[sangrur-barnala] - ਬੇਰੋਜ਼ਗਾਰ ਅਧਿਆਪਕਾਂ ਵੱਲੋਂ 17 ਦੀ ਸੂਬਾਈ ਮਹਾਰੋਸ ਰੈਲੀ ਦੀਆਂ ਤਿਆਰੀਆਂ ਸਬੰਧੀ ਜ਼ਿਲਾ ਪੱਧਰੀ ਮੀਟਿੰਗ

  |   Sangrur-Barnalanews

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੋਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਪੰਜਾਬ ਦੀ ਜ਼ਿਲਾ ਬਰਨਾਲਾ ਇਕਾਈ ਦੀ ਮੀਟਿੰਗ ਤਰਕਸ਼ੀਲ ਭਵਨ ਵਿਖੇ ਹੋਈ। ਮੀਟਿੰਗ ਦੌਰਾਨ ਬੇਰੋਜ਼ਗਾਰ ਅਧਿਆਪਕਾਂਂ ਵੱਲੋਂ 17 ਫਰਵਰੀ ਨੂੰ “ਅਣਦੱਸੀ ਜਗ੍ਹਾ’’ ਕੀਤੀ ਜਾਣ ਵਾਲੀ ਸੂਬਾਈ ਮਹਾਰੋਸ ਰੈਲੀ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕੀਤੀ ਗਈ। ਇਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇਡ਼ੀ ਨੇ ਕਿਹਾ ਕਿ ਸਿੱਖਿਆ ਮੰਤਰੀ, ਪੰਜਾਬ ਵੱਲੋਂ ਤਿੰਨ ਮਹੀਨੇ ਪਹਿਲਾਂ ਨਵੀਂ ਅਧਿਆਪਕ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਸਬੰਧੀ ਭਰੋਸਾ ਦਿੱਤਾ ਗਿਆ ਸੀ ਪਰ ਹਾਲੇ ਤੱਕ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਪੰਜਾਬ ਵਿਚ ਸੱਤਾ ’ਤੇ ਬਿਰਾਜਮਾਨ ਕਾਂਗਰਸ ਹਕੂਮਤ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ ਅਨੇਕਾਂ ਲਿਖਤੀ ਵਾਅਦੇ (ਚੋਣ ਮੈਨੀਫੈਸਟੋ ਰਾਹੀਂ) ਕੀਤੇ ਸਨ। ਨੌਜਵਾਨਾਂ ’ਚ ਵੱਡੇ ਪੱਧਰ ’ਤੇ ਫੈਲੀ ਬੇਰੋਜ਼ਗਾਰੀ ਦੂਰ ਕਰਨ ਹਿੱਤ ‘ਹਰ ਘਰ ਇਕ ਸਰਕਾਰੀ ਨੌਕਰੀ’ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦੇ ਐਲਾਨ ਕੀਤੇ ਗਏ ਸਨ ਪਰ ਕਾਂਗਰਸ ਹਕੂਮਤ ਦੇ ਪਿਛਲੇ ਲਗਭਗ ਦੋ ਸਾਲਾਂ ਦੇ ਅਮਲ ਨਾਲ ਹੋਰ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਦੀ ਵੀ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਕਹਿਣ ਨੂੰ ਤਾਂ ਸਰਕਾਰ ਵੱਲੋਂ ਆਪਣਾ ਵਾਅਦਾ ਪੁਗਾਉਣ ਲਈ ਵੱਖ-ਵੱਖ ਜ਼ਿਲਿਆਂ ਵਿਚ ਰੋਜ਼ਗਾਰ ਮੇਲੇ ਲਾਏ ਗਏ ਹਨ ਪਰ ਅਸਲ ਵਿਚ ਇਨ੍ਹਾਂ ਮੇਲਿਆਂ ਰਾਹੀਂ ਬਹੁਕੌਮੀ ਕੰਪਨੀਆਂ ਨੂੰ ਸਸਤੀ ਕਿਰਤ ਮੁਹੱਈਆ ਕਰਵਾ ਕੇ ਸਰਕਾਰ ਵੱਲੋਂ ‘ਵਾਅਦਾ ਪੂਰਾ’ ਹੋ ਜਾਣ ਦਾ ਪ੍ਰਚਾਰ ਕਰਦਿਆਂ ਆਪਣੀ ਪਿੱਠ ਥਾਪਡ਼ੀ ਜਾ ਰਹੀ ਹੈ। ਪਿਛਲੇ ਵਰ੍ਹੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਵੱਖ-ਵੱਖ ਜ਼ਿਲਿਆਂ ਵਿਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਰੋਜ਼ਗਾਰ ਮੇਲੇ ਲਾਏ ਗਏ ਸਨ। ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਦਿੱਤੇ ਜਾਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਮੇਲਿਆਂ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਹੀ ਭਰਤੀ ਲਈ ਬੁਲਾਇਆ ਗਿਆ। ਇਸ ਦੌਰਾਨ ਪਿਛਲੇ ਦਿਨੀਂ ਪਟਿਆਲਾ ਵਿਖੇ ਅਧਿਆਪਕਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਨਵਜੀਵਨ ਸਿੰਘ, ਸੰਦੀਪ ਗਿੱਲ, ਜਗਜੀਤ ਸਿੰਘ, ਜੱਗੀ ਜੋਧਪੁਰ ਜ਼ਿਲਾ ਪ੍ਰਧਾਨ, ਅਮਨਦੀਪ ਬਾਵਾ, ਗੁਰਮੀਤ ਕੌਰ ਅਤੇ ਜਸਵੀਰ ਕੌਰ ਖੇਡ਼ੀ, ਹਨੀਫ ਖਾਂ, ਜਸਵੰਤ ਸਿੰਘ ਅਤੇ ਅਵਤਾਰ ਸਿੰਘ ਹਰੀਗਡ਼੍ਹ ਹਾਜ਼ਰ ਸਨ। ਇਹ ਹਨ ਮੰਗਾਂ – 1. ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਭਰਤੀ ਕਰਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਜਾਵੇ। 2. ਸਰਕਾਰੀ ਸਕੂਲਾਂ ’ਚ ਖਾਲੀ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ ’ਤੇ ਭਰੀਆਂ ਜਾਣ। 3. ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ’ਚ ਪੂਰਾ ਕੀਤਾ ਜਾਵੇ । 4. ਇਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ । 5. ਨਿੱਜੀਕਰਨ ਦੀ ਨੀਤੀ ਬੰਦ ਕਰ ਕੇ ਵਿਦਿਆਰਥੀਆਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ। 6. ਰੈਸ਼ਨੇਲਾਈਜ਼ੇਸ਼ਨ ਨੂੰ ਤਰਕ ਸੰਗਤ ਬਣਾਇਆ ਜਾਵੇ। ਅਸਾਮੀਆਂ ਖਤਮ ਕਰਨ ਦੀ ਬਜਾਏ, ਨਵੀਆਂ ਅਸਾਮੀਆਂ ਸਿਰਜੀਆਂ ਜਾਣ।

ਫੋਟੋ - http://v.duta.us/Q39RvAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wOrUAAAA

📲 Get Sangrur-barnala News on Whatsapp 💬