[gurdaspur] - ਰਾਤ ਦੇ ਹਨੇਰੇ ਦੌਰਾਨ ਨਹਿਰ ’ਚ ਜਾ ਡਿੱਗੀ ਗੰਨੇ ਨਾਲ ਭਰੀ ਟਰੈਕਟਰ-ਟਰਾਲੀ, ਚਾਲਕ ਦੀ ਮੌਤ

  |   Gurdaspurnews

ਗੁਰਦਾਸਪੁਰ (ਹਰਮਨਪ੍ਰੀਤ)-ਅੱਜ ਸ਼ਾਮ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ’ਤੇ ਪਿੰਡ ਤੁਗਲਵਾਲ ਅੱਡੇ ’ਤੇ ਅੱਪਰਬਾਰੀ ਦੁਆਬ ਨਹਿਰ ਦੀ ਸਭਰਾਉਂ ਬਰਾਂਚ ਵਿਚ ਇਕ ਗੰਨੇ ਦੀ ਭਰੀ ਟਰੈਕਟਰ-ਟਰਾਲੀ ਦੇ ਡਿੱਗ ਜਾਣ ਕਾਰਨ ਚਾਲਕ ਦੀ ਮੌਤ ਹੋ ਗਈ। ਇਹ ਘਟਨਾ ਵਾਪਰਨ ਦੇ ਬਾਅਦ ਪੁਲਸ ਅਤੇ ਸਥਾਨਕ ਲੋਕਾਂ ਨੇ ਰਾਤ ਦਾ ਹਨੇਰਾ ਹੋਣ ਦੇ ਬਾਵਜੂਦ ਟਰੈਕਟਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਜੇ. ਸੀ. ਬੀ. ਦੀ ਮਦਦ ਨਾਲ ਗੰਨੇ ਨੂੰ ਹਟਾ ਕੇ ਚਾਲਕ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਕੱਤਰ ਜਾਣਕਾਰੀ ਅਨੁਸਾਰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਨੌਸ਼ਹਿਰਾ ਪੱਤਣ ਦਾ ਵਸਨੀਕ ਲਛਮਣ ਸਿੰਘ ਪੁੱਤਰ ਨਰਿੰਜਣ ਸਿੰਘ ਆਪਣੇ ਪਿੰਡ ਤੋਂ ਗੰਨੇ ਦੀ ਟਰਾਲੀ ਲੈ ਕੇ ਵਾਇਆ ਪੁਰਾਣਾਸ਼ਾਲਾ ਅਤੇ ਕਾਹਨੂੰਵਾਨ ਹੁੰਦੇ ਹੋਏ ਕੀਡ਼ੀ ਖੰਡ ਮਿੱਲ ਵਿਚ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਤੁਗਲਵਾਲ ਵਿਖੇ ਨਹਿਰ ਦੇ ਪੁਲ ’ਤੇ ਪਹੁੰਚਾ ਤਾਂ ਟਰੈਕਟਰ-ਟਰਾਲੀ ਨਹਿਰ ਵਿਚ ਡਿੱਗ ਗਈ। ਨਹਿਰ ਵਿਚ ਪਾਣੀ ਤਾਂ ਨਹੀਂ ਆ ਰਿਹਾ ਸੀ ਪਰ ਇਹ ਹਾਦਸਾ ਇੰਨਾ ਮੰਦਭਾਗਾ ਸੀ ਕਿ ਨਹਿਰ ਵਿਚ ਡਿੱਗਦੇ ਹੀ ਸਾਰਾ ਗੰਨਾ ਟਰੈਕਟਰ ਅਤੇ ਚਾਲਕ ਉਪਰ ਡਿੱਗ ਪਿਆ ਅਤੇ ਗੰਨੇ ਹੇਠਾਂ ਦੱਬ ਜਾਣ ਕਾਰਨ ਸਥਾਨਕ ਲੋਕਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਤੁਰੰਤ ਗੰਨੇ ਹੇਠੋਂ ਕੱਢਿਆ ਨਹੀਂ ਜਾ ਸਕਿਆ। ਇਸ ਉਪਰੰਤ ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਅਤੇ ਤੁਗਲਵਾਲ ਪੁਲਸ ਚੌਕੀ ਇੰਚਾਰਜ ਮੇਜਰ ਸਿੰਘ ਨੇ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਜੇ. ਸੀ. ਬੀ. ਨੂੰ ਨਹਿਰ ਵਿਚ ਉਤਾਰ ਕੇ ਸਾਰਾ ਗੰਨਾ ਪਾਸੇ ਹਟਾਇਆ ਪਰ ਇਸ ਤੋਂ ਪਹਿਲਾਂ ਹੀ ਚਾਲਕ ਦੀ ਮੌਤ ਹੋ ਚੁੱਕੀ ਸੀ। ਟੁੱਟੀ ਹੋਈ ਰੇਲਿੰਗ ਲਗਾਉਣ ਦੀ ਕਈ ਵਾਰ ਮੰਗ ਕਰ ਚੁੱਕੇ ਸਨ ਲੋਕ ਇਸ ਪੁਲ ਦੀ ਰੇਲਿੰਗ ਟੁੱਟ ਕੇ ਤਕਰੀਬਨ ਖਤਮ ਹੋਣ ਕਿਨਾਰੇ ਸੀ, ਜਿਸ ਸਬੰਧੀ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਇਸ ਰੇਲਿੰਗ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਜਾ ਚੁੱਕੀ ਸੀ ਪਰ ਇਸ ਦੇ ਬਾਵਜੂਦ ਰੇਲਿੰਗ ਨੂੰ ਠੀਕ ਕਰਨ ਲਈ ਕਿਸੇ ਨੇ ਕੋਈ ਦਿਲਸਚਪੀ ਨਹੀਂ ਦਿਖਾਈ। ਇਸ ਕਾਰਨ ਕਈ ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਦੇ ਹਾਦਸੇ ਦਾ ਕਾਰਨ ਵੀ ਰੇਲਿੰਗ ਨਾ ਹੋਣਾ ਮੰਨਿਆ ਜਾ ਰਿਹਾ ਹੈ।

ਫੋਟੋ - http://v.duta.us/0ZreIQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sKufcQAA

📲 Get Gurdaspur News on Whatsapp 💬