[chandigarh] - ਸਵਾਈਨ ਫ਼ਲੂ ਦੇ ਮਰੀਜ਼ਾਂ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ : ਸਿਵਲ ਸਰਜਨ

  |   Chandigarhnews

ਚੰਡੀਗੜ੍ਹ (ਨਿਆਮੀਆਂ)-ਸਵਾਈਨ ਫ਼ਲੂ ਦੇ ਮਰੀਜ਼ਾਂ ਦੇ ਦਾਖ਼ਲੇ ਸਬੰਧੀ ਸਿਹਤ ਵਿਭਾਗ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਅਤੇ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਅਤੇ ਫ਼ਲੂ ਕਾਰਨਰ ਸੁਚੱਜੀ ਤੇ ਵਰਤੋਂ ਯੋਗ ਹਾਲਤ ਵਿਚ ਰੱਖੇ ਜਾਣ। ਇਹ ਹਦਾਇਤਾਂ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਜ਼ਿਲਾ ਹਸਪਤਾਲ ਵਿਖੇ ਸਵਾਈਨ ਫ਼ਲੂ ਰੋਕਥਾਮ ਸਬੰਧੀ ਹੋਈ ਬੈਠਕ ਵਿਚ ਡਾਕਟਰਾਂ ਅਤੇ ਜ਼ਿਲੇ ਦੇ ਨਿੱਜੀ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਮੌਸਮੀ ਬੀਮਾਰੀ ਨੋਟੀਫ਼ਾਈਡ ਹੈ, ਇਸ ਲਈ ਸਿਹਤ ਵਿਭਾਗ ਨੂੰ ਸਵਾਈਨ ਫ਼ਲੂ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਕੀਤੇ ਜਾ ਰਹੇ ਇਲਾਜ ਬਾਰੇ ਤੁਰੰਤ ਜਾਣਕਾਰੀ ਭੇਜੀ ਜਾਵੇ। ਉਨ੍ਹਾਂ ਸਵਾਈਨ ਫ਼ਲੂ ਦੀ ਰੋਕਥਾਮ ਸਬੰਧੀ ਨਿੱਜੀ ਹਸਪਤਾਲਾਂ ਵਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਜਾਣਿਆ। ਸਿਵਲ ਸਰਜਨ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਦੇ ਸਟਾਫ਼ ਦੀ ਵੀ ਸਵਾਈਨ ਫ਼ਲੂ ਵਿਰੁੱਧ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ਼ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। ਸਵਾਈਨ ਫ਼ਲੂ ਸਬੰਧੀ ਜ਼ਿਲਾ ਨੋਡਲ ਅਫ਼ਸਰ ਡਾ. ਦੀਪਤੀ ਨੇ ਦੱਸਿਆ ਕਿ ਇਹ ਬੀਮਾਰੀ ਐੱਚ-1. ਐੱਨ.-1 ਵਾਇਰਸ ਤੋਂ ਪੀੜਤ ਵਿਅਕਤੀ ਦੇ ਛਿੱਕ ਮਾਰਨ ਜਾਂ ਖੰਘਣ ਨਾਲ ਅਤੇ ਸਾਹ ਰਾਹੀਂ ਦੂਜੇ ਵਿਅਕਤੀ ਤਕ ਫੈਲਦੀ ਹੈ। ਜ਼ਿਲੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਫ਼ਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ, ਜਿਥੇ ਸਵਾਈਨ ਫ਼ਲੂ ਦੇ ਮਰੀਜ਼ਾਂ ਦੀ ਜਾਂਚ-ਪਡ਼ਤਾਲ ਤੋਂ ਇਲਾਵਾ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਇਲਾਜ ਲਈ ਟੈਮੀਫ਼ਲੂ ਦੀ ਦਵਾਈ ਸਾਰੀਆਂ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਮਿਲਦੀ ਹੈ। ਇਸ ਮੌਕੇ ਸਵਾਈਨ ਫ਼ਲੂ ਰੋਕਥਾਮ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਮੀਟਿੰਗ ਵਿਚ ਜ਼ਿਲਾ ਨੋਡਲ ਅਫ਼ਸਰ ਡਾ. ਦੀਪਤੀ ਸ਼ਰਮਾ ਅਤੇ ਆਈ. ਵੀ. ਵਾਈ., ਇੰਡਸ, ਏਸ ਹਾਰਟ ਇੰਸਟੀਚਿਊਟ ਆਦਿ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਸ ਅਤੇ ਡਾਕਟਰਾਂ ਨੇ ਹਿੱਸਾ ਲਿਆ।

ਫੋਟੋ - http://v.duta.us/tV_vtQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/T5vRSAAA

📲 Get Chandigarh News on Whatsapp 💬