Punjabi Version

  |   Golden Temple Hukamnama

Ang: 670

ਹੇ ਮੇਰੇ ਮਨ! ਤੂੰ ਸਦੀਵ ਹੀ ਸੱਚੇ ਨਾਮ, ਸੱਚੇ ਨਾਮ ਦਾ ਸਿਮਰਨ ਕਰ। ਹਮੇਸ਼ਾਂ ਪਵਿੱਤਰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦਾ ਚਿਹਰਾ ਇਸ ਲੋਕ ਤੇ ਪ੍ਰਲੋਕ ਵਿੱਚ ਰੌਸ਼ਨ ਹੋ ਜਾਂਦਾ ਹੈ। ਠਹਿਰਾਓ। ਜਿਥੇ ਕਿਤੇ ਵਾਹਿਗੁਰੂ ਦੀ ਭਜਨ ਬੰਦਗੀ ਹੈ, ਓੁਥੋਂ ਸਾਰੀਆਂ ਮੁਸੀਬਤਾਂ ਦੌੜ ਜਾਂਦੀਆਂ ਹਨ। ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਸਾਈਂ ਦਾ ਆਰਾਧਨ ਕਰਦੇ ਹਨ। ਗੁਰਾਂ ਨੇ ਦਾਸ ਨਾਨਕ ਨੂੰ ਇਹ ਸਮਝ ਪ੍ਰਦਾਨ ਕੀਤੀ ਹੈ ਕਿ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਬੰਦਾ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਧਨਾਸਰੀ ਚੌਥੀ ਪਾਤਿਸ਼ਾਹੀ। ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ। ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? ਠਹਿਰਾਓ। ਹੇ ਪਾਤਿਸ਼ਾਹ! ਨਿਸਚਿਤ ਹੀ ਤੂੰ ਮੇਰਾ ਸੱਚਾ ਸੁਆਮੀ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਸਭ ਸੱਚ ਹੈ। ਮੈਂ ਕੂੜਾ ਕਿਸ ਨੂੰ ਕਹਾਂ, ਜਦ ਕਿ ਤੇਰੇ ਬਗੈਰ ਹੋਰ ਕੋਈ ਹੈ ਹੀ ਨਹੀਂ, ਹੇ ਪਾਤਿਸ਼ਾਹ! ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਸੁਆਮੀ! ਅਤੇ ਹਰ ਕੋਈ ਤੈਨੂੰ ਦਿਨ ਰਾਤ ਯਾਦ ਕਰਦਾ ਹੈ। ਸਾਰੇ ਜਣੇ ਤੇਰੇ ਪਾਸੋਂ ਮੰਗਦੇ ਹਨ, ਹੇ ਸੁਆਮੀ! ਤੇ ਕੇਵਲ ਤੂੰ ਹੀ ਸਾਰਿਆਂ ਨੂੰ ਬਖ਼ਸ਼ੀਸ਼ਾਂ ਦਿੰਦਾ ਹੈਂ। ਸਾਰੇ ਤੇਰੇ ਇਖਤਿਆਰ ਅੰਦਰ ਹਨ, ਹੇ ਸੁਆਮੀ ਕੋਈ ਭੀ ਤੇਰੇ ਤੋਂ ਬਾਹਰ ਨਹੀਂ। ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਸੁਆਮੀ ਹੈਂ, ਹੇ ਸਾਹਿਬ! ਅਤੇ ਹਰ ਕੋਈ ਤੇਰੇ ਵਿੱਚ ਲੀਨ ਹੋ ਜਾਵੇਗਾ। ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ ਤੈਨੂੰ ਯਾਦ ਕਰਦਾ ਹੈ, ਹੇ ਮੇਰੇ ਸ਼ਾਹੂਕਾਰ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਪ੍ਰੀਤਮ! ਗੋਲੇ ਨਾਨਕ ਦਾ, ਤੂੰ ਹੀ ਸੱਚਾ ਬਾਦਸ਼ਾਹ ਹੈਂ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ। ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ ਤਾਂ ਕਰੋੜਾਂ ਹੀ ਪਾਪ ਇੱਕ ਨਿਮਖ ਵਿੱਚ ਨਾਸ ਹੋ ਜਾਂਦੇ ਹਨ। ਮੇਰੀ ਜਿੰਦੜੀ, ਮੇਰੇ ਪ੍ਰੀਤਮ ਪ੍ਰਭੂ ਨਾਲ ਜੁੜੀ ਹੋਈ ਹੈ। ਗਰੀਬਾਂ ਤੇ ਮਿਹਰਬਾਨ, ਮੇਰੇ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਮੇਰੇ ਪੰਜੇ ਹੀ ਵੈਰੀ ਮੇਰੇ ਵੱਸ ਕਰ ਦਿੱਤੇ ਹਨ। ਠਹਿਰਾਓ। ਸੁੰਦਰ ਹੈ ਤੇਰਾ ਟਿਕਾਣਾ ਅਤੇ ਸੁੰਦਰ ਤੇਰਾ ਸਰੂਪ। ਤੇਰੇ ਸਾਧੂ ਤੇਰੀ ਦਰਗਾਹ ਵਿੱਚ ਸੁੰਦਰ ਲੱਗਦੇ ਹਨ। ਹੇ, ਸਮੂਹ ਜੀਵਾਂ ਦੇ ਦਾਤਾਰ ਪ੍ਰਭੂ! ਮਿਹਰ ਧਾਰ ਅਤੇ ਮੇਰਾ ਪਾਰ ਉਤਾਰਾ ਕਰ। ਤੇਰਾ ਰੰਗ ਜਾਣਿਆਂ ਨਹੀਂ ਜਾਂਦਾ, ਨਾਂ ਹੀ ਤੇਰਾ ਸਰੂਪ ਵੇਖਿਆ ਜਾਂਦਾ ਹੈ। ਤੇਰੀ ਸ਼ਕਤੀ ਨੂੰ ਕੌਣ ਅਨੁਭਵ ਕਰ ਸਕਦਾ ਹੈ? ਤੂੰ ਪਾਣੀ, ਧਰਤੀ, ਅਸਮਾਨ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਬੇਅੰਤ ਸੁੰਦਰ ਅਤੇ ਪਹਾੜ ਨੂੰ ਚੁਕਣ ਵਾਲੇ ਸਾਹਿਬ। ਹੇ, ਤੂੰ ਹੰਕਾਰ ਦੇ ਵੈਰੀ ਤੇ ਅਮਰ ਸੁਆਮੀ! ਸਮੂਹ ਪ੍ਰਾਣੀ ਤੇਰੀ ਮਹਿਮਾ ਗਾਇਨ ਕਰਦੇ ਹਨ। ਨਫ਼ਰ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸਾਹਿਬ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ। ਧਨਾਸਰੀ ਪੰਜਵੀਂ ਪਾਤਿਸ਼ਾਹੀ। ਮੱਛੀ, ਜਿਸ ਨੇ ਪਾਣੀ ਨਾਲ ਘਣਾ ਪਿਆਰ ਪਾਇਆ ਹੋਇਆ ਹੈ, ਪਾਣੀ ਦੇ ਬਗੈਰ ਜਾਨ ਦੇ ਦਿੰਦੀ ਹੈ। ਕੰਵਲ ਦੇ ਪ੍ਰੇਮ ਅੰਦਰ ਫਸ, ਭਉਰਾ ਮਰ ਮੁਕਦਾ ਹੈ। ਇਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ। ਹੁਣ ਮੇਰੇ ਮਨ ਨੇ ਇੱਕ ਸੁਆਮੀ ਨਾਲ ਪ੍ਰੇਮ ਪਾ ਲਿਆ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ, ਜੋ ਮਰਦਾ ਨਹੀਂ, ਨਾਂ ਹੀ ਜੰਮਦਾ ਹੈ ਅਤੇ ਹਮੇਸ਼ਾਂ ਮੇਰੇ ਅੰਗ ਸੰਗ ਹੈ। ਠਹਿਰਾਓ।