[amritsar] - ਮਹਾਨਗਰ ’ਚ ਤੇਜ਼ੀ ਨਾਲ ਵੱਧ-ਫੁੱਲ ਰਿਹੈ ਦਡ਼ੇ-ਸੱਟੇ ਦਾ ਕਾਰੋਬਾਰ

  |   Amritsarnews

ਅੰਮ੍ਰਿਤਸਰ (ਬੌਬੀ)-ਮਹਾਨਗਰ ’ਚ ਦਡ਼ੇ-ਸੱਟੇ ਦਾ ਧੰਦਾ ਬਡ਼ੀ ਤੇਜ਼ੀ ਨਾਲ ਵੱਧ-ਫੁੱਲ ਰਿਹਾ ਹੈ ਪਰ ਜ਼ਿਲਾ ਪੁਲਸ ਪ੍ਰਸ਼ਾਸਨ ਆਏ ਦਿਨ ਇਸ ਧੰਦੇ ’ਚ ਸ਼ਾਮਿਲ ਵੱਡੇ ਮਗਰਮੱਛਾਂ ਨੂੰ ਫਡ਼ਨ ਦੀ ਥਾਂ ਉਨ੍ਹਾਂ ਦੇ ਕਰਿੰਦਿਆਂ ’ਤੇ ਪਰਚਾ ਦਰਜ ਕਰ ਕੇ ਖਾਨਾਪੂਰਤੀ ਕਰ ਰਿਹਾ ਹੈ। ਇਹ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਪੁਲਸ ਜਿਹਡ਼ੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਦੀ ਹੈ ਉਸ ਦੀ ਮੌਕੇ ’ਤੇ ਹੀ ਜ਼ਮਾਨਤ ਹੋ ਜਾਂਦੀ ਹੈ, ਜਿਸ ਨੂੰ ਲੈ ਕੇ ਇਹ ਧੰਦਾ ਕਰਨ ਵਾਲਿਆਂ ਦਾ ਖੌਫ ਹੋਰ ਖਤਮ ਹੋ ਰਿਹਾ ਹੈ ਤੇ ਉਹ ਖੁੱਲ੍ਹ ਕੇ ਨਾਜਾਇਜ਼ ਕੰਮ ਕਰਨ ਲੱਗ ਪੈਂਦੇ ਹਨ। ਗੁਪਤ ਸੂਚਨਾ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਜਿਹਡ਼ੇ ਲੋਕ ਇਹ ਧੰਦਾ ਕਰਦੇ ਹਨ, ਜੇਕਰ ਉਹ ਪੁਲਸ ਦੀ ਆਓਭਗਤ ਨਹੀ ਕਰਦੇ ਤਾਂ ਜਦੋਂ ਪੁਲਸ ਆਪਣੀ ਕਾਰਵਾਈ ਕਰਦੀ ਹੈ ਤਾਂ ਘੱਟ ਨਹੀਂ ਕਰਦੀ ਤੇ ਪਰਚੇ ’ਚ ਧਾਰਾ 420 ਲਾ ਦਿੱਤੀ ਜਾਂਦੀ ਹੈ। ਇਸ ਧਾਰਾ ਦੀ ਜ਼ਮਾਨਤ ਮਾਣਯੋਗ ਅਦਾਲਤ ਵੱਲੋਂ ਹੀ ਹੁੰਦੀ ਹੈ। ਸ਼ਹਿਰ ਵਿਚ ਚਲਾ ਰਹੇ ਇਸ ਦਡ਼ੇ-ਸੱਟੇ ਦੇ ਮੁਖੀਆਂ ਨੂੰ ਪੁਲਸ ਫਡ਼ਨ ਵਿਚ ਅਸਫਲ ਸਿੱਧ ਹੋ ਰਹੀ ਹੈ। ਇਨ੍ਹਾਂ ਥਾਵਾਂ ’ਤੇ ਚੱਲਦੈ ਦਡ਼ਾ-ਸੱਟਾਸ਼ਹਿਰ ’ਚ ਗੁੱਜਰਪੁਰਾ, ਅੰਨਗਡ਼੍ਹ, ਢੱਪਈ, ਮਕਬੂਲਪੁਰਾ, ਕੋਟ ਖਾਲਸਾ, ਗੇਟ ਹਕੀਮਾਂ, ਗਿਲਵਾਲੀ ਗੇਟ, ਮੋਹਕਮਪੁਰਾ, ਛੇਹਰਟਾ, ਪੁਤਲੀਘਰ, ਨਵਾਂ ਕੋਟ, ਇਸਲਾਮਾਬਾਦ ’ਚ ਦਡ਼ੇ-ਸੱਟੇ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲਦਾ ਹੈ। ਸ਼ਹਿਰ ਦੇ ਹਰੇਕ ਨਾਗਰਿਕ ਨੂੰ ਪਤਾ ਹੈ ਕਿ ਉਕਤ ਖੇਤਰਾਂ ’ਚ ਦਡ਼ੇ-ਸੱਟੇ ਲੱਗਦੇ ਹਨ ਪਰ ਪੁਲਸ ਪ੍ਰਸ਼ਾਸਨ ਲਈ ਇਹ ਸਵਾਲੀਆ ਨਿਸ਼ਾਨ ਇਥੇ ਲੱਗਦਾ ਹੈ ਕਿ ਉਹ ਉਕਤ ਖੇਤਰਾਂ ’ਚ ਆਏ ਦਿਨ ਪਰਚੇ ਤਾਂ ਦਰਜ ਕਰਦੀ ਹੈ ਪਰ ਇਹ ਧੰਦਾ ਚਲਾਉਣ ਵਾਲੇ ਮੁਖੀਆਂ ਨੂੰ ਪੁਲਸ ਫਡ਼ਨ ਵਿਚ ਗੰਭੀਰ ਨਹੀਂ ਹੈ। ਇਸ ਧੰਦੇ ਦੀਆਂ ਜਡ਼੍ਹਾਂ ਹੁਣ ਸ਼ਹਿਰ ਦੇ ਪਾਸ਼ ਇਲਾਕਿਆਂ ’ਚ ਵੀ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਅੱਜਕਲ ਲੋਕ ਕੰਮ ਨਾ ਕਰਨ ਦੀ ਨੀਅਤ ਕਾਰਨ ਕੁਝ ਪੈਸਿਆਂ ਨਾਲ ਦਡ਼ਾ-ਸੱਟਾ ਲਾ ਕੇ ਗਲਤ ਦਿਸ਼ਾ ਵਿਚ ਜਾ ਰਹੇ ਹਨ। ਜਦੋਂ ਵੀ ਇਸ ਦਡ਼ੇ ਦਾ ਕੋਈ ਵੀ ਬਜ਼ੁਰਗ, ਔਰਤਾਂ, ਸਕੂਲੀ ਬੱਚੇ ਜਾਂ ਨੌਜਵਾਨ ਲਾਭ ਚੁੱਕਦੇ ਹਨ ਤਾਂ ਉਹ ਹੋਰ ਲਾਲਚ ਵਿਚ ਆ ਕੇ ਇਸ ਦਲਦਲ ਵਿਚ ਫਸਦੇ ਦੇਖੇ ਜਾ ਰਹੇ ਹਨ। ਸੱਟਾ ਲਾਉਣ ਤੋਂ ਬਾਅਦ ਉਸ ਦੇ ਰਿਜ਼ਲਟ ਦੀ ਉਡੀਕ ਵਿਚ ਉਨ੍ਹਾਂ ਦਾ ਸਾਰਾ ਧਿਆਨ ਉਧਰ ਹੀ ਰਹਿੰਦਾ ਹੈ, ਜਿਸ ਨਾਲ ਬੱਚਿਆਂ ਦੀ ਪਡ਼੍ਹਾਈ ਦਾ ਵੀ ਕਾਫੀ ਨੁਕਸਾਨ ਹੋਣ ਕਰ ਕੇ ਪਿੱਛੇ ਪੈ ਰਹੇ ਹਨ। ®ਔਰਤਾਂ ਦਾ ਰੁਝਾਨ ਵੀ ਇਸ ਧੰਦੇ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜੋ ਦਡ਼ੇ-ਸੱਟੇ ਦੀ ਪਰਚੀ ਲਿਖਣ ਵਾਲਿਆਂ ਨੂੰ ਮੋਬਾਇਲ ’ਤੇ ਹੀ ਨੰਬਰ ਲਿਖਵਾ ਦਿੰਦੀਆਂ ਹਨ ਅਤੇ ਉਸ ਦਾ ਨਤੀਜਾ ਆਉਣ ’ਤੇ ਉਨ੍ਹਾਂ ਦਾ ਕਰਿੰਦਾ ਘਰ ਆ ਕੇ ਪੈਸਿਆਂ ਦਾ ਲੈਣ-ਦੇਣ ਕਰ ਦਿੰਦਾ ਹੈ, ਜਿਸ ਦਾ ਲਾਲਚ ਔਰਤਾਂ ਨੂੰ ਪੈਣ ਕਰ ਕੇ ਉਹ ਹੁਣ ਇਸ ਧੰਦੇ ਵਿਚ ਦਿਲਚਸਪੀ ਰੱਖਣ ਲੱਗ ਪਈਆਂ ਹਨ। ਜਿਨ੍ਹਾਂ ਔਰਤਾਂ ਦੇ ਪਤੀ ਸ਼ਰਾਬ ਪੀਂਦੇ ਹਨ ਤੇ ਘਰ ਖਰਚਾ ਨਹੀਂ ਦਿੰਦੇ ਹਨ, ਉਹ ਵੀ ਇਸ ਧੰਦੇ ਨਾਲ ਜੁਡ਼ਨ ਲਈ ਮਜਬੂਰ ਹੋ ਜਾਂਦੀਆਂ ਹਨ। ਮਿਹਨਤ-ਮਜ਼ਦੂਰੀ ਕਰਨ ਵਾਲੇ ਵੀ ਲਾਉਂਦੇ ਹਨ ਸੱਟਾਸ਼ਹਿਰ ’ਚ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਜਿਹਡ਼ਾ ਵਿਅਕਤੀ ਮਿਹਨਤ-ਮਜ਼ਦੂਰੀ ਕਰਦਾ ਹੈ ਉਹ ਵੀ ਸੱਟਾ ਲਾਉਂਦਾ ਹੈ। ਕੁਝ ਆਟੋ ਚਲਾਉਣ ਵਾਲੇ, ਰੇਹਡ਼ੀਆਂ-ਫਡ਼੍ਹੀਆਂ ਲਾਉਣ ਵਾਲੇ, ਰਿਕਸ਼ਾ ਚਾਲਕ ਤੇ ਹੋਰ ਦਿਹਾਡ਼ੀਦਾਰ ਮਜ਼ਦੁੂਰ ਆਪਣੀ ਦਿਹਾਡ਼ੀ ’ਚੋਂ ਕੁਝ ਪੈਸਿਆਂ ਦਾ ਦਡ਼ਾ ਲਾ ਕੇ ਖੂਨ-ਪਸੀਨੇ ਨਾਲ ਕਮਾਇਆ ਪੈਸਾ ਸੱਟੇਬਾਜ਼ਾਂ ਨੂੰ ਦੇ ਕੇ ਉਨ੍ਹਾਂ ਦੀਆਂ ਜੇਬਾਂ ਭਰਦੇ ਹਨ। ਕਈਆਂ ਦੇ ਘਰ ਉਜਾਡ਼ੇਦਡ਼ਾ-ਸੱਟਾ ਲਾਉਣ ਵਾਲੇ ਕਈ ਲੋਕਾਂ ਦੇ ਤਾਂ ਘਰ ਵੀ ਉਜਡ਼ ਚੁੱਕੇ ਹਨ। ਜੋ ਲੋਕ ਇਸ ਧੰਦੇ ਵਿਚ ਮੁਨਾਫਾ ਲੈਂਦੇ ਹਨ ਉਹ ਲਾਲਚ ਵਿਚ ਆ ਕੇ ਵਧਾ ਕੇ ਪੈਸੇ ਲਾਉਣ ਨਾਲ ਆਪਣੀ ਜਮ੍ਹਾ-ਪੂੰਜੀ ਵੀ ਖਤਮ ਕਰ ਬੈਠਦੇ ਹਨ ਤੇ ਉਸ ਤੋਂ ਬਾਅਦ ਘਰ ’ਚ ਲਡ਼ਾਈ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਘਰ ਦਾ ਰਾਸ਼ਨ ਲਿਆਉਣ ਵਾਲਾ ਆਦਮੀ ਜਦੋਂ ਰਾਸ਼ਨ ਲੈਣ ਦੀ ਬਜਾਏ ਦਡ਼ਾ-ਸੱਟਾ ਲਾ ਕੇ ਘਰ ਜਾਂਦਾ ਹੈ ਤਾਂ ਉਸ ਘਰ ਵਿਚ ਕਲੇਸ਼ ਪੈ ਜਾਂਦਾ ਹੈ। ਇਹੋ ਕਾਰਨ ਹੈ ਕਿ ਕਈਆਂ ਦੇ ਘਰ ਇਸ ਦਡ਼ੇ-ਸਟੇ ਦੀ ਖੇਡ ਨੇ ਤਬਾਹ ਕਰ ਕੇ ਰੱਖ ਦਿੱਤੇ ਹਨ। 