Punjabi Version

  |   Golden Temple Hukamnama

Ang: 731

ਹੇ ਮੇਰੇ ਪੂਜਯ ਪ੍ਰੀਤਮ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ। ਤੂੰ ਪਾਣੀ, ਸੁੱਕੀ ਧਰਤੀ, ਪਾਤਾਲ ਅਤੇ ਆਕਾਸ਼ ਵਿੱਚ ਪਰੀਪੂਰਨ ਹੋ ਰਿਹਾ ਹੈਂ। ਤੂੰ ਖੁਦ ਹੀ ਹਰ ਥਾਂ ਵਿਆਪਕ ਹੈਂ। ਠਹਿਰਾਉ। ਮੇਰੀ ਆਤਮਾ ਤੱਕੜੀ ਹੈ, ਗਿਆਤ ਵੱਟੇ ਅਤੇ ਤੇਰੀ ਘਾਲ ਕਮਾਉਣੀ ਮੇਰਾ ਜੌਹਰੀ ਹੈ। ਆਪਣੇ ਹਿਰਦੇ ਅੰਦਰ ਮੈਂ ਉਸ ਕੰਤ ਨੂੰ ਹਾੜਦੀ ਹਾਂ। ਇਸ ਤਰੀਕੇ ਨਾਲ ਮੈਂ ਆਪਣੀ ਬਿਰਤੀ ਨੂੰ ਜੋੜਦੀ ਹਾਂ। ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ। ਅੰਨ੍ਹੀ, ਨੀਵੇਂ ਵਰਨ ਦੀ ਅਤੇ ਬਦੇਸਣ ਜਿੰਦੜੀ ਇਕ ਮੁਹਤ ਭਰ ਲਈ ਆਉਂਦੀ ਹੈ ਅਤੇ ਇਕ ਲੰਮ੍ਹੇ ਵਿੱਚ ਟੁਰ ਜਾਂਦੀ ਹੈ। ਉਸ ਦੀ ਸੁਹਬਤ ਅੰਦਰ ਨਾਨਕ ਵਸਦਾ ਹੈ। ਉਹ, ਮੂਰਖ ਕਿਸ ਤਰ੍ਹਾਂ ਤੈਨੂੰ ਪਰਾਪਤ ਕਰ ਸਕਦਾ ਹੈ, ਹੇ ਪ੍ਰਭੂ! ਰਾਗ ਸੂਹੀ ਚੌਥੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪੀਰਾਂ ਦੇ ਪੀਰ ਗੁਰਾਂ ਦੇ ਉਪਦੇਸ਼ ਰਾਹੀਂ ਮੇਰੀ ਜਿੰਦੜੀ ਸੁਆਮੀ ਤੇ ਨਾਮ ਦਾ ਸਿਮਰਨ ਕਰਦੀ ਹੈ। ਮੇਰੇ ਚਿੱਤ ਅਤੇ ਸਰੀਰ ਦੀਆਂ ਸਾਰੀਆਂ ਖਾਹਿਸ਼ਾਂ ਪੂਰਨ ਹੋ ਗਈਆਂ ਹਨ ਅਤੇ ਮੇਰਾ ਮੌਤ ਦਾ ਭੈ ਭੀ ਸਮੂਹ ਜਾਂਦਾ ਰਿਹਾ ਹੈ। ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਇਨ ਕਰ। ਗੁਰਾਂ ਦੀ ਪਰਸੰਨਤਾ ਰਾਹੀਂ ਆਤਮਾ ਨੂੰ ਸਿਖ-ਮਤ ਆ ਜਾਂਦੀ ਹੈ ਅਤੇ ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਗਟਗਟ ਕਰ ਕੇ ਪਾਨ ਕਰਦੀ ਹੈ। ਠਹਿਰਾਉ। ਸਰੇਸ਼ਟ ਹੈ ਸੱਚੇ ਗੁਰਾਂ ਦੀ ਸਾਧ ਸੰਗਤ, ਜੋ ਮੇਰੇ ਸੁਆਮੀ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ। ਆਪਣੀ ਮਿਹਰ ਕਰ ਕੇ, ਹੇ ਸਾਹਿਬ ਮੈਨੂੰ ਸਾਧ ਸਮਾਗਮ ਅੰਦਰ ਜੋੜ। ਮੈਂ ਤੇਰੇ ਗੋਲਿਆਂ ਦੇ ਪੈਰ ਧੋਂਦਾਂ ਹਾਂ। ਸਾਈਂ ਦਾ ਨਾਮ ਸਾਈਂ ਦਾ ਨਾਮ ਸਾਰੇ ਗੂੰਜ ਰਿਹਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਦੀ ਮਿਠਾਸ ਤੇ ਸੁਆਦ ਮਾਣਿਆ ਜਾਂਦਾ ਹੈ। ਪਿਆਸੇ ਪ੍ਰਾਣੀ ਨੂੰ ਈਸ਼ਵਰੀ-ਅੰਮ੍ਰਿਤ ਵਾਹਿਗੁਰੂ ਦੀ ਪਾਣੀ ਪਰਾਪਤ ਹੋ ਗਿਆ ਹੈ ਅਤੇ ਉਸ ਦੀ ਸਾਰੀ ਪਿਆਸ ਬੁੱਝ ਗਈ ਹੈ। ਮੇਰੀ ਜਾਤੀ ਅਤੇ ਮੇਰੀ ਇੱਜ਼ਤ ਆਬਰੂ ਵਿਸ਼ਾਲ ਸੱਚੇ ਗੁਰੂ ਜੀ ਹਨ। ਮੈਂ ਆਪਣਾ ਸੀਸ ਗੁਰਾਂ ਕੋਲ ਫਰੋਖਤ ਕਰ ਦਿੱਤਾ ਹੈ। ਗੋਲਾ ਨਾਨਕ ਗੁਰਾਂ ਦਾ ਮੁਰੀਦ ਆਖਿਆ ਜਾਂਦਾ ਹੈ। ਹੇ ਮੇਰੇ ਗੁਰਦੇਵ! ਤੂੰ ਆਪਣੇ ਗੋਲੇ ਦੀ ਪਤਿ-ਆਬਰੂ ਰੱਖ। ਸੂਹੀ ਚੌਥੀ ਪਾਤਿਸ਼ਾਹੀ। ਮੈਂ ਪਰਮ ਪੁਰਸ਼, ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਮੇਰੀ ਗਰੀਬੀ ਅਤੇ ਪਾਪਾਂ ਦੀਆਂ ਫੌਜਾਂ ਸਮੂਹ ਨਾਸ ਹੋ ਗਈਆਂ ਹਨ। ਗੁਰਾਂ ਦੀ ਬਾਣੀ ਰਾਹੀਂ ਮੇਰਾ ਜਨਮ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ। ਸਦੀਵੀ ਸਥਿਰ ਸੁਆਮੀ ਦੀ ਘਾਲ ਕਮਾ ਕੇ ਮੈਂ ਆਰਾਮ ਅੰਦਰ ਲੀਨ ਹੋ ਗਿਆ ਹਾਂ। ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪਰਮ ਪਿਆਰੇ ਨਾਮ ਦਾ ਆਰਾਧਨ ਕਰ। ਆਪਣੀ ਜਿੰਦੜੀ ਅਤੇ ਦੇਹ ਨੂੰ ਸਮਰਪਣ ਕਰ ਦੇ, ਮੈਂ ਉਨ੍ਹਾਂ ਨੂੰ ਆਪਣੇ ਗੁਰਾਂ ਮੂਹਰੇ ਰੱਖ ਦਿੱਤਾ ਹੈ। ਆਪਣਾ ਸੀਸ ਮੈਂ ਅਕਰੇ ਨਿਰਖ ਤੇ ਫਰੋਖਤ ਕਰ ਦਿੱਤਾ ਹੈ। ਠਹਿਰਾਉ। ਮਨੁੱਖਾਂ ਦੇ ਮਾਲਕ, ਬਾਦਸ਼ਾਹ ਖੁੱਸ਼ੀਆਂ ਅਤੇ ਸੁਆਦ ਭੋਗਦੇ ਹਨ ਪ੍ਰੰਤੂ ਨਾਮ ਦੇ ਬਗੈਰ, ਮੌਤ ਉਨ੍ਹਾਂ ਸਾਰਿਆਂ ਨੂੰ ਫੜ ਕੇ ਲੈ ਜਾਂਦੀ ਹੈ। ਧਰਮ ਰਾਜੇ ਦਾ ਡੰਡਾ ਉਨ੍ਹਾਂ ਦੇ ਸਿਰ ਉਤੇ ਵਜਦਾ ਹੈ ਅਤੇ ਜਦ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲਦਾ ਹੈ, ਜਦ ਉਹ ਪਸਚਾਤਾਪ ਕਰਦੇ ਹਨ। ਮੇਰੀ ਰਖਿਆ, ਰੱਖਿਆ ਕਰ, ਹੇ ਵਾਹਿਗੁਰੂ! ਮੈਂ ਤੇਰਾ ਕੀਟ ਗੋਲਾ ਹਾਂ। ਮੈਂ ਤੇਰੀ ਪਨਾਹ ਲਈ ਹੈ; ਹੇ ਮੇਰੇ ਪ੍ਰਤਿਪਾਲਣਹਾਰ ਪ੍ਰਭੂ! ਮੈਨੂੰ ਆਪਣੇ ਸਾਧੂ ਦਾ ਦੀਦਾਰ ਬਖਸ਼, ਤਾਂ ਜੋ ਮੈਨੂੰ ਸ਼ਾਂਤੀ ਪਰਾਪਤ ਹੋਵੇ। ਮੇਰੀ ਸੱਧਰ ਪੂਰੀ ਕਰ। ਹੇ ਸਾਹਿਬ! ਕਿਉਂ ਜੋ ਮੈਂ ਤੇਰਾ ਗੋਲਾ ਹਾਂ। ਤੂੰ ਸਰਬ-ਸ਼ਕਤੀਵਾਨ ਤੇ ਵਿਸ਼ਾਲ ਵਾਹਿਗੁਰੂ, ਪਾਰਬ੍ਰਹਮ ਪਰਮੇਸ਼ਵਰ ਹੈਂ। ਹੇ ਠਾਕੁਰ! ਤੂੰ ਮੈਨੂੰ ਨਿਮ੍ਰਿਤਾ ਦੀ ਦਾਤ ਬਖਸ਼। ਨਾਮ ਨੂੰ ਹਾਸਲ ਕਰਕੇ ਨਫਰ ਨਾਨਕ ਆਰਾਮ ਪਾਉਂਦਾ ਹੈ। ਮੈਂ ਹਮੇਸ਼ਾਂ ਤੇਰੇ ਨਾਮ ਉਤੋਂ ਘੋਲੀ ਜਾਂਦਾ ਹਾਂ, ਹੇ ਪ੍ਰਭੂ! ਸੂਹੀ ਚੌਥੀ ਪਾਤਿਸ਼ਾਹੀ। ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਮਜੀਠ ਦੀ ਤਰ੍ਹਾਂ ਪੱਕਾ ਰੰਗ ਹੈ। ਪ੍ਰਸੰਨ ਹੋ ਕੇ, ਗੁਰੂ ਜੀ ਪ੍ਰਭੂ ਦੀ ਰੰਗਤ ਨਾਲ ਰੰਗ ਦਿੰਦੇ ਹਨ ਅਤੇ ਇਹ ਮੁੜ ਕਦੇ ਉਤਰਦਾ ਨਹੀਂ।

