[chandigarh] - ਮੁੱਖ ਮੰਤਰੀ ਦੇ ਜਵਾਬ ਤੋਂ ਕਲਰਕ ‘ਅਸੰਤੁਸ਼ਟ’, ਪੱਕਾ ਮੋਰਚਾ ਜਾਰੀ

  |   Chandigarhnews

ਚੰਡੀਗੜ੍ਹ (ਨਿਆਮੀਆਂ)-1883 ਕਲਰਕ ਮੈਰਿਟ ਉਮੀਦਵਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਲਿਖਤੀ ਜਵਾਬ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਲਰਕਾਂ ਦੀ ਨਿਯੁਕਤੀ ਅਪ੍ਰੈਲ ਵਿਚ ਕਰਨ ਦੀ ਗੱਲ ਕੀਤੀ ਹੈ। ਮੈਰਿਟ ’ਚ ਆਏ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਉਸੇ ਰਸਤੇ ’ਤੇ ਚੱਲ ਰਹੀ ਹੈ ਜਿਸ ਦਾ ਉਨ੍ਹਾਂ ਨੂੰ ਡਰ ਸੀ। ਉਮੀਦਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 1883 ਯੋਗ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ। ਜ਼ਿਕਰਯੋਗ ਹੈ ਕਿ ਢਾਈ ਸਾਲਾਂ ਤੋਂ ਲਟਕ ਰਹੀ ਭਰਤੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਉਮੀਦਵਾਰ ਚੋਣ ਜ਼ਾਬਤੇ ਤੋਂ ਪਹਿਲਾਂ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋਡ਼ਾ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਅੱਜ ਮੁੱਖ ਮੰਤਰੀ ਨੇ ਵਿਧਾਨ ਸਭਾ ’ਚ ਜਵਾਬ ਦਿੰਦਿਆਂ ਇਹ ਨਿਯੁਕਤੀਆਂ ਅਪ੍ਰੈਲ ਵਿਚ ਕਰਵਾਉਣ ਦੀ ਆਸ ਜਤਾਈ। ਉਧਰ ਨੌਜਵਾਨ ਅਧੀਨ ਸੇਵਾਵਾਂ ਬੋਰਡ ਦੇ ਦਫਤਰ ਅੱਗੇ 11 ਫਰਵਰੀ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਹਨ। ਉਮੀਦਵਾਰਾਂ ਨੇ ਕਿਹਾ ਕਿ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਮੈਰਿਟ ਉਮੀਦਵਾਰ ਗੁਰਬਾਜ ਸਿੰਘ, ਪ੍ਰਿਤਪਾਲ ਸਿੰਘ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ ਅਤੇ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਅਧੀਨ ਸੇਵਾਵਾਂ ਬੋਰਡ ਦਫਤਰ ਅੱਗੇ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਮੁਹਿੰਮ ਦੀ ਪੋਲ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਅਰਥੀ ਫੂਕ ਮੁਜ਼ਾਹਰੇ ਦੇ ਨਾਲ-ਨਾਲ ਸਡ਼ਕਾਂ ’ਤੇ ਘੁੰਮ ਕੇ ਟੈਸਟ ਪਾਸ ਉਮੀਦਵਾਰਾਂ ਵਲੋਂ ਭੀਖ ਮੰਗੀ ਜਾਵੇਗੀ ਅਤੇ ਇਕੱਠੇ ਹੋਏ ਪੈਸਿਆਂ ਦਾ ਕਟੋਰਾ ਸਰਕਾਰ ਨੂੰ ਭੇਟ ਕੀਤਾ ਜਾਵੇਗਾ।

ਫੋਟੋ - http://v.duta.us/foJjfQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/SAsj0AAA

📲 Get Chandigarh News on Whatsapp 💬