਤੇ ਪਇਆਲ ਵਸਦੇ ਹਨ। ਦੇਹ ਵਿੱਚ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ ਨਿਵਾਸ ਰੱਖਦਾ ਹੈ, ਜੋ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਸਦੀਵ ਹੀ ਕੀਰਤੀਮਾਨ ਹੈ ਉਹ ਦੇਹ-ਪਤਨੀ, ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਸਿਮਰਨ ਕਰਦੀ ਹੈ। ਸਰੀਰ ਦੇ ਵਿੱਚ ਸਾਈਂ ਖੁਦ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਮੂਰਖ ਅਧਰਮੀ ਇਸ ਗੱਲ ਨੂੰ ਨਹੀਂ ਸਮਝਦਾ ਅਤੇ ਉਸ ਨੂੰ ਲੱਭਣ ਲਈ ਬਾਹਰ ਜਾਂਦਾ ਹੈ। ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ। ਸੱਚੇ ਗੁਰਾਂ ਨੇ ਮੈਨੂੰ ਅਡਿੱਠ ਸਾਈਂ ਵਿਖਾਲ ਦਿੱਤਾ ਹੈ। ਸਰੀਰ ਵਿੱਚ ਅਮੁੱਲੀ ਦੌਲਤ ਅਤੇ ਸੁਆਮੀ ਦੇ ਸਿਮਰਨ ਦੇ ਭਰਪੂਰ ਖਜਾਨੇ ਹਨ। ਇਸ ਸਰੀਰ ਵਿੱਚ ਧਰਤੀ ਦੇ ਨੌ ਖਿੱਤੇ, ਦੁਕਾਨਾਂ ਕਸਬੇ ਅਤੇ ਬਾਜ਼ਾਰ ਹਨ। ਇਸ ਦੇਹੀ ਅੰਦਰ ਨਾਮ ਦੇ ਖਜਾਨੇ ਹਨ ਅਤੇ ਉਹ ਗੁਰ-ਸ਼ਬਦ ਦਾ ਧਿਆਨ ਧਾਰਨ ਦੁਆਰਾ ਪਰਾਪਤ ਹੁੰਦੇ ਹਨ। ਦੇਹੀ ਅੰਦਰ ਪ੍ਰਭੂ (ਸਾਡੀਆਂ ਨੇਕੀਆਂ ਦੇ) ਭਾਰ ਦਾ ਅੰਦਾਜਾ ਲਾਉਂਦਾ ਹੈ ਅਤੇ ਉਹ ਖੁਦ ਹੀ ਜੋਖਣ ਵਾਲਾ ਹੈ। ਇਹ ਮਨ, ਹੀਰਾ, ਜਵੇਹਰ ਅਤੇ ਲਾਲ ਹੈ, ਬਹੁਤ ਹੀ ਜ਼ਿਆਦਾ ਹੈ ਜਿਸ ਦਾ ਮੁੱਲ। ਕਿਸੇ ਮੁੱਲ ਭੀ ਇਨਸਾਨ ਨੂੰ ਨਾਮ ਪਰਾਪਤ ਨਹੀਂ ਹੁੰਦਾ। ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਪਾਇਆ ਜਾਂਦਾ ਹੈ। ਜੋ ਗੁਰਾਂ ਵੱਲ ਰੁਖ ਕਰਦਾ ਹੈ, ਉਹ ਆਪਣੀ ਦੇਹ ਦੀ ਖੋਜ-ਭਾਲ ਕਰਦਾ ਹੈ। ਹੋਰ ਸਾਰੇ ਸੰਦੇਹ ਅੰਦਰ ਭੁਲੇ ਹੋਏ ਹਨ। ਜਿਸ ਨੂੰ ਸੁਆਮੀ ਦਿੰਦਾ ਹੈ, ਕੇਵਲ ਓਹੀ ਪੁਰਸ਼ ਹੀ ਨਾਮ ਨੂੰ ਪਾਉਂਦਾ ਹੈ। ਹੋਰ ਕਿਹੜੀ ਚਲਾਕੀ ਕਿਸੇ ਕੰਮ ਆ ਸਕਦੀ ਹੈ? ਦੇਹੀ ਵਿੱਚ ਪ੍ਰਭੂ ਦਾ ਡਰ ਅਤੇ ਪ੍ਰੇਮ ਵਸਦੇ ਹਨ। ਗੁਰਾਂ ਦੀ ਰਹਿਮਤ ਸਦਕਾ ਉਹ ਪਾਏ ਜਾਂਦੇ ਹਨ। ਦੇਹ ਦੇ ਅੰਦਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਹਨ, ਜੋ ਸਾਰੇ ਜੱਗ ਦੇ ਸਿਰਜਣਹਾਰ ਆਖੇ ਜਾਂਦੇ ਹਨ। ਸੱਚੇ ਸੁਆਮੀ ਨੇ ਖੇਡ ਸਾਜੀ ਹੈ ਅਤੇ ਸੰਸਾਰ ਨੂੰ ਜੰਮਣ ਰਾਹੀਂ ਹੀ ਕਲਿਆਣਾ ਪਰਾਪਤ ਹੁੰਦਾ ਹੈ। ਪੂਰਨ ਸੱਚੇ ਗੁਰਾਂ ਨੇ ਖੁਦ ਵਿਖਾ ਦਿੱਤਾ ਹੈ ਕਿ ਨਾਮ ਰਾਹੀਂ ਹੀ ਕਲਿਆਣ ਪਰਾਪਤ ਹੁੰਦਾ ਹੈ। ਉਹ ਦੇਹੀ ਜਿਹੜੀ ਸੱਚੇ ਗੁਰਾਂ ਦੀ ਸੇਵਾ ਕਮਾਉਂਦੀ ਹੈ, ਸੱਚਾ ਮਾਲਕ ਖੁਦ ਸ਼ਸ਼ੋਭਤ ਕਰਦਾ ਹੈ। ਨਾਮ ਦੇ ਬਗੈਰ ਇਨਸਾਨ ਨੂੰ ਸਾਈਂ ਦੇ ਦਰਬਾਰ ਵਿੱਚ ਪਨਾਹ ਨਹੀਂ ਮਿਲਦੀ ਅਤੇ ਯਮ ਉਸ ਨੂੰ ਦੁਖੀ ਕਰਦਾ ਹੈ। ਨਾਨਕ, ਜਿਸ ਉਤੇ ਪ੍ਰਭੂ ਮਿਹਰ ਕਰਦਾ ਹੈ, ਉਹ ਸੱਚੀ ਸ਼ੋਭਾ ਨੂੰ ਪਰਾਪਤ ਹੋ ਜਾਂਦਾ ਹੈ।