Ang: 730

ਸੂਹੀ ਪਹਿਲੀ ਪਾਤਿਸ਼ਾਹੀ। ਉਤਮ ਹੈ ਉਹ ਬਰਤਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਪਰਮ ਪਲੀਤ ਬਰਤਨ ਧੋਣ ਨਾਲ ਸਵੱਛ ਨਹੀਂ ਹੁੰਦਾ। ਗੁਰਾਂ ਦੁਆਰੇ ਪ੍ਰਾਣੀ ਨੂੰ ਸਮਝ ਪਰਾਪਤ ਹੁੰਦੀ ਹੈ। ਇਸ ਤਰ੍ਹਾਂ ਧੋਤਾ ਜਾਵੇ ਤਾਂ ਬਰਤਨ ਸਾਫ ਸੁਥਰਾ ਹੋ ਜਾਂਦਾ ਹੈ। ਚੰਗੇ ਅਤੇ ਮੰਦੇ ਦੀ ਪਛਾਣ ਕਰਨ ਦੀ ਸਮਝ ਪ੍ਰਭੂ ਆਪੇ ਹੀ ਬਖਸ਼ਦਾ ਹੈ। ਕੋਈ ਜਣਾ ਇਹ ਨਾਂ ਸਮਝ ਲਵੇ ਕਿ ਉਸ ਨੂੰ ਅਗਾਹਾਂ ਆਰਾਮ ਦੀ ਥਾਂ ਮਿਲ ਜਾਏਗੀ। ਜਿਹੋ ਜਿਹਾ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਹੋ ਜਾਂਦਾ ਹੈ। ਆਬਿ-ਹਿਯਾਤ ਹੈ ਪ੍ਰਭੂ ਦਾ ਨਾਮ ਅਤੇ ਉਹ ਖੁਦ ਹੀ ਪ੍ਰਾਣੀ ਨੂੰ ਇਸ ਦੀ ਦਾਤ ਦਿੰਦਾ ਹੈ। ਉਸ ਦੀ ਵਡਿਆਈ ਦੇ ਵਾਜੇ ਵੱਜਦੇ ਹਨ, ਜੋ ਆਪਣੇ ਜੀਵਨ ਨੂੰ ਸ਼ੁਸ਼ੋਭਤ ਕਰ ਕੇ, ਇੱਜ਼ਤ ਨਾਲ ਇਥੋਂ ਜਾਂਦਾ ਹੈ। ਗਰੀਬ ਪ੍ਰਾਣੀਆਂ ਦੇ ਸੰਸਾਰ ਦਾ ਕੀ ਕਹਿਣਾ ਹੋਇਆ, ਉਸ ਦੀ ਮਹਿਮਾਂ ਤਿੰਨਾਂ ਹੀ ਜਹਾਨਾ ਅੰਦਰ ਗੂੰਜੇਗੀ। ਨਾਨਕ ਉਹ ਖੁਦ ਪਰਮ ਪਰਸੰਨ ਹੋਵੇਗਾ ਅਤੇ ਆਪਣੀ ਸਾਰੀ ਵੰਸ ਨੂੰ ਤਾਰ ਦੇਵੇਗਾ। ਸੂਹੀ ਪਹਿਲੀ ਪਾਤਿਸ਼ਾਹੀ। ਤਿਆਗੀ ਤਿਆਗ ਕਮਾਉਂਦਾ ਹੈ ਅਤੇ ਪੇਟੂ ਖਾਈ ਹੀ ਜਾਂਦਾ ਹੈ। ਜੋ ਤਪੱਸਵੀ ਹੈ, ਉਹ ਤਪੱਸਿਆ ਕਮਾਉਂਦਾ ਹੈ ਅਤੇ ਧਰਮ ਅਸਥਾਨਾਂ ਤੇ ਮਲ ਮਲ ਕੇ ਨਹਾਉਂਦਾ ਹੈ। ਮੈਂ ਤੇਰੀ ਕਣਸੋ ਸੁਣਨਾ ਚਾਹੁੰਦਾ ਹਾਂ, ਹੇ ਪਿਆਰਿਆ! ਜੇਕਰ ਕੋਈ ਬਹਿ ਕੇ ਮੈਨੂੰ ਦੱਸੇ। ਠਹਿਰਾਉ। ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ ਅਤੇ ਜਿਹੜਾ ਕੁਛ ਉਹ ਕਮਾਉਂਦਾ ਹੈ, ਉਹੀ ਖਾਂਦਾ ਹੈ। ਏਦੂੰ ਮਗਰੋਂ, ਉਸ ਪਾਸੋਂ ਕੋਈ ਹਿਸਾਬ ਨਹੀਂ ਪੁਛਿਆ ਜਾਂਦਾ, ਜੋ ਉਥੇ ਨਾਮ ਦੇ ਝੰਡੇ ਨਾਲ ਜਾਂਦਾ ਹੈ। ਜਿਹੋ ਜਿਹੇ ਕਰਮ ਪ੍ਰਾਨੀ ਕਰਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ। ਜਿਹੜਾ ਸਾਹ ਸੁਆਮੀ ਦੇ ਸਿਮਰਨ ਦੇ ਬਿਨਾਂ ਲਿਆ ਜਾਂਦਾ ਹੈ ਉਹ ਸਾਹ ਵਿਅਰਥ ਜਾਂਦਾ ਹੈ। ਜੇਕਰ ਕੋਈ ਖਰੀਦਣ ਵਾਲਾ ਹੋਵੇ ਤਾਂ ਮੈਂ ਆਪਣੀ ਇਸ ਦੇਹ ਨੂੰ ਆਪਣੇ ਸਾਈਂ ਦੀ ਖਾਤਰ ਵੇਚ, ਵੇਚ ਦੇਵਾਂਗਾ। ਨਾਨਕ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜਿਸ ਦੇ ਅੰਦਰ ਸਤਿਨਾਮ ਦਾ ਨਿਵਾਸ ਨਹੀਂ। ਸੂਹੀ ਪਹਿਲੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਨਾਲ ਉਹ ਪਰਾਪਤ ਹੁੰਦਾ ਹੈ। ਯੋਗ ਖਫਣੀ ਵਿੱਚ ਨਹੀਂ, ਨਾਂ ਯੋਗ ਸੋਟੇ ਵਿੱਚ ਹੈ, ਨਾਂ ਹੀ ਯੋਗ ਹੈ ਸਰੀਰ ਨੂੰ ਸੁਆਹ ਮਲਣ ਵਿੱਚ। ਯੋਗ ਮੁੰਦਰਾਂ ਵਿੱਚ, ਜਾਂ ਸਿਰ ਮੁਨਾਉਣ ਵਿੱਚ ਨਹੀਂ, ਯੋਗ ਸਿੰਗ ਵਜਾਉਣ ਵਿੱਚ ਵੀ ਨਹੀਂ। ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਹੋ ਕੇ ਵੱਸ। ਇਸ ਤਰ੍ਹਾਂ ਤੂੰ ਯੋਗ ਦਾ ਮਾਰਗ ਪਾ ਲਵੇਂਗਾ। ਨਿਰੀਆਂ ਗੱਲਾਂ ਨਾਲ ਯੋਗ ਪਰਾਪਤ ਨਹੀਂ ਹੁੰਦਾ। ਉਹ ਹੀ ਯੋਗੀ ਆਖਿਆ ਜਾਂਦਾ ਹੈ, ਜੋ ਸਾਰਿਆਂ ਪ੍ਰਾਣੀਆਂ ਨੂੰ ਇਕੋ ਅੱਖ ਨਾਲ ਵੇਖਦਾ ਹੈ ਅਤੇ ਉਨ੍ਹਾਂ ਨੂੰ ਇਕ ਸਮਾਨ ਕਰ ਕੇ ਜਾਣਦਾ ਹੈ। ਠਹਿਰਾਉ। ਯੋਗ ਪਰੇਡੀਆਂ ਕਬਰਾਂ ਜਾਂ ਸ਼ਮਸ਼ਾਨ ਭੂਮੀਆਂ, ਜਾਂ ਸਮਾਧੀ ਲਾ ਕੇ ਬੈਠਣ ਵਿੱਚ ਨਹੀਂ। ਯੋਗ ਆਪਣੇ ਵਤਨੁ ਅਤੇ ਪਰਦੇਸਾਂ ਦੇ ਵਿੱਚ ਫਿਰਨ ਵਿੱਚ ਨਹੀਂ, ਨਾਂ ਹੀ ਯਾਤ੍ਰਾ-ਅਸਥਾਨਾਂ ਉਤੇ ਨ੍ਹਾਉਣ ਵਿੱਚ ਹੈ। ਤੂੰ ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਰਹੁ। ਇਸ ਤਰ੍ਹਾਂ ਤੂੰ ਯੋਗ ਦੇ ਰਸਤੇ ਨੂੰ ਪਾ ਲਵੇਂਗਾ। ਜੇ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਉਸ ਦਾ ਭਟਕਦਾ ਹੋਇਆ ਮਨ ਕਾਬੂ ਆ ਜਾਂਦਾ ਹੈ। ਅੰਮ੍ਰਿਤ ਵਰਸਦਾ ਹੈ, ਬੈਕੁੰਨੀ ਕੀਰਤਨ ਹੁੰਦਾ ਹੈ ਅਤੇ ਆਪਣੇ ਹਿਰਦੇ ਅੰਦਰੋਂ ਹੀ ਬੰਦਾ ਬ੍ਰਹਿਮ ਗਿਆਨ ਪਰਾਪਤ ਕਰ ਲੈਂਦਾ ਹੈ। ਤੂੰ ਅਪਵਿਤ੍ਰਤਾ ਅੰਦਰ ਪਵਿਤਰ ਵਿਚਾਰ, ਇਸ ਤਰ੍ਹਾਂ ਤੂੰ ਯੋਗ ਦੇ ਮਾਰਗ ਨੂੰ ਪਾ ਲਵੇਂਗਾ। ਨਾਨਕ ਤੂੰ ਆਪਣੀ ਜ਼ਿੰਦਗੀ ਵਿੱਚ ਮਰਿਆ ਰਹਿ। ਤੂੰ ਇਹੋ ਜਿਹਾ ਯੋਗ ਕਮਾ। ਜਦ ਵੀਣਾ ਬਿਨਾ ਵਜਾਏ ਵੱਜੇਗੀ, ਤਦ ਹੀ ਭੈ-ਰਹਿਤ ਮਰਤਬੇ ਨੂੰ ਪਰਾਪਤ ਹੋਵੇਂਗਾ। ਜਦ ਇਨਸਾਨ ਸੰਸਾਰੀ ਲਗਨਾਂ ਅੰਦਰ ਨਿਰਲੇਪ ਵਿਚਰਦਾ ਹੈ, ਤਦ ਹੀ ਉਹ ਯੋਗ ਦੇ ਮਾਰਗ ਨੂੰ ਪਰਾਪਤ ਹੁੰਦਾ ਹੈ। ਸੂਹੀ ਪਹਿਲੀ ਪਾਤਿਸ਼ਾਹੀ। ਕਿਹੜੀ ਹੈ ਤੱਕੜੀ ਅਤੇ ਕਿਹੜੇ ਵੱਟੇ? ਤੇਰੇ ਲਈ ਮੈਂ ਕਿਹੜਾ ਪਾਰਖੂ ਸੱਦਾਂ, ਹੇ ਸੁਆਮੀ! ਕਿਹੜਾ ਗੁਰੂ ਹੈ ਜਿਸ ਪਾਸੋਂ ਮੈਂ ਸਿਖਿਆ ਲਵਾਂ ਅਤੇ ਕੀਹਦੇ ਕੋਲੋਂ ਮੈਂ ਤੇਰੀ ਕੀਮਤ ਪੁਆਵਾਂ?