[jalandhar] - ਓਡਿਸ਼ਾ ਕਾਂਗਰਸ ਡੂੰਘੇ ਸੰਕਟ ’ਚ

  |   Jalandharnews

ਜਲੰਧਰ (ਰਵਿੰਦਰ)- ਓਡਿਸ਼ਾ ਕਾਂਗਰਸ ਡੂੰਘੇ ਸੰਕਟ ’ਚ ਫਸ ਗਈ ਹੈ। ਭਾਜਪਾ ਦੇ ਓਡਿਸ਼ਾ ਵਿਚ ਵਧਦੇ ਕਦਮ ਇਸ ਸੂਬੇ ਵਿਚ ਕਾਂਗਰਸ ਦੀ ਨੀਂਹ ਨੂੰ ਹਿਲਾ ਰਹੇ ਹਨ। ਪਾਰਟੀ ਵਿਰੋਧੀ ਸਰਗਰਮੀਆਂ ਦੇ ਮਾਮਲੇ ’ਚ ਕਾਂਗਰਸ ਹਾਈ ਕਮਾਨ ਨੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਕਾਂਤ ਜੇਨਾ, ਸਾਬਕਾ ਵਿਧਾਇਕ ਕ੍ਰਿਸ਼ਨਾ ਚੰਦਰ ਸਗਾਰੀਆ ਸਣੇ 3 ਆਗੂਆਂ ਨੂੰ ਬਰਖਾਸਤ ਕੀਤਾ ਹੈ। 3 ਬਰਖਾਸਤਗੀਆਂ ਤੋਂ ਬਾਅਦ ਓਡਿਸ਼ਾ ਕਾਂਗਰਸ ਦੀ ਸਿਆਸਤ ਵਿਚ ਭੂਚਾਲ ਜਿਹਾ ਆ ਗਿਆ ਹੈ। ਇਸ ਤੋਂ ਪਹਿਲਾਂ ਓਡਿਸ਼ਾ ਦੇ ਵਰਕਿੰਗ ਪ੍ਰਧਾਨ ਨਾਭਾ ਕਿਸ਼ੋਰ ਦਾਸ ਨੇ ਕੁਝ ਦਿਨ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਅਸਤੀਫੇ ਤੋਂ ਬਾਅਦ ਵੀਰਵਾਰ ਨੂੰ ਸੁੰਦਰਗੜ੍ਹ ਤੋਂ ਵਿਧਾਇਕ ਯੋਗੇਸ਼ ਸਿੰਘ ਨੂੰ ਵੀ ਪਾਰਟੀ ਨੇ ਬਰਖਾਸਤ ਕਰ ਦਿੱਤਾ ਸੀ ਅਤੇ ਸ਼ੁੱਕਰਵਾਰ ਨੂੰ ਯੋਗੇਸ਼ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਯੋਗੇਸ਼ ਦੀ ਬਰਖਾਸਤਗੀ ਪਾਰਟੀ ਦੇ ਵਰਕਿੰਗ ਪ੍ਰਧਾਨ ਨਾਭਾ ਕਿਸ਼ੋਰ ਦਾਸ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਦੋ ਦਿਨ ਬਾਅਦ ਕੀਤੀ ਗਈ। ਸੰੰਭਾਵਨਾ ਸੀ ਕਿ ਯੋਗੇਸ਼ ਆਉਣ ਵਾਲੀਆਂ ਚੋਣਾਂ ਵਿਚ ਬੀਜੂ ਜਨਤਾ ਦਲ ਦੀ ਟਿਕਟ ’ਤੇ ਝਾਰ ਸੁਗੰਧਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ ਅਤੇ ਪਾਰਟੀ ਨੂੰ ਇਨ੍ਹਾਂ ਸਰਗਰਮੀਆਂ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਸ ਦੌਰਾਨ ਪਾਰਟੀ ਤੋਂ ਬਾਹਰ ਕੀਤੇ ਗਏ ਸਾਬਕਾ ਕੇਂਦਰੀ ਮੰਤਰੀ ਸ਼੍ਰੀਕਾਂਤ ਜੇਨਾ ਤੇ ਸਾਬਕਾ ਵਿਧਾਇਕ ਕ੍ਰਿਸ਼ਨਾ ਚੰਦਰ ਸਗਾਰੀਆ ਨੇ ਵੀ ਬਰਖਾਸਤਗੀ ਤੋਂ ਬਾਅਦ ਪਾਰਟੀ ’ਤੇ ਮੋੜਵਾਂ ਵਾਰ ਕੀਤਾ ਹੈ। ਸ਼੍ਰੀਕਾਂਤ ਜੇਨਾ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਹਾਈ ਕਮਾਨ ਨੇ ਇਹ ਕਦਮ ਕਿਉਂ ਚੁੱਕਿਆ। ਦੂਜੇ ਪਾਸੇ ਸਾਬਕਾ ਵਿਧਾਇਕ ਸਗਾਰੀਆ ਦਾ ਕਹਿਣਾ ਹੈ ਕਿ ਪਾਰਟੀ ਉਸ ਤੋਂ ਡਰ ਗਈ ਹੈ, ਜਦਕਿ ਉਹ ਕਦੇ ਵੀ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਨਹੀਂ ਰਹੇ। ਸਾਬਕਾ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਅਤੇ ਬੀਜੂ ਜਨਤਾ ਦਲ ਦੇ ਮਹਾਗੱਠਜੋੜ ਦੇ ਦਬਾਅ ਹੇਠ ਪਾਰਟੀ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਸੂਬੇ ’ਚ ਕੈਂਪੇਨ ਕਰਨਗੇ। ਖੁਦ ’ਤੇ ਲੱਗੇ ਦੋਸ਼ਾਂ ਦਾ ਜਵਾਬ ਜਨਤਾ ਸਾਹਮਣੇ ਦੇਣਗੇ ਤੇ ਹਰ ਕਿਸੇ ਨੂੰ ਐਕਸਪੋਜ਼ ਕਰਨਗੇ। 