[faridkot-muktsar] - ਨਵੀਆਂ ਪੰਚਾਇਤਾਂ ਲਈ ਜਲਘਰਾਂ ਦੇ ਬਕਾਇਆ ਲੱਖਾਂ ਰੁਪਏ ਦੇ ਬਿਜਲੀ ਬਿੱਲ ਬਣੇ ਸਿਰਦਰਦੀ

  |   Faridkot-Muktsarnews

ਫਰੀਦਕੋਟ (ਸੁਖਪਾਲ, ਪਵਨ)-ਪੇਂਡੂ ਖੇਤਰਾਂ ’ਚ ਬਹੁਤ ਸਾਰੀਆਂ ਨਵੀਆਂ ਪੰਚਾਇਤਾਂ ਦੇ ਸਾਹਮਣੇ ਇਕ ਵੱਡੀ ਸਮੱਸਿਆ ਖਡ਼੍ਹੀ ਹੋ ਰਹੀ ਹੈ ਅਤੇ ਇਹ ਸਮੱਸਿਆ ਹੈ, ਪਿੰਡਾਂ ਦੇ ਜਲਘਰਾਂ ਦੀਆਂ ਬਿਜਲੀ ਵਾਲੀਆਂ ਮੋਟਰਾਂ ਦੇ ਬਕਾਇਆ ਲੱਖਾਂ ਰੁਪਏ ਦੇ ਬਿੱਲਾਂ ਦੀ ਅਤੇ ਇਹ ਬਿੱਲ ਨਵੀਆਂ ਪੰਚਾਇਤਾਂ ਲਈ ਹੁਣ ਸਿਰਦਰਦੀ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਪੇਂਡੂ ਜਲਘਰਾਂ ਦਾ ਸਾਰਾ ਕੰਮ-ਕਾਜ ਗ੍ਰਾਮ ਪੰਚਾਇਤਾਂ ਨੂੰ ਸੌਂਪ ਦਿੱਤਾ ਸੀ ਅਤੇ ਜਲਘਰਾਂ ਨੂੰ ਚਲਾਉਣ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਸੀ ਪਰ ਇਨ੍ਹਾਂ ਕਮੇਟੀਆਂ ਕੋਲੋਂ ਕਈ ਪਿੰਡਾਂ ’ਚ ਕੰਮ ਸਹੀ ਢੰਗ ਨਾਲ ਨਹੀਂ ਚਲਾਇਆ ਗਿਆ। ਕਈ ਥਾਵਾਂ ’ਤੇ ਲੋਕਾਂ ਨੇ ਟੂਟੀਆਂ ਦੇ ਬਿੱਲ ਕਮੇਟੀ ਵਾਲਿਆਂ ਨੂੰ ਨਹੀਂ ਦਿੱਤੇ ਅਤੇ ਕਈ ਥਾਵਾਂ ਉੱਪਰ ਲੋਕਾਂ ਨੇ ਤਾਂ ਪਾਣੀ ਦੇ ਬਿੱਲ ਭਰੇ ਪਰ ਪੈਸੇ ਇਕੱਠੇ ਕਰਨ ਵਾਲਿਆਂ ਨੇ ਅੱਗੇ ਇਹ ਪੈਸੇ ਪਾਵਰਕਾਮ ਮਹਿਕਮੇ ਦੇ ਦਫ਼ਤਰਾਂ ’ਚ ਜਮ੍ਹਾ ਨਹੀਂ ਕਰਵਾਏ। ਇਸ ਕਾਰਨ ਹਜ਼ਾਰਾਂ ਰੁਪਏ ਤੋਂ ਸ਼ੁਰੂ ਹੋਇਆ ਇਹ ਬਿੱਲ ਕਈ ਪਿੰਡਾਂ ’ਚ ਹੁਣ ਲੱਖਾਂ ਰੁਪਇਆਂ ਦੇ ਹੋ ਚੁੱਕੇ ਹਨ। ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਮੌਜੂਦਗੀ ਵਿਚ ਵੀ ਇਹੋ ਕੁਝ ਹੀ ਹੋਇਆ ਅਤੇ ਹੁਣ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ’ਚ ਵੀ ਇਹੋ ਕੁਝ ਹੀ ਹੋ ਰਿਹਾ। ਇਸ ਕਰ ਕੇ ਨਵੀਆਂ ਪੰਚਾਇਤਾਂ ਲਈ ਇਹ ਮਾਮਲਾ ਬਡ਼ਾ ਗੰਭੀਰ ਤੇ ਸਿਰਦਰਦੀ ਵਾਲਾ ਬਣਿਆ ਹੋਇਆ ਹੈ ਕਿਉਂਕਿ ਪੰਚਾਇਤਾਂ ਬਕਾਇਆ ਖਡ਼੍ਹੇ ਲੱਖਾਂ ਰੁਪਏ ਦੀ ਇੰਨੀ ਵੱਡੀ ਰਕਮ ਕਿੱਥੋਂ ਭਰਨਗੀਆਂ। ਜੇਕਰ ਪਾਵਰਕਾਮ ਮਹਿਕਮੇ ਨੇ ਬਕਾਇਆ ਖਡ਼੍ਹੇ ਬਿਜਲੀ ਦੇ ਬਿੱਲ ਨਾ ਭਰਨ ਕਰ ਕੇ ਜਲਘਰਾਂ ਦੀ ਬਿਜਲੀ ਸਪਲਾਈ ’ਤੇ ਪਲਾਸ ਫੇਰ ਦਿੱਤਾ ਤਾਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਨਵੇਂ ਚੁਣੇ ਗਏ ਸਰਪੰਚ ਅਤੇ ਮੈਂਬਰ ਵਿਚਾਲੇ ਫਸੇ ਹੋਏ ਹਨ। ਪਹਿਲਾਂ ਵਾਲੀਆਂ ਕਮੇਟੀਆਂ ਉਨ੍ਹਾਂ ਨੂੰ ਕੋਈ ਹਿਸਾਬ-ਕਿਤਾਬ ਨਹੀਂ ਦੇ ਰਹੀਆਂ ਅਤੇ ਉਹ ਆਪਣੇ ਪੱਲਿਓਂ ਪੈਸੇ ਕਿੱਥੋਂ ਭਰਨ। ਪੰਜਾਬ ਸਰਕਾਰ ਖੁਦ ਸੰਭਾਲੇ ਜਲਘਰਾਂ ਦਾ ਕੰਮਜਿੱਥੇ ਸਰਪੰਚ ਰਿਜ਼ਰਵ ਕੈਟਾਗਰੀ ਦੇ ਚੁਣੇ ਗਏ ਹਨ, ਉਨ੍ਹਾਂ ਲਈ ਤਾਂ ਹੋਰ ਵੀ ਔਖਾ ਕੰਮ ਹੈ। ਅਜਿਹੇ ਸਰਪੰਚਾਂ ਦੀ ਤਾਂ ਇਹੋ ਹੀ ਮੰਗ ਹੈ ਕਿ ਜਲਘਰਾਂ ਨੂੰ ਚਲਾਉਣ ਵਾਲਾ ਸਾਰਾ ਕੰਮ ਸਰਕਾਰ ਆਪਣੇ ਹੱਥ ’ਚ ਹੀ ਲਵੇ ਤੇ ਸਾਰੀ ਜ਼ਿੰਮੇਵਾਰੀ ਸੰਭਾਲੇ ਕਿਉਂਕਿ ਕਮੇਟੀਆਂ ਕੋਲੋਂ ਇਹ ਕੰਮ ਚੱਲਣ ਵਾਲਾ ਨਹੀਂ ਹੈ। ਜਦ ਜਲਘਰਾਂ ਵਿਚ ਕੋਈ ਸਾਮਾਨ ਖਰਾਬ ਹੋ ਜਾਂਦਾ ਹੈ ਤਾਂ ਫਿਰ ਉਨ੍ਹਾਂ ਨੂੰ ਠੀਕ ਕਰਵਾਉਣ ਲਈ ਕਈ-ਕਈ ਦਿਨ ਲੰਘ ਜਾਂਦੇ ਹਨ। ਟੂਟੀਆਂ ਦਾ ਪਾਣੀ ਬੰਦ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਠੀਕ ਕੌਣ ਕਰਵਾਏ ਤੇ ਪੈਸੇ ਕੌਣ ਲਾਵੇ। ਦੂਜੇ ਪਾਸੇ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਜੋ ਆਰ. ਓ. ਸਿਸਟਮ ਪਿੰਡਾਂ ਵਿਚ ਲਵਾਏ ਸਨ, ਉਹ ਸਿਸਟਮ ਕਈ ਪਿੰਡਾਂ ’ਚ ਬੰਦ ਹੋ ਚੁੱਕੇ ਹਨ। ਇਨ੍ਹਾਂ ਦੀ ਨਾ ਤਾਂ ਲਾਉਣ ਵਾਲੀਆਂ ਕੰਪਨੀਆਂ ਨੇ ਦੁਬਾਰਾ ਸਾਰ ਲਈ ਅਤੇ ਨਾ ਹੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਚਲਾਇਆ। ਪਿੰਡ ਰਹੂਡ਼ਿਆਂਵਾਲੀ, ਰਾਮਗਡ਼੍ਹ ਚੂੰਘਾਂ, ਖੁੰਡੇ ਹਲਾਲ, ਦਬਡ਼ਾ, ਗੋਨਿਆਣਾ, ਕਾਲੇ ਵਾਲਾ ਤੇ ਕਈ ਹੋਰ ਪਿੰਡ ਅਜਿਹੇ ਹਨ, ਜਿੱਥੇ ਇਹ ਆਰ. ਓ. ਸਿਸਟਮ ਪਿਛਲੇ ਕਰੀਬ 4-4 ਸਾਲਾਂ ਤੋਂ ਬੰਦ ਪਏ ਹਨ। ਫੁਰਸਤ ਦੇ ਪਲਾਂ ’ਚ ਹੈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਜੇਕਰ ਵੇਖਿਆ ਜਾਵੇ ਤਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀ ਤੇ ਮੁਲਾਜ਼ਮ ਤਾਂ ਫੁਰਸਤ ਦੇ ਪਲਾਂ ਵਿਚ ਹਨ ਅਤੇ ਬਿਲਕੁਲ ਵਿਹਲੇ ਹਨ। ਕੋਈ ਕੰਮ ਨਹੀਂ। ਜੇਕਰ ਕਿਸੇ ਪਿੰਡ ਦੇ ਲੋਕ ਜਲਘਰਾਂ ਦੀਆਂ ਟੂਟੀਆਂ ਦਾ ਪਾਣੀ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ ਜਾਂ ਬਿਜਲੀ ਦਾ ਕੁਨੈਕਸ਼ਨ ਕੱਟਣ ਦੀ ਦੁਹਾਈ ਪਾਉਂਦੇ ਹਨ ਤਾਂ ਇਸ ਮਹਿਕਮੇ ਦੇ ਅਧਿਕਾਰੀਆਂ ਦਾ ਇਕੋ ਹੀ ਜਵਾਬ ਹੁੰਦਾ ਹੈ ਕਿ ਜਲਘਰਾਂ ਦੀ ਜ਼ਿੰਮੇਵਾਰੀ ਅਤੇ ਕੰਮ ਪੰਚਾਇਤਾਂ ਤੇ ਕਮੇਟੀਆਂ ਦਾ ਹੈ। ਸਭ ਕੁਝ ਉਹੀ ਕਰਨ। ਅਸੀਂ ਕੁਝ ਨਹੀਂ ਕਰ ਸਕਦੇ। ਪੇਂਡੁੂ ਲੋਕਾਂ ਦੀ ਗੱਲ ਨਾ ਤਾਂ ਮਹਿਕਮਾ ਸੁਣਦਾ ਅਤੇ ਨਾ ਹੀ ਸਬੰਧਤ ਠੇਕੇਦਾਰ। ਸਾਰੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। 