Punjabi Version

  |   Golden Temple Hukamnama

Ang: 694

ਜਗਤ ਦੇ ਪ੍ਰਾਣੀ ਹਲਟ ਦੀਆਂ ਕਦੇ ਉਚੱੀਆਂ ਅਤੇ ਕਦੇ ਨੀਵੀਂਆਂ ਟਿੱਡਾ ਦੀ ਮਾਨਿੰਦ ਹਨ। ਭਉਂਦਾ ਤੇ ਭਟਕਦਾ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ, ਹੇ ਪ੍ਰਭੂ! ਪ੍ਰਭੂ: "ਓਇ, ਤੂੰ ਕੌਣ ਹੈਂ? ਨਾਮਦੇਵ: "ਮਹਾਰਾਜ ਮੈਂ ਨਾਮਾਂ ਹਾਂ"। ਹੇ ਮਹਾਰਾਜ! ਮੈਨੂੰ ਮਾਇਆ ਤੋਂ ਬਚਾ ਲੈ, ਜੋ ਮੌਤ ਦਾ ਕਾਰਣ ਹੈ। ਹੇ ਮਾਇਆ ਦੇ ਸੁਆਮੀ! ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿੱਤ ਕਰਮ ਹੈ। ੱਸ਼ਾਬਾਸ਼ ਹੈ ਉਨ੍ਹਾਂ ਖ਼ਾਮੋਸ਼ ਰਿਸ਼ੀਆਂ ਤੇ ਗੋਲਿਆਂ ਦੇ ਜਿਹੜੇ ਮੇਰੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਮੇਰੇ ਮੱਥੇ ਨੂੰ ਆਲਮ ਦੇ ਮਾਲਕ ਦੇ ਪੈਰਾਂ ਦੀ ਧੂੜ ਲੱਗੀ ਹੋਈ ਹੈ। ਦੇਵਤੇ, ਇਨਸਾਨ ਅਤੇ ਮੋਨੀ ਸੰਤ, ਇਹ ਉਹਨਾਂ ਕੋਲੋਂ ਦੁਰੇਡੇ ਹੈ। ਠਹਿਰਾਉ। ਹੇ ਗਰੀਬਾਂ ਉਤੇ ਮਿਹਰਬਾਨ! ਅਤੇ ਹੰਕਾਰ ਨਾਸ ਕਰਨ ਵਾਲੇ, ਸੁਆਮੀ! ਨਾਮਾ ਤੇਰੇ ਪੈਰਾਂ ਦੀ ਪਨਾਹ ਮੰਗਦਾ ਹੈ ਅਤੇ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਧਨਾਸਰੀ ਮਾਣਨੀਯ ਸੰਤ ਰਵਿਦਾਸ ਜੀ। ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੇ ਤੁਲ ਕੋਈ ਗਰੀਬ ਨਹੀਂ ਅਤੇ ਤੇਰੇ ਤੁਲ ਕੋਈ ਮਿਹਰਬਾਨ, ਹੁਣ, ਹੋਰ ਅਜ਼ਮਾਇਸ਼ ਕੀ ਕਰਨੀ ਹੈ? ਮੈਨੂੰ, ਆਪਣੇ ਗੋਲੇ ਨੂੰ, ਇਹ ਪੂਰਣਤਾ ਪ੍ਰਦਾਨ ਕਰ ਕਿ ਮੇਰੀ ਆਤਮਾਂ ਤੇਰੇ ਬਚਨਾਂ ਨੂੰ ਪ੍ਰਵਾਨ ਕਰੇ। ਮੈਂ ਕੁਰਬਾਨ, ਕੁਰਬਾਨ ਹਾਂ ਤੇਰੇ ਉਤੋਂ, ਹੇ ਮੇਰੇ ਸਰਬ-ਵਿਆਪਕ ਸੁਆਮੀ! ਕਿਸ ਵਜ੍ਹਾ ਕਰਕੇ ਤੂੰ ਚੁਪ-ਚਾਪ ਹੈਂ? ਠਹਿਰਾਉ। ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ ਸਾਈਂ! ਇਹ ਜੀਵਨ ਮੈਂ ਤੇਰੇ ਸਮਰਪਣ ਕਰਦਾ ਹਾਂ। ਰਵਿਦਾਸ ਜੀ ਆਖਦੇ ਹਨ, ਤੇਰੇ ਵਿੱਚ ਆਪਣੀ ਉਮੈਦ ਬੰਨ੍ਹ ਕੇ ਮੈਂ ਜੀਉਂਦਾ ਹਾਂ। ਬਹੁਤ ਸਮਾਂ ਬੀਤ ਗਿਆ ਹੈ, ਜਦ ਮੈਂ ਤੇਰਾ ਦੀਦਾਰ ਵੇਖਿਆ ਸੀ। ਆਪਣੇ ਦਿਲ ਵਿੱਚ ਮੈਂ ਤੈਨੂੰ ਯਾਦ ਕਰਦਾ ਹਾਂ, ਹੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਦੇਖਦਾ ਹਾਂ ਅਤੇ ਮੈਂ ਕੰਨਾਂ ਨੂੰ ਤੇਰੇ ਸ਼ਬਦ ਤੇ ਸ੍ਰੇਸ਼ਟ ਕੀਰਤੀ ਨਾਲ ਭਰਦਾ ਹਾਂ। ਮੈਂ ਆਪਣੇ ਮਨ ਨੂੰ ਭਉਰਾ ਬਣਾਉਂਦਾ ਹਾਂ ਤੇਰੇ ਪੈਰ੍ਹਾਂ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ ਅਤੇ ਆਪਣੀ ਜੀਭ ਨਾਲ ਤੇਰਾ ਅੰਮ੍ਰਿਤ-ਨਾਮ ਉਚਾਰਦਾ ਹਾਂ, ਹੇ ਪ੍ਰਭੂ! ਰੱਬ ਕਰੇ ਮੇਰਾ ਪਿਆਰ ਸ੍ਰਿਸ਼ਟੀ ਦੇ ਸੁਆਮੀ ਨਾਲੋਂ ਘੱਟ ਨਾਂ ਹੋਵੇ। ਮੈਂ ਇਹ, ਆਪਣੀ ਜਿੰਦੜੀ ਦੇ ਵਟਾਂਦਰੇ ਵਿੱਚ ਮਹਿੰਗੀ ਮੁੱਲ ਲਈ ਹੈ। ਠਹਿਰਾਉ। ਸਤਿਸੰਗਤ ਦੇ ਬਾਝੋਂ, ਪ੍ਰਭੂ ਦੀ ਪ੍ਰੀਤ ਉਤਪੰਨ ਨਹੀਂ ਹੁੰਦੀ ਅਤੇ ਪ੍ਰੀਤ ਦੇ ਬਾਝੋਂ ਤੇਰੀ ਸੇਵਾ ਨਹੀਂ ਹੋ ਸਕਦੀ। ਰਵਿਦਾਸ ਵਾਹਿਗੁਰੂ ਅੱਗੇ ਇੱਕ ਪ੍ਰਾਰਥਨਾ ਕਰਦਾ ਹੈ-ਤੂੰ ਮੇਰੀ ਇਜ਼ਤ-ਆਬਰੂ ਰੱਖ, ਹੇ ਪਾਤਿਸ਼ਾਹ ਪ੍ਰਮੇਸ਼ਰ! ਤੇਰਾ ਨਾਮ, ਹੇ ਸੁਆਮੀ! ਮੇਰੀ ਸਨਮੁੱਖ ਉਪਾਸ਼ਨਾ ਅਤੇ ਇਨਸਾਨ ਹੈ। ਪ੍ਰਭੂ ਦੇ ਨਾਮ ਦੇ ਬਗੈਰ ਸਾਰੇ ਅਡੰਬਰ ਕੂੜੇ ਹਨ। ਠਹਿਰਾਉ। ਤੇਰਾ ਨਾਮ, ਮੇਰੀ ਉਪਾਸ਼ਨਾ ਵਾਲੀ ਚਿਟਾਈ ਹੈ, ਤੇਰਾ ਨਾਮ ਮੇਰੀ ਰਗੜਨ ਵਾਲੀ ਸਿਲ ਤੇ ਤੇਰਾ ਨਾਮ ਹੀ ਕੇਸਰ, ਜਿਸ ਨੂੰ ਲੈ ਕੇ ਮੈਂ ਤੇਰੇ ਲਈ ਛਿੜਕਾਓ ਕਰਦਾ ਹਾਂ। ਤੇਰਾ ਨਾਮ ਪਾਣੀ ਹੈ ਅਤੇ ਤੇਰਾ ਨਾਮ ਹੀ ਚੰਨਣ। ਤੇਰੇ ਨਾਮ ਦਾ ਉਚਾਰਨ ਹੀ ਚੰਨਣ ਦਾ ਰਗੜਨ ਹੈ। ਨਾਮ ਨੂੰ ਲੈ ਕੇ ਮੈਂ ਇਸ ਦੀ ਤੈਨੂੰ ਭੇਟਾ ਚੜ੍ਹਾਉਂਦਾ ਹਾਂ। ਤੇਰਾ ਨਾਮ ਦੀਵਾ ਹੈ ਅਤੇ ਤੇਰਾ ਨਾਮ ਹੀ ਵੱਟੀ। ਤੇਰੇ ਨਾਮ ਦਾ ਤੇਲ ਲੈ ਕੇ, ਮੈਂ ਇਸ ਨੂੰ ਉਸ ਵਿੱਚ ਪਾਉਂਦਾ ਹਾਂ। ਤੇਰੇ ਨਾਮ ਦੀ ਲਾਟ ਮੈਂ ਇਸ ਨੂੰ ਲਾਈ ਹੈ ਅਤੇ ਇਸ ਨੇ ਸਾਰੇ ਜਹਾਨ ਨੂੰ ਰੌਸ਼ਨ ਕਰ ਦਿੱਤਾ ਹੈ। ਤੇਰਾ ਨਾਮ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪਾਂ ਦਾ ਹਾਰ। ਬਨਾਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਨੂੰ ਅਪਵਿੱਤਰ ਹਨ। ਤੇਰੇ ਬਣਾਏ ਹੋਏ ਦੀ ਮੈਂ ਤੈਨੂੰ ਕਿਉਂ ਭੇਟ ਚੜ੍ਹਾਵਾਂ? ਤੇਰੇ ਨਾਮ ਦਾ ਚਉਰ ਹੀ ਮੈਂ ਤੇਰੇ ਉਤੇ ਕਰਦਾ ਹਾਂ। ਸਾਰਾ ਜਗਤ ਅਠਾਰਾਂ ਪੁਰਾਣਾਂ ਤੀਰਥਾਂ ਅਤੇ ਚਾਰਾਂ ਹੀ ਉਤਪਤੀ ਦੇ ਸੋਮਿਆਂ ਅੰਦਰ ਖਚਤ ਹੋਇਆ ਹੋਇਆ ਹੈ। ਰਵਿਦਾਸ ਜੀ ਆਖਦੇ ਹਨ, ਕੇਵਲ ਤੇਰਾ ਨਾਮ ਹੀ ਮੇਰੀ ਪ੍ਰਤੱਖ ਪੂਜਾ ਹੈ। ਤੇਰੇ ਸੱਚੇ ਨਾਮ ਦਾ ਪ੍ਰਸ਼ਾਦ ਹੀ ਮੈਂ ਤੈਨੂੰ ਚੜ੍ਹਾਉਂਦਾ ਹਾਂ, ਹੇ ਪ੍ਰਭੂ!