[sangrur-barnala] - ‘ਵਾਹ ਨੀ ਸਰਕਾਰੇ, ਠੰਡ ਲੱਗ ਗਈ ਵਰਦੀਆਂ ਨੂੰ, ਤਰਸਣ ਬਾਲ ਨਿਆਣੇ’

  |   Sangrur-Barnalanews

ਸੰਗਰੂਰ (ਅਨੀਸ਼)-ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵੱਖ-ਵੱਖ ਵਰਗਾਂ ਦੇ ਠੰਡ ’ਚ ਠਰੂੰ-ਠਰੂੰ ਕਰਦੇ 12,76,303 ਲਡ਼ਕੀਆਂ ਤੇ ਲਡ਼ਕਿਆਂ ਨੂੰ ਮੁਫਤ ਵਰਦੀਆਂ ਦੇਣ ਦੀ ਪ੍ਰਕਿਰਿਆ ਸਰਕਾਰੀ ਤੰਤਰ ਦੀ ਢਿੱਲ-ਮੱਠ ਦੀ ਭੇਟ ਚਡ਼੍ਹੀ ਪਈ ਹੈ। ਗਰੀਬ ਬੱਚਿਆਂ ਨੂੰ ਵਰਦੀਆਂ ਦੇਣ ਦੀ ਸਰਕਾਰੀ ਪ੍ਰਕਿਰਿਆ ਮਹਿਜ਼ ਦਫਤਰੀ ਕਾਗਜ਼ਾਂ ਦਾ ਢਿੱਡ ਭਰਨ ਤੱਕ ਹੀ ਸੀਮਤ ਹੈ, ਜਿਸ ਤੋਂ ਜਾਪਦਾ ਹੈ ਕਿ ਵਿਦਿਆਰਥੀਆਂ ਨੂੰ ਸਵੈਟਰ, ਬੂਟ, ਜੁਰਾਬਾਂ, ਗਰਮ ਟੋਪੀਆਂ, ਪਟਕਾ, ਕਮੀਜ਼-ਪੈਂਟ, ਸਲਵਾਰ ਤੇ ਦੁਪੱਟਾ ਹੁਣ ਠੰਡ ਮੁੱਕਣ ਤੋਂ ਬਾਅਦ ਹੀ ਮਿਲੇਗਾ। ਜ਼ਿਕਰਯੋਗ ਹੈ ਹੈ ਕਿ ਸਰਵ ਸਿੱਖਿਆ ਅਭਿਆਨ ਸਕੀਮ ਅਧੀਨ ਭਾਰਤ ਸਰਕਾਰ ਵੱਲੋਂ ਵਰਦੀਆਂ ਲਈ ਪ੍ਰਤੀ ਵਿਦਿਆਰਥੀ 600 ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ’ਚ ਪਹਿਲੀ ਤੋਂ ਅੱਠਵੀਂ ਜਮਾਤ ਦੀਆਂ ਸਮੂਹ 7,12,794 ਲਡ਼ਕੀਆਂ ਸਮੇਤ ਐੱਸ.ਸੀ/ਐੱਸ.ਟੀ ਵਰਗਾਂ ਨਾਲ ਸਬੰਧਤ 4,85,512 ਲਡ਼ਕਿਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐੱਲ) ਦੇ ਪਰਿਵਾਰਾਂ ਦੇ 77,997 ਵਿਦਿਆਰਥੀਆਂ ਨੂੰ ਵੀ ਮੁਫਤ ਵਰਦੀਆਂ ਦੇਣੀਆਂ ਹਨ। ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ.ਜੀ.ਐੱਸ.ਈ) ਦਫਤਰ ਵੱਲੋਂ 31 ਦਸੰਬਰ 2018 ਨੂੰ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਕਰ ਕੇ ਸਕੂਲ ਮੈਨੇਜਮੈਂਟ ਕਮੇਟੀਆਂ (ਐੱਸ.ਐੱਮ.