[hoshiarpur] - ਖਾਲਸਾ ਕਾਲਜ ਵਿਖੇ 16 ਤੇ 17 ਨੂੰ ਲਾਈ ਜਾਵੇਗੀ ਪੁਸਤਕ ਪ੍ਰਦਰਸ਼ਨੀ : ਡਾ. ਖੁਣ ਖੁਣ

  |   Hoshiarpurnews

ਹੁਸ਼ਿਆਰਪੁਰ (ਭਟੋਆ)-ਪੰਜਾਬ ਦੀ ਕਿਸਾਨੀ, ਜਵਾਨੀ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਸੰਜੀਦਾ ਤੇ ਜ਼ਿੰਮੇਵਾਰ ਦ੍ਰਿਸ਼ਟੀਕੋਨ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋਡ਼ਨਾ ਤੇ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਸਮੇਂ ਦੀ ਮੁੱਖ ਲੋਡ਼ ਬਣ ਗਈ ਹੈ ਤੇ ਅਜਿਹੇ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗਡ਼੍ਹ ਦੇ ਐਸੋਸੀਏਟ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਖੁਣ ਖੁਣ ਕਲਾਂ ਨੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਖਾਲਸਾ ਕਾਲਜ ਗਡ਼੍ਹਦੀਵਾਲਾ ਵਿਖੇ 16 ਤੇ 17 ਫਰਵਰੀ ਨੂੰ ਲਾਈ ਜਾ ਰਹੀ ਪੁਸਤਕ ਪ੍ਰਦਰਸ਼ਨੀ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਉਤਸਵ ਨੂੰ ਨਵਾਂ ਸਰੂਪ ਦੇਣ ਲਈ ਵੱਖ-ਵੱਖ ਪ੍ਰਦਰਸ਼ਨੀਆਂ ’ਚ ਵਿਸ਼ਾਲ ਪੱਧਰ ਦੀ ਪੁਸਤਕ ਪ੍ਰਦਰਸ਼ਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਸ ਦੌਰਾਨ ਪੰਜਾਬ ਦੇ ਉੱਘੇ ਪ੍ਰਕਾਸ਼ਨ ਪਾਠਕਾਂ ਨੂੰ ਸਸਤੀਆਂ ਦਰਾਂ ’ਤੇ ਸਾਹਿਤਕ ਤੇ ਆਮ ਜਾਣਕਾਰੀ ਦੀਆਂ ਪੁਸਤਕਾਂ ਮੁਹੱਈਆ ਕਰਵਾਉਣਗੇ। ਇਸ ਮੌਕੇ ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਜਨਰਲ ਸਕੱਤਰ ਤੇ ਵਿਦਿਆਰਥੀ ਆਗੂ ਮੰਗਜੀਤ ਸਿੰਘ ਗੰਭੋਵਾਲ ਨੇ ਕਿਹਾ ਕਿ ਮਿਆਰੀ ਸਾਹਿਤ ਨਾਲ ਜੁਡ਼ਿਆ ਇਨਸਾਨ ਦੁਨੀਆਂ ਭਰ ਦੇ ਦੇਸ਼ਾਂ ਦੇ ਇਤਿਹਾਸ, ਦਰਸ਼ਨ, ਧਰਮ ਤੇ ਕਲਾ ਨੂੰ ਸਮਝਣ ਦੇ ਨਾਲ ਦੁਨੀਆਂ ਦੀ ਸਭਿਆਚਾਰਕ ਤੇ ਵਿਰਸਾਤੀ ਅਮੀਰੀ ਦੀ ਮਹਿਕ ਨੂੰ ਮਾਨਣ ਦੇ ਸਮਰੱਥ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੀ ਸੂਝ ਤਿਖੇਰੀ ਕਰਨ ਤੇ ਆਲੇ ਦੁਆਲੇ ਪ੍ਰਤੀ ਆਲੋਚਨਾਤਮਿਕ ਦ੍ਰਿਸ਼ਟੀਕੋਨ ਪੈਦਾ ਕਰਨ ਲਈ ਨਰੋਏ ਸਾਹਿਤ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗੀਆਂ ਪੁਸਤਕਾਂ ਇਨਸਾਨ ਦਾ ਸਹੀ ਮਾਰਗ ਦਰਸ਼ਨ ਕਰਨ ਦੇ ਨਾਲ ਜ਼ਿੰਦਗੀ ਦੇ ਬਿਖਡ਼ੇ ਪੈਡ਼ਿਆਂ ’ਤੇ ਹੌਸਲੇ ਨਾਲ ਤੁਰਨ ਦਾ ਭੇਦ ਵੀ ਸਿਖਾਉਂਦੀਆਂ ਹਨ। ਪੰਜਾਬੀ ਵਿਕਾਸ ਮੰਚ ਦੇ ਬੁਲਾਰੇ ਹਰਮੇਲ ਸਿੰਘ ਤੇ ਵਰਿੰਦਰ ਸਿੰਘ ਨਿਮਾਣਾ ਨੇ ਦੱਸਿਆ ਕਿ ਵਿਰਾਸਤੀ ਮੇਲੇ ਦੇ ਪਹਿਲੇ ਦਿਨ 16 ਫਰਵਰੀ ਨੂੰ ਖੇਤੀ ਤੇ ਬਾਗਬਾਨੀ ਮਾਹਿਰਾਂ ਵੱਲੋਂ ਕਿਸਾਨ ਮੇਲੇ ਦੌਰਾਨ ਖੇਤੀ ਦੇ ਮੰਡੀਕਰਣ ਦੀਆਂ ਸਮੱਸਿਆ ਤੇ ਹੱਲ ’ਤੇ ਵਿਚਾਰ ਚਰਚਾ ਹੋਵੇਗੀ, ਜਦ ਕਿ ਦੂਜੇ ਦਿਨ 17 ਫਰਵਰੀ ਨੂੰ ਸਵੇਰ ਦੇ ਸੈਸ਼ਨ ਦੌਰਾਨ ਨੌਜਵਾਨਾਂ ਦੀਆ ਸਮੱਸਿਆਵਾਂ ਉਤੇ ਮਾਹਿਰ ਮਹਿਮਾਨਾਂ ਵੱਲੋਂ ਸੰਵਾਦ ਰਚਾਇਆ ਜਾਵੇਗਾ। ਇਸ ਵਿਰਾਸਤੀ ਮੇਲੇ ਦੌਰਾਨ ਉਸਤਾਦ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬੀ ਸਾਹਿਤ ਤੇ ਸ਼ਾਇਰੀ ਲਈ ਪਾਏ ਜਾ ਰਹੇ ਵਿਲੱਖਣ ਯੋਗਦਾਨ ਲਈ ਸਨਮਾਨਤ ਕੀਤਾ ਜਾਵੇਗਾ। ਉੱਘੇ ਨਾਟਕਕਾਰ ਜਸਬੀਰ ਗਿੱਲ ਦੁਆਰਾ ਨਿਰਦੇਸ਼ਤ ਨਾਟਕ ‘ਚੰਨੋ ਬਾਜ਼ੀਗਰਨੀ’ ਵੀ ਵਿਰਾਸਤੀ ਮੇਲੇ ਦੌਰਾਨ ਖੇਡਿਆ ਜਾਵੇਗਾ। ਦੋ ਰੋਜ਼ਾ ਵਿਰਾਸਤੀ ਮੇਲੇ ਦੇ ਆਖੀਰੀ ਦਿਨ ਸੰਗੀਤ ਗਿਭਾਗ ਦੇ ਪ੍ਰੋ. ਗੁਰਪਿੰਦਰ ਸਿੰਘ ਦੁਆਰਾ ਲਿਖੀ ਨਵ ਪ੍ਰਕਾਸ਼ਿਤ ਪੁਸਤਕ ‘ਗੁਰੂ ਨਾਨਕ ਦੇਵ ਜੀ ਦੀ ਬਾਣੀ ’ਚ ਸੰਗੀਤ’ ਤੇ ਹੋਰ ਲੇਖਕਾਂ ਦੀਆ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ।

ਫੋਟੋ - http://v.duta.us/u-avSAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/hDgJkgAA

📲 Get Hoshiarpur News on Whatsapp 💬