[patiala] - ਐੱਨ. ਐੱਚ. ਐੱਮ. ਕਰਮਚਾਰੀਆਂ ਨੇ ਮੰਗਾਂ ਸਬੰਧੀ ਫੂਕਿਅਾ ਪੰਜਾਬ ਸਰਕਾਰ ਦਾ ਪੁਤਲਾ

  |   Patialanews

ਪਟਿਆਲਾ, (ਬਲਜਿੰਦਰ, ਪਰਮੀਤ)- ਆਲ ਇੰਡੀਆ ਐੱਨ. ਐੱਚ. ਐੱਮ. ਕਰਮਚਾਰੀ ਸੰਘ ਭਾਰਤ ਦੇ ਸੱਦੇ ’ਤੇ ਪਟਿਆਲਾ ਜ਼ਿਲੇ ਵਿਚ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਸਾਰੇ ਕੇਡਰਾਂ ਦੇ ਮੁਲਾਜ਼ਮਾਂ ਨੇ ਭਾਗ ਲਿਆ। ਸਿਹਤ ਸੇਵਾਵਾਂ ਨੂੰ ਪੂਰਨ ਤੌਰ ’ਤੇ ਸਾਰਾ ਦਿਨ ਬੰਦ ਰੱਖਿਆ। ਇਸ ਮੌਕੇ ਫੁਹਾਰਾ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਤੋਂ ਪਹਿਲਾਂ ਸਮੂਹ ਕਰਮਚਾਰੀਆਂ ਨੇ ਸਿਵਲ ਸਰਜਨ ਦਫਤਰ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਦੌਰਾਨ ਐੱਨ. ਐੱਚ. ਐੱਮ. ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਇਸ ਦੇਸ਼-ਵਿਆਪੀ ਹਡ਼ਤਾਲ ਵਿਚ ਐੱਨ. ਐੱਚ. ਐੱਮ. ਦੇ ਕਰਮਚਾਰੀਆਂ ਦੇ ਹਡ਼ਤਾਲ ’ਤੇ ਜਾਣ ਨਾਲ 108 ਐਂਬੂਲੈਂਸ ਸੇਵਾਵਾਂ, ਐਮਰਜੈਂਸੀ ਸੇਵਾ, ਟੀਕਾਕਰਨ ਅਤੇ ਹੋਰ ਸਾਰੀਆਂ ਸਿਹਤ ਸਬੰਧੀ ਸੇਵਾਵਾਂ ਪੂਰਾ ਦਿਨ ਬੰਦ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਗਭਗ 9000 ਦੇ ਕਰੀਬ ਕਰਮਚਾਰੀ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਜਿਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਸ਼ੁਰੂ ਹੋਏ ਨੂੰ 10 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਸਿਹਤ ਸਹੂਲਤਾਂ ਵਿਚ ਬਹੁਤ ਸੁਧਾਰ ਹੋਇਆ ਹੈ। ਅੱਜ ਤੱਕ ਕੋਈ ਵੀ ਸਰਕਾਰ ਇਹ ਨਹੀਂ ਸਪੱਸ਼ਟ ਕਰ ਸਕੀ ਕਿ ਅਸੀਂ ਕੇਂਦਰ ਦੇ ਮੁਲਾਜ਼ਮ ਹਾਂ ਜਾਂ ਸੂਬਾ ਸਰਕਾਰ ਦੇ। ਜਦੋਂ ਵੀ ਆਪਣੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਤਾਂ ਸੂਬਾ ਸਰਕਾਰ ਸਾਨੂੰ ਕੇਂਦਰੀ ਸਕੀਮ ਅਧੀਨ ਦਸਦੇ ਹੋਏ ਕੇਂਦਰ ਦੇ ਮੁਲਾਜ਼ਮ ਕਹਿੰਦੀ ਹੈ। ਜੇਕਰ ਕੇਂਦਰ ਸਰਕਾਰ ਕੋਲ ਗੱਲ ਕੀਤੀ ਜਾਂਦੀ ਹੈ ਕਿ ਤਾ ਉਹ ਸਾਨੂੰ ਸੂਬਾ ਸਰਕਾਰ ਦੇ ਮੁਲਾਜ਼ਮ ਦਸਦੀ ਹੈ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਜਾਂ ਪੇ-ਸਕੇਲ ਦੇਣ ਲਈ ਕੋਈ ਵੀ ਠੋਸ ਨੀਤੀ ਨਹੀਂ ਬਣਾਈ ਗਈ। ਗੁਆਂਢੀ ਸੂਬਾ ਹਰਿਆਣਾ ਵਿਚ 1 ਜਨਵਰੀ 2018 ਤੋਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਦੇ ਕੇ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸੇ ਤਰਜ਼ ’ਤੇ ਪੰਜਾਬ ਵਿਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਹਰਿਆਣਾ ਸੂਬੇ ਵਾਂਗ ਪੂਰੇ ਸਕੇਲ ਅਤੇ ਭੱਤੇ ਦਿੱਤੇ ਜਾਣ, 2211 ਹੈੱਡ ਅਧੀਨ ਕੰਮ ਕਰਦੀਆਂ ਕਰਮਚਾਰਨਾਂ ਨੂੰ ਲਾਇਲਟੀ ਬੋਨਸ ਤੁਰੰਤ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਈ. ਪੀ. ਐੱਫ. ਕੱਟਿਆ ਜਾਵੇ। ਆਸ਼ਾ ਵਰਕਰਾਂ ’ਤੇ ਵੀ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ। ਪੰਜਾਬ ਸਰਕਾਰ ਠੇਕੇ ’ਤੇ ਭਰਤੀ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜੇਕਰ ਸਰਕਾਰ ਦਾ ਰਵੱਈਆ ਮੁਲਾਜ਼ਮ-ਮਾਰੂ ਹੀ ਰਿਹਾ ਤਾਂ ਨਵੰਬਰ ਵਿਚ ਪਟਿਆਲਾ ’ਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਨਵ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਤੋਂ ਭਜਦੀ ਨਜ਼ਰ ਆ ਰਹੀ ਹੈ। ਇਕ ਪਾਸੇ ਤਾਂ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾ ਰਹੀ ਹੈ, ਦੂਜੇ ਪਾਸੇ ਆਪਣੇ ਮੰਤਰੀਅਾਂ ਲਈ ਕਰੋਡ਼ਾਂ ਦੀਆਂ ਲਗਜ਼ਰੀ ਕਾਰਾਂ ਖਰੀਦ ਰਹੀ ਹੈ। ਜਦੋਂ ਵੀ ਕੋਈ ਮੁਲਾਜ਼ਮ ਆਪਣੇ ਹੱਕਾਂ ਲਈ ਅਾਵਾਜ਼ ਉਠਾਉਂਦਾ ਹੈ ਤਾਂ ਵਿੱਤ ਮੰਤਰੀ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਣ ਲੱਗ ਜਾਂਦੇ ਹਨ। ਇਸ ਮੌਕੇ ਮੀਨਾ ਰਾਣੀ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ‘ਬੇਟੀ ਬਚਾਓ ਬੇਟੀ ਪਡ਼੍ਹਾਓ’ ਦਾ ਰੌਲਾ ਪਾ ਰਹੀ ਹੈ ਪਰ ਕੀ ਅੱਜ ਇਨ੍ਹਾਂ ਨੂੰ ਇਹ ਬੇਟੀਆਂ ਨਜ਼ਰ ਨਹੀਂ ਆ ਰਹੀਆਂ? ਜੋ ਆਪਣੇ ਹੱਕਾਂ ਲਈ ਸਡ਼ਕਾਂ ’ਤੇ ਰੁਲ ਰਹੀਆਂ ਹਨ। ਇਸ ਮੌਕੇ ਪੈਰਾ-ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਫਾਰਮਾਸਿਸਟ ਯੂਨੀਅਨ, ਦਰਜਾ ਚਾਰ ਯੂਨੀਅਨ ਤੇ ਹੋਰ ਵੀ ਭਰਾਤਰੀ ਜਥੇਬੰਦੀਆਂ ਨੇ ਪੂਰਨ ਸਮਰਥਨ ਦਿੱਤਾ। ਇਸ ਮੌਕੇ ਰਘਵੀਰ ਸਿੰਘ, ਪਰਮਜੀਤ ਕੌਰ, ਮਨਪ੍ਰੀਤ ਕੌਰ, ਲਵਲਿੰਦਰ ਸਿੰਘ, ਹਰੀਸ਼ ਕੁਮਾਰ, ਅਮਨਪ੍ਰੀਤ ਕੌਰ ਤੇ ਸੁਖਵੀਰ ਕੌਰ ਸਮੇਤ ਸਮੂਹ ਮੁਲਾਜ਼ਮ ਹਾਜ਼ਰ ਸਨ।

ਫੋਟੋ - http://v.duta.us/rhvhmgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qazpaAAA

📲 Get Patiala News on Whatsapp 💬