Punjabi Version

  |   Golden Temple Hukamnama

Ang: 425

ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ। ਨਾਮ ਦਾ ਖਜਾਨਾ ਨਾਨਕ ਦੇ ਰਿਦੇ ਅੰਦਰ ਟਿਕਿਆ ਹੈ। ਇਸ ਲਈ ਉਸ ਨੂੰ ਬਜੂਰਗੀ ਦੀ ਦਾਤ ਪ੍ਰਾਪਤ ਹੋਈ ਹੈ। ਆਸਾ ਤੀਜੀ ਪਾਤਸ਼ਾਹੀ। ਹੇ ਬੰਦੇ! ਮੇਰੇ ਵੀਰ, ਤੂੰ ਸੁਆਮੀ ਦੇ ਨਾਮ ਨੂੰ ਸ੍ਰਵਣ ਕਰ ਅਤੇ ਆਪਣੇ ਹਿਰਦੇ ਅੰਦਰ ਟਿਕਾ। ਉਹ ਆਪ ਹੀ ਆ ਕੇ ਤੈਨੂੰ ਮਿਲ ਪਵੇਗਾ। ਰੈਣ ਦਿਹੁੰ ਸਾਹਿਬ ਦੀ ਦਿਲੀ ਉਪਾਸ਼ਨਾ ਧਾਰਨ ਕਰ, ਅਤੇ ਆਪਣੀ ਬਿਰਤੀ ਸਤਿਪੁਰਖ ਨਾਲ ਜੋੜ। ਤੂੰ ਇਕ ਨਾਮ ਦਾ ਆਰਾਧਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ, ਹੇ ਮੈਡੇ ਵੀਰ! ਆਪਣੀ ਹੰਗਤਾ ਅਤੇ ਦਵੈਤ-ਭਾਵ ਨੂੰ ਮੇਟ ਦੇ ਅਤੇ ਵਿਸ਼ਾਲ ਹੋ ਵੰਞੇਗੀ ਤੇਰੀ ਸ਼ਾਨ-ਸ਼ੌਕਤ। ਠਹਿਰਾਉ। ਸੁਆਮੀ ਦੇ ਏਸ ਸਿਮਰਨ ਨੂੰ ਦੇਵਤੇ, ਮਨੁਸ਼ ਅਤੇ ਚੁੱਪ ਧਾਰੀ ਰਿਸ਼ੀ ਤਰਸਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਇਹ ਪ੍ਰਾਪਤ ਨਹੀਂ ਹੁੰਦੀ। ਵਿਦਵਾਨ ਅਤੇ ਜੋਤਸ਼ੀ ਪੁਸਤਕਾਂ ਵਾਚਦੇ ਹਨ, ਪਰ ਉਨ੍ਹਾਂ ਨੂੰ ਗਿਆਤ ਹਾਸਲ ਨਹੀਂ ਹੁੰਦੀ। ਪ੍ਰਭੂ ਸਾਰਿਆਂ ਨੂੰ ਆਪਣੇ ਹੱਥ ਵਿੱਚ ਰਖਦਾ ਹੈ। ਹੋਰ ਕੁਛ ਆਖਿਆ ਨਹੀਂ ਜਾ ਸਕਦਾ। ਜੋ ਕੁਛ ਪ੍ਰਭੂ ਆਪ ਦਿੰਦਾ ਹੈ, ਉਸ ਨੂੰ ਹੀ ਇਨਸਾਨ ਪ੍ਰਾਪਤ ਕਰਦਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ। ਸਾਰੇ ਪ੍ਰਾਣੀ ਅਤੇ ਪਸ਼ੂ-ਪੰਛੀ ਉਸ ਦੇ ਹਨ ਅਤੇ ਉਹ ਸਾਰਿਆਂ ਦਾ ਹੈ। ਆਪਾਂ ਕੀਹਨੂੰ ਭੈੜਾ ਕਹੀਏ? ਜੇਕਰ ਕੋਈ ਹੋਰ ਹੋਵੇ ਤਾਂ ਆਪਾਂ ਭਾਵੇਂ ਆਖ ਸਕੀਏ। ਕੇਵਲ ਸੁਆਮੀ ਦਾ ਫੁਰਮਾਨ ਹੀ ਸਾਰਿਆਂ ਤੇ ਲਾਗੂ ਹੈ, ਅਤੇ ਉਨ੍ਹਾਂ ਦੇ ਸੀਸ ਉਤੇ ਇੱਕੋ ਸੁਆਮੀ ਦਾ ਲਾਇਆ ਹੋਇਆ ਫਰਜ ਹੈ। ਉਸ ਨੇ ਖੁਦ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ, ਇਸ ਲਈ ਉਨ੍ਹਾਂ ਦੇ ਦਿਲ ਅੰਦਰ ਲਾਲਚ ਤੇ ਗੁਨਾਹ ਵਸਦੇ ਹਨ। ਕਈਆਂ ਨੂੰ ਉਸ ਨੇ ਆਪੇ ਹੀ ਪਵਿੱਤਰ ਕੀਤਾ ਹੈ, ਅਤੇ ਉਹ ਸੁਆਮੀ ਨੂੰ ਸਮਝਦੇ ਅਤੇ ਸਿਮਰਦੇ ਹਨ। ਆਪਣੀ ਪ੍ਰੇਮ-ਮਈ ਸੇਵਾ ਭੀ ਉਹ ਉਨ੍ਹਾਂ ਨੂੰ ਪਰਦਾਨ ਕਰ ਦਿੰਦਾ ਹੈ। ਉਨ੍ਹਾਂ ਦੇ ਅੰਦਰ ਪਵਿੱਤਰਤਾ ਦਾ ਖ਼ਜ਼ਾਨਾ ਹੈ। ਬ੍ਰਹਿਮ ਬੇਤੇ ਨਿਰੋਲ ਸੱਚ ਨੂੰ ਹੀ ਜਾਣਦੇ ਹਨ। ਉਨ੍ਹਾਂ ਨੂੰ ਸੱਚ ਸਮਝ ਪ੍ਰਾਪਤ ਹੁੰਦੀ ਹੈ। ਕਿਸੇ ਦੇ ਕੁਰਾਹੇ ਪਾਏ ਹੋਏ, ਉਹ ਕੁਰਾਹੇ ਨਹੀਂ ਪੈਦੇ। ਉਹ ਸੱਚੇ ਸੁਆਮੀ ਨੂੰ ਹੀ ਜਾਣਦੇ ਹਨ। ਉਨ੍ਹਾਂ ਦੀ ਦੇਹਿ ਅੰਦਰ ਭੀ ਪੰਜ ਮੰਦੇ ਵਿਸ਼ੇ ਵੇਗ ਹਨ, ਪਰ ਏਥੇ ਪੰਜੇ ਹੀ ਸਿਆਣਪ ਨਾਲ ਪੇਸ਼ ਆਉਂਦੇ ਹਨ। ਨਾਨਕ, ਸੱਚੇ ਗੁਰਾਂ ਦੇ ਬਾਝੋਂ ਉਹ ਕਾਬੂ ਨਹੀਂ ਆਉਂਦੇ। ਨਾਮ ਦੇ ਰਾਹੀਂ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ। ਆਸਾ ਤੀਜੀ ਪਾਤਸ਼ਾਹੀ। ਤੇਰੇ ਆਪਣੇ ਗ੍ਰਹਿ ਵਿੱਚ ਹਰ ਚੀਜ਼ ਹੈ, ਹੇ ਬੰਦੇ! ਬਾਹਰ ਕੁਝ ਭੀ ਨਹੀਂ। ਗੁਰਾਂ ਦੀ ਦਇਆ ਦੁਆਰਾ ਹਰ ਸ਼ੈ ਪ੍ਰਾਪਤ ਹੋ ਜਾਂਦੀ ਹੈ ਅਤੇ ਮਨ ਦੇ ਦਰਵਾਜੇ ਖੁਲ੍ਹ ਜਾਂਦੇ ਹਨ। ਸੱਚੇ ਗੁਰਾਂ ਪਾਸੋਂ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਹੇ ਵੀਰ! ਨਾਮ ਦਾ ਖ਼ਜ਼ਾਨਾ ਇਨਸਾਨ ਦੇ ਅੰਦਰ ਹੈ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ। ਠਹਿਰਾਉ। ਜੋ ਰੱਬ ਦੇ ਨਾਮ ਦਾ ਖਰੀਦਾਰ ਹੈ, ਉਹ ਇਸ ਨੂੰ ਪਾ ਲੈਦਾ ਹੈ ਅਤੇ ਸਿਮਰਨ ਦੇ ਮਾਨਕ ਨੂੰ ਹਾਸਲ ਕਰ ਲੈਦਾ ਹੈ। ਉਹ ਆਪਣੇ ਅੰਤਸ਼-ਕਰਨ ਨੂੰ ਖੋਲ੍ਹਦਾ ਹੈ ਅਤੇ ਰੱਬੀ ਨਜ਼ਰ ਦੁਆਰਾ ਮੋਖ਼ਸ਼ ਦੇ ਖ਼ਜ਼ਾਨੇ ਨੂੰ ਵੇਖਦਾ ਹੈ। ਸਰੀਰ ਦੇ ਵਿੱਚ ਘਣੇਰੇ ਮੰਦਰ ਹਨ ਅਤੇ ਆਤਮਾ ਊਨ੍ਹਾਂ ਅੰਦਰ ਵਸਦੀ ਹੈ। ਉਹ ਆਪਣਾ ਦਿਲ ਚਾਹੁੰਦਾ ਮੇਵਾ ਪਾ ਲੈਦਾ ਹੈ ਅਤੇ ਮੁੜ ਕੇ ਆਵਾਗਾਉਣ ਵਿੱਚ ਨਹੀਂ ਪੈਦਾ। ਪਾਰਖੂ ਗੁਰਾਂ ਪਾਸੋਂ ਸਮਝ ਪ੍ਰਾਪਤ ਕਰਦੇ ਹਨ, ਅਤੇ ਨਾਮ ਦੇ ਵੱਖਰ ਨੂੰ ਸੰਭਾਲ ਲੈਂਦੇ ਹਨ। ਨਾਮ ਦੀ ਧਨ-ਦੌਲਤ ਅਣਮੁੱਲੀ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ। ਜੋ ਬਾਹਰਵਾਰ ਲਭਦਾ ਹੈ, ਉਹ ਕੀ ਲੱਭ ਸਕਦਾ ਹੈ? ਅਸਲ ਚੀਜ਼ ਗ੍ਰਹਿ ਦੇ ਵਿੱਚ ਹੀ ਹੈ, ਹੇ ਵੀਰ! ਸਾਰਾ ਸੰਸਾਰ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਪ੍ਰਤੀਕੂਲ ਪੁਰਸ਼ ਆਪਣੀ ਇਜ਼ੱਤ ਗੁਆ ਲੈਦਾ ਹੈ। ਕੂੜਾ ਬੰਦਾ ਆਪਣੇ ਝੱਗੇ ਅਤੇ ਬੂਹੇ ਨੂੰ ਤਿਆਗ ਕੇ ਹੋਰਨਾ ਦੇ ਮਕਾਨ ਤੇ ਜਾਂਦਾ ਹੈ। ਉਹ ਤਸਕਰ ਦੀ ਤਰ੍ਹਾਂ ਫੜ ਲਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਸੱਟਾਂ ਸਹਾਰਦਾ ਹੈ। ਜੋ ਆਪਣੇ ਗ੍ਰਹਿ ਨੂੰ ਜਾਣਦੇ ਹਨ, ਉਹ ਅਨੰਦ-ਪ੍ਰਸੰਨ ਹਨ, ਹੇ ਵੀਰ! ਗੁਰਾਂ ਦੇ ਪਰਤਾਪ ਦੁਆਰਾ, ਉਹ ਆਪਣੇ ਦਿਲ ਵਿੱਚ ਸਰਬ-ਵਿਆਪਕ ਸੁਆਮੀ ਨੂੰ ਸਿੰਆਣ ਲੈਂਦੇ ਹਨ। ਸਾਹਿਬ ਖ਼ੁਦ ਦਾਤ ਦਿੰਦਾ ਹੈ ਅਤੇ ਖ਼ੁਦ ਹੀ ਸਮਝ ਪਰਦਾਨ ਕਰਦਾ ਹੈ, ਉਸ ਦੇ ਬਿਨਾ ਮੈਂ ਹੋਰ ਕਿਸ ਨੂੰ ਨਿਵੇਦਨ ਕਰਾਂ? ਨਾਨਕ ਤੂੰ ਨਾਮ ਦਾ ਆਰਾਧਨ ਕਰ, ਇਸ ਤਰ੍ਹਾਂ ਤੂੰ ਸੱਚੇ ਦਰਬਾਰ ਅੰਦਰ ਵਡਿਆਈ ਹਾਸਲ ਕਰੇਗਾ।