[bhatinda-mansa] - 18 ਸਾਲਾ ਵਿਦਿਆਰਥੀ ਦੇ ਕਤਲ ਦੀ ਗੁੱਥੀ ਸੁਲਝੀ

  |   Bhatinda-Mansanews

ਬਠਿੰਡਾ (ਵਰਮਾ)-ਸ਼ਨੀਵਾਰ ਦੀ ਰਾਤ ਨੂੰ 2 ਵਜੇ ਮੋਟਰਸਾਈਕਲ ਮਕੈਨਿਕ ਵਲੋਂ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਸੇਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਰਮਨਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੋ ਦਿਨ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਹਨ। ਪੁਲਸ ਦੀ ਮੰਨੀਏ ਤਾਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕੁਝ ਟੀਮਾਂ ਤਾਇਨਾਤ ਕੀਤੀਆਂ ਹਨ, ਜੋ ਲਗਾਤਰ ਛਾਪੇਮਾਰੀ ਕਰ ਰਹੀਆਂ ਹਨ ਪਰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਸ਼ਹਿਰ ’ਚ ਆਮ ਚਰਚਾ ਹੈ ਕਿ ਮੁਲਜ਼ਮ ਨੇ ਪੁਲਸ ਅੱਗੇ ਐਤਵਾਰ ਨੂੰ ਸਵੇਰੇ ਹੀ ਸਰੰਡਰ ਕਰ ਦਿੱਤਾ ਸੀ ਪਰ ਪੁਲਸ ਅਜੇ ਤੱਕ ਮੰਨਣ ਨੂੰ ਤਿਆਰ ਨਹੀਂ ਹੈ, ਜਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਸ ਮੁਲਜ਼ਮ ਨੂੰ ਸਿਆਸੀ ਦਬਾਅ ਦੇ ਕਾਰਨ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਮੁਲਜ਼ਮ ਅਕਾਲੀ ਦਲ ਦਾ ਸਰਕਲ ਪ੍ਰਧਾਨ ਵੀ ਰਿਹਾ ਹੈ, ਜਦੋਂਕਿ ਪੁਲਸ ਨੇ ਮ੍ਰਿਤਕ ਦੇ ਤਾਏ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਉਕਤ ਦੇ ਤਾਏ ਨੂੰ ਚਸ਼ਮਦੀਦ ਗਵਾਹ ਵੀ ਬਣਾਇਆ ਹੈ, ਜੋ ਕਿ ਪੁਲਸ ਦੀ ਐੱਫ. ਆਈ. ਆਰ. ਵਿਚ ਦਰਜ ਹੈ। ਸੂਤਰਾਂ ਦੀ ਮੰਨੀਏ ਤਾਂ ਮ੍ਰਿਤਕ ਆਪਣੇ ਦੋਸਤਾਂ ਨਾਲ ਇਕ ਵਿਆਹ ਸਮਾਗਮ ’ਚ ਜਾਣ ਬਾਰੇ ਕਹਿ ਕੇ ਘਰੋਂ ਗਿਆ ਸੀ। ਉਹ ਵਿਆਹ ’ਚ ਵੀ ਪਹੁੰਚਿਆ, ਜਿਥੇ ਦੋਸਤਾਂ ਨਾਲ ਸ਼ਰਾਬ ਵੀ ਪੀਤੀ ਤੇ ਫਿਰ ਕਾਰ ’ਚ ਬੈਠ ਕੇ ਸ਼ਹਿਰ ’ਚ ਵੀ ਘੁੰਮਦਾ ਰਿਹਾ ਤੇ ਅੰਤ ਮਹਿਣਾ ਚੌਕ ’ਚ ਪਹੁੰਚ ਗਿਆ। ਜਿਥੇ ਉਸ ਦਾ ਸਾਹਮਣਾ ਵਿਰੋਧੀ ਧਿਰ ਲਲਿਤ ਕੁਮਾਰ ਲੱਲੀ ਨਾਲ ਹੋ ਗਿਆ ਤੇ ਦੋਵਾਂ ਵਿਚਕਾਰ ਤਕਰਾਰ ਹੋ ਗਈ। ਲੱਲੀ ਨੇ ਉਕਤ ਨੂੰ ਡਰਾਉਣ ਲਈ ਪਿਸਤੌਲ ਕੱਢੀ ਤੇ ਹਵਾਈ ਫਾਇਰ ਕੀਤਾ। ਉਸ ਸਮੇਂ ਤਿੰਨ ਗੋਲੀਆਂ ਚੱਲੀਆਂ, ਪਰ ਪੁਲਸ ਨੇ ਦੋ ਗੋਲੀਆਂ ਦਾ ਜ਼ਿਕਰ ਕੀਤਾ ਹੈ। ਇਕ ਗੋਲੀ ਹਵਾ ’ਚ ਚਲਾਈ, ਦੂਸਰੀ ਜ਼ਮੀਨ ’ਤੇ ਤੇ ਤੀਸਰੀ ਗੋਲੀ ਰਮਨਿੰਦਰ ਸਿੰਘ ਦੇ ਪੇਟ ’ਚ ਮਾਰ ਦਿੱਤੀ। ਗੋਲੀ ਲੱਗਣ ਨਾਲ ਉਹ ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗ ਪਿਆ, ਜਿਸ ਨੂੰ ਉਸ ਦੇ ਦੋਸਤਾਂ ਨੇ ਤੁਰੰਤ ਮੈਕਸ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮਾਨਸਾ ਰੋਡ ’ਤੇ ਸਥਿਤ ਇਕ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੋਤਵਾਲੀ ਪੁਲਸ ਨੂੰ ਤਾਏ ਗੁਰਨੈਲ ਸਿੰਘ ਨੇ ਬਿਆਨ ਦਿੱਤਾ ਕਿ ਸ਼ਨੀਵਾਰ ਦੀ ਰਾਤ ਨੂੰ ਰਮਨਿੰਦਰ ਸਿੰਘ ਦੋ ਦੋਸਤਾਂ ਦੀਪਾਂਸ਼ੂ ਤੇ ਗੁਰਨੂਰ ਨਾਲ ਉਨ੍ਹਾਂ ਦੀ ਸਵਿਫਟ ਕਾਰ ’ਚ ਗਿਆ ਸੀ। ਦੇਰ ਰਾਤ ਤੱਕ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਹ ਉਸ ਦੇ ਦੋਸਤ ਲਖਵੀਰ ਪਾਲ ਵਾਸੀ ਪਰਸ ਰਾਮ ਨਗਰ ਨੂੰ ਲੈ ਕੇ ਉਕਤ ਦੀ ਤਲਾਸ਼ ਵਿਚ ਨਿਕਲ ਪਿਆ। ਜਦੋਂ ਉਹ ਮਹਿਣਾ ਚੌਕ ਪਹੁੰਚੇ ਤਾਂ ਉਸ ਦਾ ਭਤੀਜਾ ਲਲਿਤ ਕੁਮਾਰ ਨਾਲ ਬਹਿਸ ਰਿਹਾ ਸੀ। ਮੋਟਰਸਾਈਕਲ ਰਿਪੇਅਰ ਦੇ ਪੈਸਿਆਂ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਇਸੇ ਦੌਰਾਨ ਲਲਿਤ ਕੁਮਾਰ ਨੇ ਪਿਸਤੌਲ ਕੱਢ ਕੇ ਹਵਾਈ ਫਾਇਰ ਕੀਤਾ ਅਤੇ ਫਿਰ ਉਸ ਦੇ ਪੇਟ ’ਚ ਗੋਲੀ ਮਾਰ ਦਿੱਤੀ। ਤਾਏ ਅਨੁਸਾਰ ਜਦੋਂ ਉਸ ਨੇ ਉਕਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲਲਿਤ ਨੇ ਉਸ ’ਤੇ ਵੀ ਪਿਸਤੌਲ ਤਾਣ ਦਿੱਤੀ ਸੀ। ਗੋਲੀ ਲੱਗਣ ਤੋਂ ਬਾਅਦ ਰਮਨਿੰਦਰ ਸਿੰਘ ਨੂੰ ਜ਼ਖਮੀ ਹਾਲਤ ’ਚ ਮੈਕਸ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਸ ਨੂੰ ਅੱਗੇ ਇਕ ਹੋਰ ਹਸਪਤਾਲ ’ਚ ਭੇਜ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਕਾਇਤਕਰਤਾ ਨੇ ਪੁਲਸ ਕੋਲ ਸ਼ੱਕ ਪ੍ਰਗਟਾਇਆ ਹੈ ਕਿ ਹੱਤਿਆ ’ਚ ਕੁਝ ਹੋਰ ਲੋਕਾਂ ਦਾ ਵੀ ਹੱਥ ਹੈ, ਜਿਸ ਦੀ ਪੁਲਸ ਜਾਂਚ ਕਰੇ।

ਫੋਟੋ - http://v.duta.us/eqsOkQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/c2dE8wAA

📲 Get Bhatinda-Mansa News on Whatsapp 💬