8 ਸਾਲਾਂ ਤੋਂ ਬੰਦ ਹੈ ਜਲਘਰ ਬਡ਼ੀ ਸ਼ਰਮ ਵਾਲੀ ਗੱਲ ਹੈ ਕਿ ਇਕ ਪਾਸੇ ਤਾਂ ਸਮੇਂ ਦੀਆਂ ਸਰਕਾਰਾਂ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਕਰਦੀਆਂ ਹਨ ਪਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦਾ ਪਿੰਡ ਸੰਮੇਵਾਲੀ ਅਜਿਹਾ ਪਿੰਡ ਹੈ, ਜਿੱਥੇ ਪਿਛਲੇ 8 ਸਾਲਾਂ ਤੋਂ ਜਲਘਰ ਬੰਦ ਪਿਆ ਹੈ। ਨਾ ਤਾਂ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਇਸ ਦੀ ਸਾਰ ਲਈ ਹੈ ਅਤੇ ਨਾ ਹੀ ਕਿਸੇ ਸਿਆਸੀ ਨੁਮਾਇੰਦੇ ਨੇ, ਜਦਕਿ ਪਿੰਡ ਵਿਚ ਸਾਫ ਪਾਣੀ ਦੀ ਭਾਰੀ ਕਿਲਤ ਹੈ। ਜ਼ਿਆਦਾਤਰ ਪਿੰਡਾਂ ’ਚ ਜ਼ਮੀਨ ਹੇਠਲਾ ਪਾਣੀ ਹੈ ਖਰਾਬ ਜ਼ਿਲੇ ਅਧੀਨ ਆਉਂਦੇ ਜ਼ਿਆਦਾਤਰ ਪਿੰਡਾਂ ਵਿਚ ਜ਼ਮੀਨ ਹੇਠਲਾ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਅਤੇ ਇਸ ਪਾਣੀ ਵਿਚ ਸ਼ੋਰੇ ਤੇ ਤੇਜ਼ਾਬ ਵਾਲੇ ਤੱਤ ਵੱਡੀ ਮਾਤਰਾ ’ਚ ਮੌਜੂਦ ਹਨ ਅਤੇ ਜਦੋਂ ਜਲਘਰਾਂ ਦੀਆਂ ਟੂਟੀਆਂ ਦਾ ਪਾਣੀ ਨਹੀਂ ਆਉਂਦਾ ਤਾਂ ਲੋਕਾਂ ਨੂੰ ਮਜਬੂਰੀਵੱਸ ਧਰਤੀ ਹੇਠਲਾ ਨਲਕਿਆਂ ਦਾ ਪਾਣੀ ਹੀ ਪੀਣਾ ਪੈਂਦਾ ਹੈ, ਜਿਸ ਕਰ ਕੇ ਲੋਕ ਕਈ ਬੀਮਾਰੀਆਂ ਦੀ ਲਪੇਟ ’ਚ ਆਏ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਖੇਤਰ ਦੇ ਹਜ਼ਾਰਾਂ ਲੋਕ ਪਹਿਲਾਂ ਹੀ ਕੈਂਸਰ, ਕਾਲੇ ਪੀਲੀਏ, ਗੁਰਦਿਆਂ, ਦਿਲ ਦੀਆਂ ਬੀਮਾਰੀਆਂ ਅਤੇ ਹੱਡੀਆਂ ਆਦਿ ਦੇ ਰੋਗਾਂ ਤੋਂ ਪੀਡ਼ਤ ਹੋ ਚੁੱਕੇ ਹਨ, ਜੇਕਰ ਲੋਕਾਂ ਨੂੰ ਜਲਘਰਾਂ ਦਾ ਸਾਫ ਪਾਣੀ ਵੀ ਨਾ ਮਿਲਿਆ ਤਾਂ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ ’ਚ ਹੋਰ ਵੀ ਵਾਧਾ ਹੋਵੇਗਾ। ਸਰਕਾਰਾਂ ਜਲਘਰਾਂ ਦੀਆਂ ਪੁਰਾਣੀਆਂ ਕਮੇਟੀਆਂ ਤੋਂ ਲਵੇ ਹਿਸਾਬ ਪਿੰਡ ਖੁੰਡੇ ਹਲਾਲ ਦੇ ਸਰਪੰਚ ਹੰਸਾ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਘਰਾਂ ਦੀਆਂ ਪਹਿਲਾਂ ਵਾਲੀਆਂ ਪੁਰਾਣੀਆਂ ਕਮੇਟੀਆਂ ਕੋਲੋਂ ਲੋਕਾਂ ਤੋਂ ਲਏ ਗਏ ਬਿੱਲਾਂ ਦਾ ਪੂਰਾ ਹਿਸਾਬ-ਕਿਤਾਬ ਲਿਆ ਜਾਵੇ ਤਾਂ ਕਿ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ। ਪਾਵਰਕਾਮ ਮਹਿਕਮੇ ਨੇ ਲੈਣਾ ਹੈ ਲੱਖਾਂ ਰੁਪਇਆ ਅਨੇਕਾਂ ਪੇਂਡੂ ਜਲਘਰਾਂ ਦੀਆਂ ਬਿਜਲੀ ਦੀਆਂ ਮੋਟਰਾਂ ਦਾ ਲੱਖਾਂ ਰੁਪਇਆ ਬਕਾਇਆ ਖਡ਼੍ਹਾ ਬਿੱਲ ਪਾਵਰਕਾਮ ਮਹਿਕਮੇ ਨੇ ਲੈਣਾ ਹੈ। ਭਾਵੇਂ ਸਿਆਸੀ ਅਸਰ-ਰਸੂੁਖ ਕਰ ਕੇ ਕਈ ਪਿੰਡਾਂ ਦੇ ਜਲਘਰ ਬਿਜਲੀ ਦਾ ਬਿੱਲ ਨਾ ਭਰਨ ਦੇ ਬਾਵਜੂਦ ਚੱਲੀ ਜਾਂਦੇ ਹਨ ਪਰ ਜਿਸ ਦਿਨ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਉੱਪਰੋਂ ਸਿਕੰਜ਼ਾ ਕੱਸ ਦਿੱਤਾ ਤਾਂ ਹੇਠਲੇ ਅਧਿਕਾਰੀਆਂ ਨੂੰ ਜਾਂ ਤਾਂ ਬਿਜਲੀ ਦੇ ਬਿੱਲ ਉਗਰਾਹੁਣੇ ਪੈਣਗੇ ਜਾਂ ਜਲਘਰ ਦੀ ਬਿਜਲੀ ਸਪਲਾਈ ਕੱਟਣੀ ਪਵੇਗੀ। ਇਸ ਨਾਲ ਵੱਡੀ ਸਮੱਸਿਆ ਖਡ਼੍ਹੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਭਾਗਸਰ ਪਿੰਡ ਦੇ ਜਲਘਰ ਵੱਲ ਪਾਵਰਕਾਮ ਦਾ ਲਗਭਗ 20 ਲੱਖ ਰੁਪਇਆ ਬਿਜਲੀ ਦੇ ਬਿੱਲ ਦਾ ਬਕਾਇਆ ਖਡ਼੍ਹਾ ਹੈ।

ਫੋਟੋ - http://v.duta.us/6iDElQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ycJpMwAA

📲 Get Faridkot-Muktsar News on Whatsapp 💬