25 ਜਨਵਰੀ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਭੁਵਨੇਸ਼ਵਰ ਆ ਰਹੇ ਹਨ ਅਤੇ ਸ਼੍ਰੀਕਾਂਤ ਜੇਨਾ ਦਾ ਕਹਿਣਾ ਹੈ ਕਿ ਉਹ 25 ਜਨਵਰੀ ਨੂੰ ਜਨਤਾ ਸਾਹਮਣੇ ਵੱਡਾ ਖੁਲਾਸਾ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਓਡਿਸ਼ਾ ਦੀ ਕਮਾਨ ਹਮੇਸ਼ਾ ਪਟਨਾਇਕ ਦੇ ਹੱਥਾਂ ਵਿਚ ਰਹੇ ਅਤੇ ਇਸ ਲਈ ਉਹ ਨਿਰੰਜਨ ਪਟਨਾਇਕ ਨੂੰ ਓਡਿਸ਼ਾ ਦਾ ਸੂਬਾ ਪ੍ਰਧਾਨ ਬਣਾਉਣਾ ਚਾਹੁੰਦੇ ਹਨ, ਜਿਨ੍ਹਾਂ ਦੇ ਛੋਟੇ ਭਰਾ ਸੋਮਈਆ ਰਾਜਨ ਪਟਨਾਇਕ ਬੀਜੂ ਜਨਤਾ ਦਲ ਦੀ ਸੀਟ ਤੋਂ ਰਾਜ ਸਭਾ ਮੈਂਬਰ ਹਨ। ਉਥੇ ਪਾਰਟੀ ਹਾਈ ਕਮਾਨ ਦਾ ਕਹਿਣਾ ਹੈ ਕਿ ਅਨੁਸ਼ਾਸਨ ਤੋੜਨ ਵਾਲਿਆਂ ਦੀ ਪਾਰਟੀ ਵਿਚ ਕੋਈ ਥਾਂ ਨਹੀਂ ਭਾਵੇਂ ਉਹ ਕਿੰਨਾ ਹੀ ਵੱਡਾ ਨੇਤਾ ਕਿਉਂ ਨਾ ਹੋਵੇ। ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ ਬੀਜੂ ਜਨਤਾ ਦਲ ਅਤੇ ਕਾਂਗਰਸ ਪਾਰਟੀ ਦੇ ਆਗੂ ਪੂਰੀ ਤਰ੍ਹਾਂ ਮਾਈਨਿੰਗ ਮਾਫੀਆ ਦੇ ਹੱਥਾਂ ’ਚ ਖੇਡ ਰਹੇ ਹਨ ਅਤੇ ਸ਼੍ਰੀਕਾਂਤ ਜੇਨਾ ਇਨ੍ਹਾਂ ਆਗੂਆਂ ਦਾ ਪਰਦਾਫਾਸ਼ ਕਰਨ ਵਿਚ ਲੱਗੇ ਸਨ, ਇਸ ਲਈ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।ਭਾਜਪਾ ਪਹਿਲਾਂ ਹੀ ਸੂਬੇ ਵਿਚ ਪੰਚਾਇਤੀ ਚੋਣਾਂ ’ਚ ਸੂਬੇ ’ਚ ਦੂਜੇ ਨੰਬਰ ਦੀ ਪਾਰਟੀ ਬਣ ਕੇ ਉਭਰੀ ਹੈ ਅਤੇ ਭਾਜਪਾ ਹਾਈ ਕਮਾਨ ਨੂੰ ਉਮੀਦ ਹੈ ਕਿ ਕਾਂਗਰਸ ਦੀ ਇਸ ਸਥਿਤੀ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਦੀ ਕਾਰਗੁਜ਼ਾਰੀ ਕਾਫੀ ਚੰਗੀ ਰਹੇਗੀ। ਇਕ ਕਿਆਸ ਇਹ ਵੀ ਲਾਇਆ ਜਾ ਰਿਹਾ ਹੈ ਕਿ 3 ਵੱਡੇ ਆਗੂਆਂ ਦੀ ਪਾਰਟੀ ਤੋਂ ਬਰਖਾਸਤਗੀ ਤੋਂ ਬਾਅਦ ਅੰਦਰਖਾਤੇ ਕਾਂਗਰਸ ਹਾਈ ਕਮਾਨ ਡਰੀ ਹੋਈ ਹੈ। ਉਸ ਨੂੰ ਡਰ ਹੈ ਕਿ ਕਈ ਹੋਰ ਆਗੂ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਛੱਡ ਸਕਦੇ ਹਨ।

ਫੋਟੋ - http://v.duta.us/yYsvzQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4bpRAgAA

📲 Get Jalandhar News on Whatsapp 💬