[tarntaran] - ਸਕੂਲੀ ਬੱਚਿਆਂ ਨਾਲ ਭਰੀ ਬੱਸ ਗੰਦੇ ਪਾਣੀ ਦੀ ਡਰੇਨ 'ਚ ਉਤਰੀ, ਵੱਡਾ ਹਾਦਸਾ ਹੋਣ ਤੋਂ ਟਲਿਆ

  |   Tarntarannews

ਝਬਾਲ(ਨਰਿੰਦਰ)— ਪਿੰਡ ਗੱਗੋਬੂਹਾ ਨੇੜੇ ਅੱਜ ਸਵੇਰੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਆਪਣੇ-ਆਪ ਰਿੜ ਕੇ ਸੜਕ ਕੰਢੇ ਬਣੀ ਗੰਦੇ ਪਾਣੀ ਦੀ ਡਰੇਨ ਵਿਚ ਉੱਤਰ ਗਈ। ਬੱਚਿਆਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਦੌੜ ਕੇ ਬੱਸ ਕੋਲ ਆਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਬੱਸ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਮਿਲੀ ਜਾਣਕਾਰੀ ਅਨੁਸਾਰ ਹਰਕ੍ਰਿਸ਼ਨ ਸਕੂਲ਼ ਝਬਾਲ ਦੀ ਬੱਸ 30-35 ਬੱਚਿਆਂ ਨੂੰ ਲੈ ਕੇ ਆ ਰਹੀ ਸੀ ਕਿ ਡਰਾਈਵਰ ਰਸਤੇ ਵਿਚ ਬੱਸ ਨੂੰ ਸੜਕ ਕੰਢੇ ਖੜ੍ਹੀ ਕਰਕੇ ਆਪ ਕਿਸੇ ਦੇ ਘਰ ਚਲਾ ਗਿਆ ਅਤੇ ਚੰਗੀ ਤਰ੍ਹਾਂ ਹੈਂਡ ਬਰੇਕ ਵੀ ਨਹੀਂ ਲਗਾ ਕੇ ਗਿਆ, ਜਿਸ ਕਾਰਨ ਬੱਸ ਰਿੜ ਕੇ ਸੜਕ ਕੰਢੇ ਬਣੀ ਗੰਦੇ ਪਾਣੀ ਦੀ ਡਰੇਨ ਜੋ ਗੰਦੀ ਬੂਟੀ ਨਾਲ ਭਰੀ ਪਈ ਹੈ, ਵਿਚ ਉੱਤਰ ਗਈ। ਗਨੀਮਤ ਰਹੀ ਕਿ ਵੱਡਾ ਹਾਸਦਾ ਹੋਣ ਤੋਂ ਟਲ ਗਿਆ, ਕਿਉਂਕਿ ਛੱਪੜ ਕਾਫੀ ਡੂੰਘਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਡਰੇਨ ਵਿਚ ਉਤਰ ਗਈ ਤਾਂ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਦੀ ਆਵਾਜ਼ਾਂ ਸੁਣ ਕੇ ਨੇੜੇ ਦੇ ਲੋਕਾਂ ਨੇ ਪਾਣੀ ਵਿਚ ਵੜ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹੈਰਾਨੀ ਦੀ ਗੱਲ ਇਹ ਸੀ ਕਿ ਹਾਦਸਾ ਹੋਣ ਦੇ ਬਾਵਜੂਦ ਡਰਾਈਵਰ ਬੱਚਿਆਂ ਨੂੰ ਬਚਾਉਣ ਦੀ ਬਜਾਏ ਫਰਾਰ ਹੋ ਗਿਆ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ਵਿਚ ਭਾਰੀ ਰੋਸ ਹੈ। ਇਹ ਵੀ ਪਤਾ ਲੱਗਾ ਹੈ ਕਿ ਬੱਸ ਕਾਫੀ ਖਸਤਾ ਹਾਲਤ ਵਿਚ ਹੈ ਅਤੇ ਸਹਾਇਕ(ਹੈਲਪਰ) ਵੀ ਨਾਲ ਨਹੀਂ ਸੀ।

ਇਥੇ ਪਡ੍ਹੋ ਪੁਰੀ ਖਬਰ — - http://v.duta.us/aVFEhwAA

📲 Get Tarntaran News on Whatsapp 💬