[faridkot-muktsar] - ਕੱਚੇ ਮੁਲਾਜ਼ਮ ਮੰਗਾਂ ਸਬੰਧੀ 24 ਨੂੰ ਪਟਿਆਲਾ ਵਿਖੇ ਕਰਨਗੇ ਰੋਸ ਰੈਲੀ

  |   Faridkot-Muktsarnews

ਫਰੀਦਕੋਟ (ਪਵਨ, ਖੁਰਾਣਾ, ਦਰਦੀ)-ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਦੇ ਵਿਰੋਧ ’ਚ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਨਾਲ ਸਬੰਧਤ ਮਾਣ ਭੱਤਾ, ਕੱਚਾ ਅਤੇ ਕੰਟਰੈਕਟ ਮੁਲਾਜ਼ਮ ਮੋਰਚਾ ਵੱਲੋਂ 24 ਫਰਵਰੀ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੋਸ ਰੈਲੀ ਦੀ ਤਿਆਰੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਫੈੱਡਰੇਸ਼ਨ ਦੇ ਜ਼ਿਲਾ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਤਿਆਰੀ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਲੋਕ ਭਲਾਈ ਦੇ ਮਹਿਕਮਿਆਂ ਨੂੰ ਇਕ-ਇਕ ਕਰ ਕੇ ਖਤਮ ਕਰ ਰਹੀ ਹੈ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਮੌਕੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੀ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਅਤੇ ਸ਼ਹਿਰੀ ਡਿਸਪੈਂਸਰੀਆਂ ਨੂੰ ਨਿੱਜੀ ਘਰਾਣਿਆਂ ਨੂੰ ਸੌਂਪਣ ਨਾਲ ਆਮ ਲੋਕਾਂ ਲਈ ਸਿਹਤ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਸਰਕਾਰ ਦੇ ਇਸ ਕਦਮ ਦਾ ਆਸ਼ਾ ਵਰਕਰਾਂ ਵੱਲੋਂ ਵਿਰੋਧ ਕੀਤਾ ਜਾਵੇਗਾ। ਮਿਡ ਡੇਅ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਮਨਜੀਤ ਕੌਰ ਨੇ ਦੱਸਿਆ ਕਿ ਮਿਡ ਡੇਅ ਮੀਲ ਕੁੱਕ ਹਰ ਰੋਜ਼ ਸਕੂਲਾਂ ਦੇ ਬੱਚਿਆਂ ਦਾ ਖਾਣਾ ਤਿਆਰ ਕਰਦੇ ਹਨ ਪਰ ਉਨ੍ਹਾਂ ਨੂੰ 50 ਰੁਪਏ ਤੋਂ ਵੀ ਘੱਟ ਦਿਹਾਡ਼ੀ ਦਿੱਤੀ ਜਾਂਦੀ ਹੈ। ਖਤਰਨਾਕ ਹਾਲਾਤ ਵਿਚ ਕੰਮ ਕਰਨ ਦੇ ਬਾਵਜੂਦ ਬੀਮਾ ਤੱਕ ਨਹੀਂ ਕੀਤਾ ਜਾਂਦਾ, ਕਿਸੇ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਂਦੀ। ਇਸ ਤੋਂ ਇਲਾਵਾ ਨਾਮਾਤਰ ਮਾਣ ਭੱਤਾ ਦੇਣ ਵਿਚ ਵੀ ਜਾਣ-ਬੁੱਝ ਕੇ ਦੇਰੀ ਕੀਤੀ ਜਾਂਦੀ ਹੈ। ਇਸ ਮੌਕੇ ਜੰਗਲਾਤ ਮੁਲਾਜ਼ਮ ਯੂਨੀਅਨ ਆਗੂ ਗੁਰਮੇਲ ਸਿੰਘ ਨੇ 24 ਫਰਵਰੀ ਦੀ ਪਟਿਆਲਾ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਸਮੇਂ ਸੁਖਜੀਵਨ ਬਾਵਾ, ਰਾਜਾ ਸਿੰਘ, ਸਰਬਜੀਤ ਕੌਰ, ਵਿੱਦਿਆ ਰਾਣੀ, ਵੀਰਪਾਲ ਕੌਰ ਆਦਿ ਮੌਜੂਦ ਸਨ।

ਫੋਟੋ - http://v.duta.us/AcR5ogAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uaidvAAA

📲 Get Faridkot-Muktsar News on Whatsapp 💬