[tarntaran] - ਐੱਫ. ਸੀ. ਆਈ. ਦੇ ਪੱਲੇਦਾਰਾਂ ਨੇ ਤਰਨਤਾਰਨ ’ਚ ਕੀਤੀ ਰੋਸ ਰੈਲੀ

  |   Tarntarannews

ਤਰਨਤਾਰਨ (ਰਸਬੀਰ)- ਫੂਡ ਕਾਰਪੋਰੇਸ਼ਨ ਆਫ ਇੰਡੀਆ ਵਰਕਰ ਯੂਨੀਅਨ ਤਰਨਤਾਰਨ ਦੇ ਸੈਂਕਡ਼ੇ ਪੱਲੇਦਾਰਾਂ ਨੇ ਪਿਛਲੇ 35 ਸਾਲ ਤੋਂ ਆਪਣੀਆਂ ਲਟਕ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਅਤੇ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦਰ ਤੋਂ ਜਗਾਉਣ ਵਾਸਤੇ ਤਰਨਤਾਰਨ ਡੀਪੂ ਵਿਚ ਭਾਰੀ ਰੋਸ ਰੈਲੀ ਕੀਤੀ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਪੱਲੇਦਾਰਾਂ ਨੂੰ ਪੱਕਿਆਂ ਨਾ ਕਰਨ ਕਰਕੇ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਰੈਲੀ ਵਿੱਚ ਯੂਨੀਅਨ ਦੇ ਫਾਊਂਡਰ ਜੀ. ਐੱਸ. ਜੈਨਾ ਅਤੇ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਸਮੇਤ ਐੱਫ. ਸੀ. ਆਈ. ਵਰਕਰ ਯੂਨੀਅਨ ਦੇ ਸੂਬਾ ਪੱਧਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਫਾਊਂਡਰ ਜੀ. ਐੱਸ. ਜੈਨਾ ਨੇ ਕਿਹਾ ਕਿ ਐੱਫ. ਸੀ. ਆਈ. ਦੇ ਪੱਲੇਦਾਰ ਹੱਡ ਭੰਨਵੀਂ ਮਿਹਨਤ ਕਰਦੇ ਹਨ ਅਤੇ ਆਪਣੇ ਸਿਰਾਂ ’ਤੇ ਭਾਰੀ ਬੋਰੀਆਂ ਚੁੱਕ ਕੇ ਪਹਿਲਾਂ ਗੁਦਾਮਾਂ ਵਿਚ ਅਤੇ ਲੋਡ਼ ਪੈਣ ’ਤੇ ਗੋਦਾਮਾਂ ਤੋਂ ਰੇਲ ਗੱਡੀਆਂ ਵਿਚ ਲੱਦਦੇ ਹਨ ਪਰ ਇਸਦੇ ਬਾਵਜੂਦ ਪੱਲੇਦਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਜ ਵੀ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਲੇਦਾਰ ਪਿਛਲੇ 35 ਸਾਲ ਤੋਂ ਕੇਂਦਰ ਸਰਕਾਰ ਪਾਸੋਂ ਪੱਕੇ ਹੋਣ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਪੱਲੇਦਾਰਾਂ ਦੇ ਬੁਨਿਆਦੀ ਹੱਕ ਵੀ ਨਹੀਂ ਮੰਨੇ। ਜਿਸ ਕਰਕੇ ਅੱਜ ਪੱਲੇਦਾਰ ਡੇਲੀ ਦਿਹਾਡ਼ੀ ’ਤੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1990 ਵਿਚ ਪੰਜਾਬ ਵਿਚ ਐੱਫ. ਸੀ. ਆਈ. ਦੇ ਚਾਰ ਡੀਪੂ ਅੰਮ੍ਰਿਤਸਰ, ਨਵਾਂ ਸ਼ਹਿਰ, ਬਠਿੰਡਾ ਅਤੇ ਨਕੋਦਰ ਦੇ ਪੱਲੇਦਾਰਾਂ ਨੂੰ ਪੱਕਿਆਂ ਕੀਤਾ ਗਿਆ ਸੀ ਅਤੇ ਭਰੋਸਾ ਦਿੱਤਾ ਸੀ ਕਿ ਜਲਦੀ ਪੰਜਾਬ ਵਿਚ ਠੇਕੇਦਾਰੀ ਅਧੀਨ ਚੱਲ ਰਹੇ ਐੱਫ. ਸੀ. ਆਈ. ਦੇ ਬਾਕੀ 75 ਡੀਪੂਆਂ ਨੂੰ ਵੀ ਪਰਮਾਨੈਂਟ ਕੀਤਾ ਜਾਵੇਗਾ ਪਰ ਫੋਕੇ ਵਾਦਿਆਂ ਤੋਂ ਇਲਾਵਾ ਸਰਕਾਰ ਨੇ ਪੱਲੇਦਾਰਾਂ ਦੇ ਪੱਲੇ ਕੱਖ ਨਹੀਂ ਪਾਇਆ। ਪੱਲੇਦਾਰਾਂ ਦੇ ਸੰਘਰਸ਼ ਤੋਂ ਬਾਅਦ 1 ਜਨਵਰੀ 1995 ਨੂੰ ਪੰਜਾਬ ਵਿੱਚ ਸ੍ਰ. ਬੇਅੰਤ ਸਿੰਘ ਦੀ ਸਰਕਾਰ ਵੱਲੋਂ ਪੱਲੇਦਾਰਾਂ ਨੂੰ ਡੀ. ਪੀ. ਐੱਸ. ਸਿਸਟਮ ਦੇ ਅਧੀਨ ਲਿਆਂਦਾ ਗਿਆ ਅਤੇ ਸਰਕਾਰ ਵੱਲੋਂ ਪੱਲੇਦਾਰਾਂ ਨੂੰ ਦਿਹਾਡ਼ੀ ਦੇ ਹਿਸਾਬ ਨਾਲ ਸਿੱਧਾ ਭੁਗਤਾਨ ਹੋਣ ਲੱਗ ਪਿਆ। ਉਸ ਸਮੇਂ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਦੋ ਸਾਲ ਦੇ ਅੰਦਰ-ਅੰਦਰ ਪੰਜਾਬ ਭਰ ਦੇ ਐੱਫ. ਸੀ. ਆਈ. ਪੱਲੇਦਾਰਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਅੱਜ ਤੱਕ ਸਰਕਾਰ ਨੇ ਪੱਲੇਦਾਰਾਂ ਦੀ ਇਕ ਵੀ ਮੰਗ ਨਹੀਂ ਮੰਨੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੱਲੇਦਾਰਾਂ ਨੂੰ ਪਰਮਾਨੈਂਟ ਕੀਤਾ ਜਾਵੇ, ਪੱਲੇਦਾਰ ਦੀ ਮੌਤ ਤੋਂ ਬਾਅਦ ਉਸਦੇ ਵਾਰਸ ਨੂੰ ਨੌਕਰੀ ਦਿੱਤੀ ਜਾਵੇ, ਪੱਲੇਦਾਰ ਦੀ ਸੇਵਾ ਮੁਕਤੀ ਤੋਂ ਬਾਅਦ ਵੀ ਉਸਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਪੱਲੇਦਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫਤ ਡਾਕਟਰੀ ਸਹੂਲਤ ਦਿੱਤੀ ਜਾਵੇ ਅਤੇ ਮੋਦੀ ਸਰਕਾਰ ਵੱਲੋਂ ਐੱਫ. ਸੀ. ਆਈ. ਦੇ 51 ਸਟੇਸ਼ਨ ਪੱਲੇਦਾਰਾਂ ਤੋਂ ਜ਼ਬਰਦਸਤੀ ਖੋਹ ਕੇ ਠੇਕੇਦਾਰੀ ਸਿਸਟਮ ਅਧੀਨ ਲਿਆਂਦੇ ਗਏ ਹਨ ਉਨ੍ਹਾਂ ਨੂੰ ਵਾਪਸ ਕਰਕੇ ਪਹਿਲਾਂ ਦੀ ਤਰ੍ਹਾਂ ਹੀ ਐੱਫ. ਸੀ. ਆਈ. ਲੇਬਰ ਤੋਂ ਕੰਮ ਕਰਵਾਇਆ ਜਾਵੇ ਅਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ਼ ’ਤੇ ਪੱਲੇਦਾਰਾਂ ਨੂੰ ਪੈਨਸ਼ਨ ਦਿੱਤੀ ਜਾਵੇ ਅਤੇ ਹਰ ਤਰ੍ਹਾਂ ਦੀਅਾਂ ਸਹੂਲਤਾਂ ਦਿੱਤੀਆਂ ਜਾਣ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੱਲੇਦਾਰਾਂ ਦੇ ਕੰਮ ਕਾਰ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਜਿੱਥੇ ਕੇਂਦਰ ਦੇ ਮੁਲਾਜ਼ਮ ਏਅਰ ਕੰਡੀਸ਼ਨ ਦਫਤਰਾਂ ਵਿਚ ਬੈਠ ਕੇ ਕੰਮ ਕਰਦੇ ਹਨ, ਉੱਥੇ ਦੂਸਰੇ ਪਾਸੇ ਪੱਲੇਦਾਰ ਅੱਤ ਦੀ ਗਰਮੀ ਅਤੇ ਸਰਦੀ ਵਿਚ ਆਪਣੇ ਸਿਰਾਂ ’ਤੇ ਕਣਕ ਅਤੇ ਚੌਲਾਂ ਦੀਆਂ ਬੋਰੀਆਂ ਢੋਅ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਾਉਂਦੇ ਹਨ ਪਰ ਇਸਦੇ ਬਾਵਜੂਦ ਪੱਲੇਦਾਰਾਂ ਨੂੰ ਢਿੱਡ ਭਰਕੇ ਰੋਟੀ ਵੀ ਨਸੀਬ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪੱਲੇਦਾਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਉਹ ਸਿਰ ਤੋਡ਼ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮਜ਼ਦੂਰ ਦੇਸ਼ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਇਹ ਕਮਜੋਰ ਹੋ ਜਾਵੇ ਤਾਂ ਫਿਰ ਦੇਸ਼ ਦਾ ਰੱਬ ਹੀ ਰਾਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਪੱਲੇਦਾਰਾਂ ਨਾਲ ਚੱਟਾਨ ਵਾਂਗ ਖਡ਼੍ਹੇ ਹਨ। ਇਸ ਮੌਕੇ ਯੂਨੀਅਨ ਵੱਲੋਂ ਐੱਮ. ਐੱਲ. ਏ. ਡਾ. ਧਰਮਬੀਰ ਅਗਨੀਹੋਤਰੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਦੀਪ ਅਗਨੀਹੋਤਰੀ, ਲਖਵਿੰਦਰ ਸਿੰਘ ਰਈਆ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਪੱਟੀ ਪ੍ਰਧਾਨ, ਕਸ਼ਮੀਰ ਸਿੰਘ ਨੂਰਦੀ ਪ੍ਰਧਾਨ, ਹਰਦੇਵ ਸਿੰਘ ਪੰਡੋਰੀ ਪ੍ਰਧਾਨ, ਜਗੀਰ ਸਿੰਘ ਪੰਡੋਰੀ ਪ੍ਰਧਾਨ, ਅਵਤਾਰ ਸਿੰਘ ਤਰਨਤਾਰਨ, ਕਸ਼ਮੀਰ ਸਿੰਘ ਭੋਲਾ ਸਿੱਧੂ, ਸੋਨੂੰ ਦੋਦੇ, ਪੀ ਏ ਰਾਣਾ ਡਿਆਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਐੱਫ. ਸੀ. ਆਈ. ਵਰਕਰ ਹਾਜ਼ਰ ਸਨ।

ਫੋਟੋ - http://v.duta.us/9XY8zQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/35AtvAAA

📲 Get Tarntaran News on Whatsapp 💬