ਸੀ) ਰਾਹੀਂ ਵਰਦੀਆਂ ਖਰੀਦਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤਹਿਤ ਇਸ ਸਕੀਮ ਅਧੀਨ ਆਉਂਦੇ ਸਮੂਹ ਵਿਦਿਆਰਥੀਆਂ ਲਈ ਵਰਦੀਆਂ ਖਰੀਦਣ ਲਈ 76.58 ਕਰੋਡ਼ ਰੁਪਏ ਦੇ ਜ਼ਿਲਾ ਵਾਰ ਵੇਰਵੇ ਵੀ ਨਸ਼ਰ ਕੀਤੇ ਸਨ। ਇਸੇ ਦੌਰਾਨ ਮੁੱਖ ਦਫਤਰ ਨੂੰ ਵਰਦੀਆਂ ਦੀ ਖਰੀਦ ’ਚ ਕੁਝ ਸ਼ਿਕਾਇਤਾਂ ਮਿਲਣ ਤੋਂ ਬਾਅਦ 10 ਜਨਵਰੀ 2019 ਨੂੰ ਹੁਕਮ ਜਾਰੀ ਕਰ ਕੇ ਐੱਸ. ਐੱਮ. ਸੀਜ਼ ਕੋਲੋਂ ਵਰਦੀਆਂ ਖਰੀਦਣ ਦੇ ਅਧਿਕਾਰ ਖੋਹ ਕੇ ਮੁੱਖ ਦਫਤਰ ਵੱਲੋਂ ਆਪਣੇ ਪੱਧਰ ’ਤੇ ਵਰਦੀਆਂ ਖਰੀਦਣ ਦੇ ਹੁਕਮ ਚਾਡ਼੍ਹ ਦਿੱਤੇ ਗਏ ਸਨ। ਵਿਭਾਗ ਦੇ ਅਧਿਕਾਰੀਆਂ ਨੇ ਇਹ ਸਿੱਟਾ ਕੱਢਿਆ ਸੀ ਕਿ ਥੋਕ ’ਚ ਵਰਦੀਆਂ ਲੈਣ ਨਾਲ ਵਰਦੀਆਂ ਮਿਆਰੀ ਅਤੇ ਸਸਤੀਆਂ ਪੈਣਗੀਆਂ ਪਰ ਇਹ ਫਾਰਮੂਲਾ ਅੱਜ ਤੱਕ ਵੀ ਅਧਿਕਾਰੀਆਂ ਦੇ ਸੂਤ ਨਹੀਂ ਆ ਸਕਿਆ। ਹੁਣ ਮੁਡ਼ ਡੀ. ਜੀ. ਐੱਸ. ਈ. ਦਫਤਰ ਵੱਲੋਂ ਸੈਂਟਰਲਾਈਜ਼ੇਸ਼ਨ ਟੈਂਡਰ ਰਾਹੀਂ ਵਰਦੀਆਂ ਖਰੀਦਣ ਦੀ ਚਲਾਈ ਪ੍ਰਕਿਰਿਆ ਹਾਲੇ ਵੀ ਕਾਗਜ਼ਾਂ ਤੱਕ ਹੀ ਸੀਮਤ ਹੈ। ਡੀ.ਜੀ.ਐੱਸ.ਈ ਨੇ ਹੁਣ 2 ਫਰਵਰੀ ਨੂੰ ਮੁਡ਼ ਈ-ਟੈਂਡਰ ਰਾਹੀਂ ਵਰਦੀਆਂ ਖਰੀਦਣ ਦੀ ਪ੍ਰਕਿਰਿਆ ਚਲਾਈ ਹੈ, ਜਿਸ ਤਹਿਤ 8 ਫਰਵਰੀ ਤੱਕ ਟੈਂਡਰ ਮੰਗੇ ਗਏ ਸਨ। ਇਸ ਪ੍ਰਕਿਰਿਆ ਤੋਂ ਸੰਕੇਤ ਮਿਲਦੇ ਹਨ ਕਿ ਹੁਣ ਬੱਚਿਆਂ ਨੂੰ ਠੰਡ ਢਲਣ ’ਤੇ ਹੀ ਵਰਦੀਆਂ ਨਸੀਬ ਹੋਣਗੀਆਂ । ਵਿਧਾਨ ਸਭਾ ’ਚ ਚੁੱਕਾਂਗਾ ਮੁੱਦਾ ਇਸ ਸਬੰਧੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਕੂਲੀ ਬੱਚਿਆਂ ਨੂੰ ਵਰਦੀਆਂ ਨਾ ਮਿਲਣ ਦਾ ਮੁੱਦਾ ਉਹ ਅੱਜ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ’ਚ ਚੁੱਕਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਅਤੇ ਸਿਹਤ ਤੇ ਸਿੱਖਿਆ ਪਾਸੇ ਇਸ ਸਰਕਾਰ ਦਾ ਕੋਈ ਧਿਆਨ ਨਹੀਂ ਹੈ ।

ਫੋਟੋ - http://v.duta.us/mYPJKgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/MJJAdAAA

📲 Get Sangrur-barnala News on Whatsapp 💬