1 ਰੁਪਏ ਦੇ ਮਿਲਦੇ ਹਨ 90 ਰੁਪਏਦਡ਼ਾ-ਸੱਟਾ ਲਾਉਣ ਵਾਲਿਆਂ ਦਾ ਹਾਰਨਾ ਲਗਭਗ ਤੈਅ ਹੁੰਦਾ ਹੈ ਕਿਉਂਕਿ 99 ’ਚੋਂ 98 ਘਰ ਦਡ਼ਾ-ਸੱਟਾ ਦਡ਼ੇ ਦੀ ਪਰਚੀ ਲਿਖਣ ਵਾਲੇ ਦੇ ਹੁੰਦੇ ਹਨ। ਦਡ਼ਾ ਲਾਉਣ ਵਾਲੇ ਨੂੰ ਉਸ ਦਾ ਦੱਸਿਆ ਨੰਬਰ ਨਿਕਲਣ ’ਤੇ 1 ਦੇ 90 ਰੁਪਏ ਮਿਲਦੇ ਹਨ। ਇਹੀ ਲਾਲਚ ਲੋਕਾਂ ਨੂੰ ਇਹ ਖੇਡ ਖੇਡਣ ਲਈ ਮਜਬੂਰ ਕਰ ਰਿਹਾ ਹੈ, ਜਿਸ ਦਾ ਨੰਬਰ ਇਕ ਵਾਰ ਨਿਕਲ ਆਉਂਦਾ ਹੈ ਉਹ ਦੂਸਰੇ ਦਿਨ ਪੈਸੇ ਵਧਾ ਕੇ ਫਿਰ ਸੱਟਾ ਲਾਉਂਦਾ ਹੈ। ਉਸ ਨੂੰ ਇਹ ਲੱਗਦਾ ਹੈ ਕਿ ਜੇਕਰ ਉਸ ਦਾ ਨੰਬਰ ਨਿਕਲ ਆਇਆ ਤਾਂ ਉਸ ਨੂੰ ਜ਼ਿਆਦਾ ਮੁਨਾਫਾ ਹੋਵੇਗਾ ਪਰ ਇਸ ਤਰ੍ਹਾਂ ਹੁੰਦਾ ਨਹੀਂ। ਉਹ ਸੱਟਾ ਉਦੋਂ ਤੱਕ ਲਾਉਂਦਾ ਰਹਿੰਦਾ ਹੈ ਜਦ ਤੱਕ ਉਸ ਦੀ ਜਮ੍ਹਾ-ਪੂੰਜੀ ਖਤਮ ਨਹੀਂ ਹੋ ਜਾਂਦੀ। ਦੇਸ਼-ਵਿਦੇਸ਼ ’ਚ ਜੁਡ਼ੇ ਹਨ ਸੱਟਾ ਖਿਡਾਉਣ ਵਾਲਿਆਂ ਦੇ ਤਾਰਪੂਰੇ ਭਾਰਤ ਵਿਚ ਦਡ਼ਾ-ਸੱਟਾ ਖਿਡਾਉਣ ਵਾਲੇ ਖਿਡਾਰੀ ਇਨ੍ਹਾਂ ਲਿਖੇ ਹੋਏ ਨੰਬਰਾਂ ਨੂੰ ਬੱਲਬਗਡ਼੍ਹ ਲਿਖਾ ਦਿੰਦੇ ਹਨ ਕਿਉਂਕਿ ਇਸ ਦਾ ਹੈੱਡ ਆਫਿਸ ਬੱਲਬਗਡ਼੍ਹ ਵਿਚ ਹੈ ਤੇ ਇਥੋਂ ਦੁਬਈ ਟਰਾਂਸਫਰ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਧੰਦੇ ਨਾਲ ਦੇਸ਼-ਵਿਦੇਸ਼ ਦੇ ਲੋਕ ਵੀ ਜੁਡ਼ੇ ਹੋਏ ਹਨ। ਕਰਿੰਦਿਆਂ ਨੂੰ ਮਿਲਦੀ ਹੈ 10 ਫੀਸਦੀ ਕਮਿਸ਼ਨਸ਼ਹਿਰ ’ਚ ਦਡ਼ਾ-ਸੱਟਾ ਲਿਖਣ ਵਾਲੇ ਜੋ ਕਰਿੰਦੇ ਹਨ ਉਨ੍ਹਾਂ ਨੂੰ ਰਕਮ ਦੀ 10 ਫੀਸਦੀ ਕਮਿਸ਼ਨ ਮਿਲਦੀ ਹੈ, ਜਿਸ ਵਿਚ ਪੈਸੇ ਲੈਣ-ਦੇਣ ਦੀ ਜ਼ਿੰਮੇਵਾਰੀ ਉਸੇ ਦੀ ਹੁੰਦੀ ਹੈ। ਕੋਈ ਹਾਰੇ ਕੋਈ ਜਿੱਤੇ, ਕਰਿੰਦੇ ਨੂੰ 1 ਲੱਖ ਰੁਪਏ ਦੀ ਸੇਲ ਮਗਰ 10 ਹਜ਼ਾਰ ਰੁਪਏ ਮਿਲਣੇ ਤੈਅ ਹਨ। ਗੈਂਗਸਟਰਾਂ ਦੀ ਵੀ ਹੈ ਹਿੱਸੇਦਾਰੀਇਹ ਨਾਜਾਇਜ਼ ਕਾਰੋਬਾਰ ਕੁਝ ਗੈਂਗਸਟਰਾਂ ਦੇ ਦਬਾਅ ਹੇਠ ਚੱਲ ਰਿਹਾ ਹੈ। ਜਿਹਡ਼ਾ ਵੀ ਗੈਂਗਸਟਰ ਆਪਣੇ ਖੇਤਰ ਵਿਚ ਅਸਰ-ਰਸੂਖ ਰੱਖਦਾ ਹੈ, ਉਹ ਇਸ ਨਾਜਾਇਜ਼ ਕਾਰੋਬਾਰ ਵਿਚ ਅਡ਼ਚਨ ਪਾ ਕੇ ਆਪਣਾ ਬੋਲਬਾਲਾ ਕਰ ਕੇ ਇਸ ਧੰਦੇ ਵਿਚ ਆਪਣੀ ਹਿੱਸੇਦਾਰੀ ਅਪਣਾਉਂਦਾ ਹੈ, ਜੇਕਰ ਇਸ ਧੰਦੇ ਵਿਚ ਗੈਂਗਸਟਰ ਨੂੰ ਹਿੱਸਾ ਨਹੀਂ ਦਿੱਤਾ ਜਾਂਦਾ ਤਾਂ ਉਥੇ ਖੂਨ-ਖਰਾਬਾ ਹੋਣ ਦੇ ਆਸਾਰ ਬਣ ਜਾਂਦੇ ਹਨ ਪਰ ਇਸ ਧੰਦੇ ਨਾਲ ਜੁਡ਼ੇ ਕਾਰੋਬਾਰੀ ਆਪਣਾ ਨੁਕਸਾਨ ਹੋਣ ਤੋਂ ਬਚਾਅ ਲਈ ਇਹ ਹਿੱਸਾ ਗੈਂਗਸਟਰਾਂ ਤੱਕ ਪਹੁੰਚਾਉਂਦੇ ਹਨ। ਕੋਟਸ......ਦਡ਼ੇ-ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ’ਤੇ ਆਏ ਦਿਨ ਪਰਚੇ ਦਰਜ ਹੋ ਰਹੇ ਹਨ। ਪੁਲਸ ਆਪਣਾ ਕੰਮ ਬਡ਼ੀ ਮੁਸਤੈਦੀ ਨਾਲ ਕਰ ਰਹੀ ਹੈ। ਜਿਹਡ਼ਾ ਵੀ ਇਸ ਕਾਰੋਬਾਰ ਵਿਚ ਸ਼ਾਮਿਲ ਪਾਇਆ ਜਾਂਦਾ ਹੈ, ਉਸ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਹੈ। ਕਈ ਪਰਚੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਦੌਰਾਨ ਮੁਲਜ਼ਮਾਂ ’ਤੇ ਕੀਤੇ ਜਾਂਦੇ ਹਨ। ਇਸ ਕਾਰੋਬਾਰ ਦੇ ਮੁਖੀ ਨੂੰ ਫਡ਼ਨ ਲਈ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਆਈ, ਜੇਕਰ ਕੋਈ ਗੁਪਤ ਸੂਚਨਾ ਦੇ ਆਧਾਰ ’ਤੇ ਦੱਸੇਗਾ ਤਾਂ ਹੀ ਪੁਲਸ ਉਸ ਖਿਲਾਫ ਕਾਰਵਾਈ ਕਰੇਗੀ। ਇਸ ਸਬੰਧੀ ਸਬੰਧਤ ਥਾਣਿਆਂ ਦੇ ਮੁਖੀਆਂ ਨੂੰ ਹੋਰ ਵੀ ਸਖਤੀ ਵਰਤਣ ਲਈ ਜ਼ੋਰ ਦੇਣਗੇ ਤਾਂ ਜੋ ਇਹ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇ। –ਜਗਜੀਤ ਸਿੰਘ ਵਾਲੀਆ, ਏ. ਡੀ. ਸੀ. ਪੀ. ਸਿਟੀ-1

ਫੋਟੋ - http://v.duta.us/QcyrxQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RlAcegAA

📲 Get Amritsar News on Whatsapp 💬